Punjab
ਮੋਗਾ ‘ਚ ਹਥਿਆਰਾਂ ਦੀ ਪ੍ਰਦਰਸ਼ਨੀ ਤੇ ਵੜਿੰਗ ਨੇ ‘ਆਪ’ ਸਰਕਾਰ ‘ਤੇ ਵਿਅੰਗ ਕਸੇ
ਚੰਡੀਗੜ੍ਹ:
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ੁੱਕਰਵਾਰ ਨੂੰ ਮੋਗਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਥਿਆਰਾਂ ਦੀ ਖੁੱਲ੍ਹੇਆਮ ਪ੍ਰਦਰਸ਼ਨੀ ਅਤੇ ਉਨ੍ਹਾਂ ਨਾਲ ਸਬੰਧਤ ਗੀਤਾਂ ‘ਤੇ ਪਾਬੰਦੀ ਦੇ ਬਾਵਜੂਦ ਕੁਝ ਲੋਕਾਂ ਵੱਲੋਂ ਬੰਦੂਕਾਂ ਦੀ ਖੁਲ੍ਹੇ ਪ੍ਰਦਰਸ਼ਨ ‘ਤੇ ਚੁਟਕੀ ਲਈ ਹੈ।ਵੜਿੰਗ ਨੇ ਮੋਗਾ ਵਿੱਚ ਕੁਝ ਹਥਿਆਰਬੰਦ ਵਿਅਕਤੀਆਂ ਵੱਲੋਂ ਕੀਤੇ ਗਏ ਮਾਰਚ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਬੰਦਿਆਂ ਨੇ ਪਾਬੰਦੀ ਦੇ 5 ਦਿਨਾਂ ਅੰਦਰ ਹੀ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ।’ਆਪ’ ਸਰਕਾਰ ਦੀ ਭਰੋਸੇਯੋਗਤਾ ‘ਤੇ ਸਵਾਲ ਉਠਾਉਂਦੇ ਹੋਏ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸਨੇ ਆਪਣਾ ਅਧਿਕਾਰ ਪੂਰੀ ਤਰ੍ਹਾਂ ਗੁਆ ਲਏ ਹਨ, ਜੋਜਿਸਦਾ ਸਬੂਤ ਉਸਦੀ ਪਾਬੰਦੀ ਨਾਲ ਕੀਤੇ ਜਾ ਰਹੇ ਵਤੀਰੇ ਤੋਂ ਮਿਲਦਾ ਹੈ।
ਇੱਕ ਟਵੀਟ ਰਾਹੀਂ ਵੜਿੰਗ ਨੇ ਸਵਾਲ ਕੀਤਾ ਹੈ ਕਿ ਕੀ ਪੰਜਾਬ ਸਰਕਾਰ ਦੀ ਮਰਜ਼ੀ ਸੂਬੇ ਵਿੱਚ ਕਿਤੇ ਵੀ ਚੱਲਦੀ ਹੈ। ਲੋਕ ਖੁੱਲ੍ਹੇਆਮ ਇਸ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ ਅਤੇ ਇਹ ਪੂਰੀ ਤਰ੍ਹਾਂ ਬੇਵੱਸ ਨਜ਼ਰ ਆ ਰਹੀ ਹੈ।ਵੜਿੰਗ ਨੇ ਕਿਹਾ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਗਈ ਹੈ, ਜਦਕਿ ‘ਆਪ’ ਲੀਡਰਸ਼ਿਪ ਗੁਜਰਾਤ ਚੋਣਾਂ ਵਿੱਚ ਰੁੱਝੀ ਹੋਈ ਹੈ। ਉਨ੍ਹਾਂ ਨੇ ਸਥਿਤੀ ਨੂੰ ਹਲਕੇ ਵਿੱਚ ਲੈਣ ਤੋਂ ਸੁਚੇਤ ਕਰਦਿਆਂ ਕਿਹਾ ਕਿ ਸ਼ਾਇਦ ਬਹੁਤੀ ਦੇਰ ਨਾ ਹੋ ਜਾਵੇ ਅਤੇ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।