Punjab
ਸ਼ਹੀਦ ਊਧਮ ਸਿੰਘ ਦਾ ਜਨਮ ਕਦੋਂ ਹੋਇਆ ‘ਤੇ ਇਹ ਕੌਣ ਸਨ

ਸ਼ਹੀਦ ਊਧਮ ਸਿੰਘ (26 ਦਸੰਬਰ 1899 – 31 ਜੁਲਾਈ 1940) ਦਾ ਨਾਂ ਪੰਜਾਬ ਦੇ ਚੋਟੀ ਦੇ ਸਿੱਖ ਸ਼ਹੀਦਾਂ ਵਿੱਚ ਸ਼ੁਮਾਰ ਹੁੰਦਾ ਹੈ। ਸ਼ਹੀਦ ਊਧਮ ਸਿੰਘ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਵਿਖੇ ਹੋਇਆ। ਊਧਮ ਸਿੰਘ ਕੰਬੋਜ ਕੌਮ ਨਾਲ ਸਬੰਧ ਰੱਖਦਾ ਸੀ। ਉਸਨੇ ਇਹੀ ਨਾਂ ‘ਕਤਲ ਕੇਸ’ ਸਮੇਂ ਕਚਿਹਰੀ ਵਿੱਚ ਦੱਸਿਆ ਸੀ। ਉਸ ਨੇ ਅੰਗਰੇਜ਼ੀ ਹਕੂਮਤ ਦੇ ਅਹਿਲਕਾਰ ਮਾਈਕਲ ਉਡਵਾਇਰ ਵੱਲੋਂ ਸੰਨ 1919 ਦੀ ਵਿਸਾਖੀ ਵਾਲੇ ਦਿਨ ਨਿਹੱਥੇ ਅਤੇ ਬੇਕਸੂਰ ਪੰਜਾਬੀਆਂ ਨੂੰ ਜਾਨੋਂ ਮਾਰ ਦੇਣ ਦੀ ਕਾਰਵਾਈ ਦਾ ਬਦਲਾ ਲੈਣ ਦੀ ਚਿੰਗਾਰੀ ਆਪਣੇ ਮਨ ਵਿੱਚੋਂ 20 ਸਾਲਾਂ ਤਕ ਬੁਝਣ ਨਹੀਂ ਦਿੱਤੀ।ਇੰਨਾ ਲੰਮਾ ਸਮਾਂ ਇਨਕਲਾਬੀ ਮਸ਼ਾਲ ਨੂੰ ਆਪਣੇ ਮਨ ਵਿੱਚ ਬਲਦਾ ਰੱਖਣਾ ਇੱਕ ਵਿਲੱਖਣ ਇਤਿਹਾਸਕ ਉਦਾਹਰਨ ਹੈ। ਇਸ ਗੱਲ ਤੋਂ ਜ਼ਾਲਿਮ ਹਕੂਮਤਾਂ ਨੂੰ ਇਹ ਸਬਕ ਸਿੱਖ ਲੈਣਾ ਚਾਹੀਦਾ ਹੈ ਕਿ ਸਿੱਖ ਦੁਸ਼ਟਾਂ ਨੂੰ ਕਦੀ ਬਖਸ਼ਦੇ ਨਹੀਂ

ਜਲ੍ਹਿਆਂਵਾਲੇ ਬਾਗ ਦਾ ਸਾਕਾ
13 ਮਾਰਚ 1940 ਨੂੰ ਈਸਟ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ 10 ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ, ਜਿੱਥੇ ਜਲ੍ਹਿਆਂਵਾਲੇ ਬਾਗ ਦੇ ਘਿਨੌਣੇ ਸਾਕੇ ਦਾ ਦੋਸ਼ੀ ਮਾਈਕਲ ਉਡਵਾਇਰ ਬੁਲਾਰੇ ਵਜੋਂ ਭਾਸ਼ਣ ਦੇ ਰਿਹਾ ਸੀ। ਸ਼ਹੀਦ ਊਧਮ ਸਿੰਘ ਨੇ ਆਪਣੇ ਨਾਲ ਛੁਪਾ ਕੇ ਰੱਖੀ ਹੋਈ ਰਿਵਾਲਵਰ ਨਾਲ ਉਸ ਨੂੰ ਮਾਰ ਮੁਕਾਇਆ। ਸ਼ਹੀਦ ਊਧਮ ਸਿੰਘ ਵੱਲੋਂ ਮਾਈਕਲ ਉਡਵਾਇਰ ਦੇ ਕੀਤੇ ਕਤਲ ਨੂੰ ਵਿਸ਼ਵ ਪੱਧਰ ਦੀਆਂ ਅਖ਼ਬਾਰਾਂ ਨੇ ਵੱਖ-ਵੱਖ ਅੰਦਾਜ਼ ਵਿੱਚ ਪ੍ਰਕਾਸ਼ਿਤ ਕੀਤਾ। ਲੰਡਨ ਤੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰ ‘ਦੀ ਟਾਈਮਜ਼ ਆਫ ਲੰਡਨ’ ਨੇ ਸ਼ਹੀਦ ਊਧਮ ਸਿੰਘ ਨੂੰ ‘ਆਜ਼ਾਦੀ ਦਾ ਲੜਾਕਾ’ ਅਤੇ ਉਸ ਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ। ਇਸ ਬਾਰੇ ਜਰਮਨ ਰੇਡੀਓ ਤੋਂ ਵਾਰ-ਵਾਰ ਇਹ ਨਸ਼ਰ ਹੁੰਦਾ ਰਿਹਾ, ‘‘ਹਾਥੀਆਂ ਦੀ ਤਰ੍ਹਾਂ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਦੇ। ਉਹ ਵੀਹ ਸਾਲ ਤੋਂ ਲੰਮੇ ਵਕਫ਼ੇ ਬਾਅਦ ਵੀ ਉਹਨਾਂ ਨੂੰ ਮਾਰ ਮੁਕਾਉਂਦੇ ਹਨ।’’ ਹਾਲਾਂਕਿ ਪੰਡਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਇਸ ਦੀ ਨਿੰਦਾ ਕੀਤੀ। ਕੇਵਲ ਸੁਭਾਸ਼ ਚੰਦਰ ਬੋਸ ਨੇ ਹੀ ਇਸ ਕਾਰਨਾਮੇ ਦੀ ਪ੍ਰਸ਼ੰਸਾ ਕੀਤੀ। ਇਹ ਸੀ ਜੀਲਿਆਂ ਵਾਲੇ ਬਾਗ ਦਾ ਸਾਕਾ।

ਮਾਈਕਲ ਉਡਵਾਇਰ ਦਾ ਕਤਲ
ਊਧਮ ਸਿੰਘ (ਖੱਬਿਓ ਦੂਜਾ) ਮਾਈਕਲ ਉਡਵਾਇਰ ਦੇ ਕਤਲ ਦੇ ਇਲਜ਼ਾਮ ਤੋਂ ਬਾਅਦ ਗ੍ਰਿਫਤਾਰੀ ਸਮੇਂ
ਸ਼ਹੀਦ ਊਧਮ ਸਿੰਘ ਦੀ ਸੂਰਮਗਤੀ ਵਾਲੀ ਦ੍ਰਿੜਤਾ ਇਸ ਗੱਲ ਤੋਂ ਹੋਰ ਵੀ ਪ੍ਰਮਾਣਿਤ ਹੁੰਦੀ ਹੈ ਕਿ ਉਹ ਮਾਈਕਲ ਉਡਵਾਇਰ ਦਾ ਕਤਲ ਕਰਨ ਮਗਰੋਂ ਆਪਣਾ ਜੁਰਮ ਕਬੂਲ ਕਰ ਕੇ ਖ਼ੁਦ ਨੂੰ ਕਾਨੂੰਨ ਦੇ ਹਵਾਲੇ ਕਰ ਦਿੰਦਾ ਹੈ। ਉਹ ਵਾਰਦਾਤ ਤੋਂ ਇੱਕਦਮ ਬਾਅਦ ਉਸ ਨੂੰ ਹਿਰਾਸਤ ਵਿੱਚ ਲੈਣ ਵਾਲੇ ਪੁਲੀਸ ਅਧਿਕਾਰੀਆਂ ਨੂੰ ਪੁੱਛਦਾ ਹੈ ਕਿ ਕੀ ਦੂਜਾ ਦੋਸ਼ੀ ਜੈਟਲੈਂਡ ਵੀ ਮਾਰਿਆ ਗਿਆ ਹੈ? ਉਹ ਵੀ ਮੌਤ ਦਾ ਹੱਕਦਾਰ ਸੀ। ਮੈਂ ਉਸ ਉੱਤੇ ਵੀ ਦੋ ਰੌਂਦ ਦਾਗੇ ਸਨ।

ਕ੍ਰਾਂਤੀਕਾਰੀ ਵਿਚਾਰਧਾਰਾ
ਸ਼ਹੀਦ ਊਧਮ ਸਿੰਘ ਦੇ ਯੋਗਦਾਨ ਨੂੰ ਆਮ ਤੌਰ ’ਤੇ ਮਾਈਕਲ ਉਡਵਾਇਰ ਨੂੰ ਮਾਰ ਕੇ ਬਦਲਾ ਲੈਣ ਵਾਲੇ ਕਾਰਨਾਮੇ ਤਕ ਸੀਮਤ ਕਰ ਕੇ ਵੇਖਿਆ ਜਾਂਦਾ ਹੈ। ਉਸ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਅਣਡਿੱਠ ਕਰ ਦਿੱਤਾ ਜਾਂਦਾ ਹੈ। ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ ਵਾਂਗ ਹੀ ਵਿਚਾਰਧਾਰਕ ਪੱਖੋਂ ਪ੍ਰਪੱਕ ਤੇ ਗਰਮ ਖਿਆਲੀ ਕ੍ਰਾਂਤੀਕਾਰੀ ਸੀ। ਉਹ ਸੰਨ 1924 ਵਿੱਚ ਵਿਦੇਸ਼ੀ ਮੁਲਕਾਂ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੀ ਗ਼ਦਰ ਪਾਰਟੀ ਦੀ ਲਹਿਰ ਵਿੱਚ ਸਰਗਰਮ ਹਿੱਸਾ ਲੈਂਦਾ ਰਿਹਾ। ਉਸ ਦੇ ਭਗਤ ਸਿੰਘ ਨਾਲ ਕਾਫ਼ੀ ਨੇੜਲੇ ਸਬੰਧ ਸਨ ਅਤੇ ਉਹ ਉਸ ਦੇ ਖਿਆਲਾਂ ਤੋਂ ਕਾਫ਼ੀ ਪ੍ਰਭਾਵਿਤ ਸੀ। ਉਹ ਭਗਤ ਸਿੰਘ ਦੇ ਆਦੇਸ਼ ਉੱਤੇ 27 ਜੁਲਾਈ 1927 ਨੂੰ ਭਾਰਤ ਵਾਪਸ ਪਰਤ ਆਇਆ ਸੀ ਅਤੇ ਆਪਣੇ ਨਾਲ 25 ਹੋਰ ਸਾਥੀ, ਕੁਝ ਗੋਲੀ-ਸਿੱਕਾ ਅਤੇ ਅਸਲਾ ਲਿਆਉਣ ’ਚ ਵੀ ਕਾਮਯਾਬ ਹੋ ਗਿਆ ਸੀ। 30 ਅਗਸਤ 1927 ਨੂੰ ਉਸ ਨੂੰ ਪੁਲੀਸ ਵੱਲੋਂ ਗ਼ੈਰ-ਕਾਨੂੰਨੀ ਅਸਲਾ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਨੂੰ 5 ਸਾਲ ਦੀ ਕੈਦ ਹੋ ਗਈ। ਉਹ ਸ਼ਹੀਦ ਭਗਤ ਸਿੰਘ ਨੂੰ 23 ਮਾਰਚ, 1931 ਨੂੰ ਫ਼ਾਂਸੀ ਲੱਗਣ ਵੇਲੇ ਤਕ ਜੇਲ੍ਹ ਵਿੱਚ ਹੀ ਸੀ।

ਆਜ਼ਾਦੀ ਵਿੱਚ ਯੋਗਦਾਨ
ਸ਼ਹੀਦ ਊਧਮ ਸਿੰਘ ਧਰਮ ਨਿਰਪੱਖ ਅਤੇ ਅਗਾਂਹਵਧੂ ਸੋਚ ਦਾ ਮਾਲਕ ਸੀ। ਉਸ ਨੂੰ ਜਦੋਂ ਲੰਡਨ ਦੀ ਅਦਾਲਤ ਵੱਲੋਂ ਉਸ ਦੇ ਨਾਮ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਮ ‘ਮੁਹੰਮਦ ਸਿੰਘ ਆਜ਼ਾਦ’ ਦੱਸਿਆ। ਉਸ ਦਾ ਇਹ ਤਖੱਲਸ ਰੱਖਣਾ ਸਮੂਹ ਧਰਮਾਂ, ਜਾਤਾਂ, ਕਬੀਲਿਆਂ ਨੂੰ ਬਰਾਬਰ ਅਤੇ ਇੱਕੋ ਨਜ਼ਰੀਏ ਨਾਲ ਵੇਖਣ ਅਤੇ ਧਰਮ ਨਿਰਪੱਖਤਾ ਦਾ ਪ੍ਰਤੀਕ ਹੈ। ਪੁਰਾਤਨ ਇਤਿਹਾਸ ਵਿੱਚ ਕੰਬੋਜਾਂ ਨੂੰ ਬਤੌਰ ਜਾਂਬਾਜ਼, ਨਿਪੁੰਨ ਘੁੜ-ਸੈਨਾਨੀ, ਆਹਲਾ ਮਿਆਰ ਦੇ ਪਸ਼ੂ ਪਾਲਕ ਅਤੇ ਫੁੱਲਾਂ, ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਮਾਹਿਰ ਕਿਸਾਨ ਵਜੋਂ ਲਿਖਿਆ ਮਿਲਦਾ ਹੈ। ਇਹ ਲੋਕ ਭਾਵੇਂ ਬਹੁਤ ਸ਼ਾਂਤੀ-ਪਸੰਦ ਦੱਸੇ ਗਏ ਹਨ ਪਰ ਗਿਲਾਨੀ ਭਰੀ ਗੁਲਾਮੀ ਨਾਲ ਜ਼ਿੰਦਗੀ ਜਿਊਣ ਨਾਲੋਂ ਇਹ ਸੂਰਮਗਤੀ ਵਾਲੀ ਮੌਤ ਨੂੰ ਬਿਹਤਰ ਸਮਝਦੇ ਹਨ ਅਤੇ ਆਪਣੇ ਦੁਸ਼ਮਣ ਨੂੰ ਕਦੇ ਮੁਆਫ਼ ਨਾ ਕਰਨ ਵਾਲੇ ਮੰਨੇ ਗਏ ਹਨ। ਇਸ ਭਾਈਚਾਰੇ ’ਚੋਂ ਪੈਦਾ ਹੋਏ ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ ਵਿੱਚ ਮੌਤ ਦੇ ਘਾਟ ਉਤਾਰੇ ਗਏ ਸੈਂਕੜੇ ਭਾਰਤੀ ਲੋਕਾਂ ਦੀ ਸ਼ਹੀਦੀ ਦਾ ਬਦਲਾ 20 ਸਾਲ ਦੇ ਲੰਮੇ ਅਰਸੇ ਬਾਅਦ ਲੈ ਕੇ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਇਆ। ਪਹਿਲੀ ਅਪਰੈਲ 1940 ਨੂੰ ਊਧਮ ਸਿੰਘ ਨੂੰ ਲੰਡਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਚਾਰ ਜੂਨ 1940 ਨੂੰ ਪੇਸ਼ੀ ਸਮੇਂ ਜਦੋਂ ਜੱਜ ਨੇ ਉਸ ਨੂੰ ਮਾਈਕਲ ਉਡਵਾਇਰ ਨੂੰ ਮਾਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ ਸੀ ਕਿ ਉਹ ਸਾਡਾ ਪੁਰਾਣਾ ਦੁਸ਼ਮਣ ਸੀ ਅਤੇ ਉਹ ਇਸ ਸਜ਼ਾ ਦਾ ਹੱਕਦਾਰ ਸੀ। ਜੱਜ ਨੇ ਊਧਮ ਸਿੰਘ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। 31 ਜੁਲਾਈ 1940 ਨੂੰ ਭਾਰਤ ਦੇ ਇਸ ਮਹਾਨ ਸਪੂਤ ਨੂੰ ਪੈਟੋਨਵਿਲੇ ਜੇਲ੍ਹ ਲੰਡਨ ਵਿੱਚ ਫ਼ਾਂਸੀ ਦੇ ਦਿੱਤੀ ਗਈ ਅਤੇ ਉਸ ਦੀ ਦੇਹ ਨੂੰ ਜੇਲ੍ਹ ਵਿੱਚ ਹੀ ਦਬਾ ਦਿੱਤਾ ਗਿਆ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੇ ਯਤਨਾਂ ਸਦਕਾ 31 ਜੁਲਾਈ 1974 ਨੂੰ ਇੰਗਲੈਂਡ ਨੇ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਨੂੰ ਸੌਂਪੀਆਂ ਅਤੇ ਸਸਕਾਰ ਸੁਨਾਮ ਵਿਖੇ ਕੀਤਾ ਗਿਆ

ਗ਼ਦਰ ਪਾਰਟੀ ਨਾਲ ਸਬੰਧ
ਜਦੋਂ ਊਧਮ ਸਿੰਘ ਅਮਰੀਕਾ ਗਿਆ ਤਾਂ ਉਸ ਵੇਲੇ ਉਹ ਗ਼ਦਰ ਪਾਰਟੀ ਦੇ ਪ੍ਰਭਾਵ ਹੇਠ ਆ ਗਿਆ। ਉਹ 27 ਜੁਲਾਈ 1927 ਨੂੰ ਜਹਾਜ਼ ਰਾਹੀਂ ਅਮਰੀਕਾ ਤੋਂ ਕਰਾਚੀ ਆਇਆ। ਕਰਾਚੀ ਵਿੱਚ ਉਸ ਕੋਲੋਂ ਗ਼ਦਰ ਪਾਰਟੀ ਦਾ ਸਾਹਿਤ ਫੜੇ ਜਾਣ ’ਤੇ ਉਸ ਨੂੰ ਜੁਰਮਾਨਾ ਹੋਇਆ। ਹੋਮ ਵਿਭਾਗ, ਭਾਰਤ ਸਰਕਾਰ ਵੱਲੋਂ ਸਾਲ 1934 ਵਿੱਚ ਗ਼ਦਰ ਡਾਇਰੈਕਟਰੀ ਵਿੱਚ ਊਧਮ ਸਿੰਘ ਦਾ ਨਾਂ ਐਸ 44 (ਪੰਨਾ 267) ’ਤੇ ਦਰਜ ਹੈ। ਉਸ ਕੋਲੋਂ ਦੋ ਰਿਵਾਲਵਰ, ਇੱਕ ਪਿਸਤੌਲ ਅਤੇ ਗ਼ਦਰ ਦੀ ਗੂੰਜ ਦੀਆਂ ਕੁਝ ਕਾਪੀਆਂ ਬਰਾਮਦ ਹੋਈਆਂ। ਉਸ ’ਤੇ ਆਰਮਜ਼ ਐਕਟ ਦੇ ਸੈਕਸ਼ਨ 20 ਤਹਿਤ ਮੁਕੱਦਮਾ ਚੱਲਿਆ ਅਤੇ ਉਸ ਨੂੰ ਪੰਜ ਸਾਲ ਦੀ ਸਖ਼ਤ ਸਜ਼ਾ ਹੋਈ। 11 ਅਕਤੂਬਰ 1934 ਦੀ ਗੁਪਤ ਰਿਪੋਰਟ ਮੁਤਾਬਕ ਊਧਮ ਸਿੰਘ ਦਾ ਅਸਲੀ ਨਾਂ ਉਦੇ ਸਿੰਘ ਹੈ। ਇਸ ਦਾ ਬੁਰਾ ਰਿਕਾਰਡ ਹੈ। ‘ਹਿੰਦੋਸਤਾਨ ਗ਼ਦਰ’ ਅਖ਼ਬਾਰ ਦੀ ਹੁਣ ਵਾਲੀ ਪੋਸਟਿੰਗ ਪਤੇ ਵਾਲੀ ਲਿਸਟ ’ਚ ਇੱਕ ਨਾਮ ਯੂ.ਐੱਸ. ਸਿੰਘ, ਪੰਜਾਬੀ ਹਾਊਸ, 15 ਆਰਟਿਲਰੀ ਪਾਸੇਜ਼ ਈ1 ਹੈ। ਇਹ ਮੰਨਿਆ ਜਾਂਦਾ ਹੈ ਕਿ ਯੂ.ਐੱਸ. ਆਜ਼ਾਦ, ਊਧਮ ਸਿੰਘ ਦੀ ਪਛਾਣ ਹੈ। ਊਧਮ ਸਿੰਘ ਨੇ ਜੇਲ੍ਹ ’ਚੋਂ 21 ਮਾਰਚ 1940 ਨੂੰ ਇੱਕ ਪੱਤਰ ਗ੍ਰੰਥੀ ਸਾਹਿਬ ਸਿੱਖ ਗੁਰਦੁਆਰਾ ਸਟਾਕਟਨ, ਕੈਲੀਫੋਰਨੀਆ ਦੇ ਪਤੇ ’ਤੇ ਭੇਜਿਆ ਜਿਸ ਵਿੱਚ ਉਹ ਕੁਝ ਸਮਝਾ ਰਿਹਾ ਸੀ। ਊਧਮ ਸਿੰਘ ਦੇ ਮੁਕੱਦਮੇ ਦੌਰਾਨ ਵੀ ਗ਼ਦਰ ਪਾਰਟੀ ਹਰ ਤਰ੍ਹਾਂ ਸਹਾਇਤਾ ਕਰ ਰਹੀ ਸੀ। ਸਟਾਕਟਨ ਦੇ ਗੁਰਦੁਆਰੇ ਦਾ ਸਕੱਤਰ ਅਜਮੇਰ ਸਿੰਘ ਲਗਾਤਾਰ ਟੈਲੀਗਰਾਮ ਰਾਹੀਂ ਇੰਗਲੈਂਡ ਤੋਂ ਮੁਕੱਦਮੇ ਦੀ ਪੈਰਵਾਈ ਕਰਨ ਵਾਲਿਆਂ ਤੋਂ ਪੁੱਛ ਰਿਹਾ ਸੀ ਕਿ ਕਾਨੂੰਨੀ ਪੱਖ ਤੋਂ ਆਜ਼ਾਦ ਦੇ ਬਚਾਉ ’ਚ ਕੀ ਕੀਤਾ ਜਾ ਰਿਹਾ ਹੈ। ਉਹਨਾਂ ਨੇ ਮੁਕੱਦਮੇ ਲਈ ਪੈਸੇ ਵੀ ਭੇਜੇ। ਇੰਟੈਲੀਜੈਂਸ ਬਿਊਰੋ ਦੀ ਡਾਇਰੈਕਟਰੀ 1934 ਅਨੁਸਾਰ ਅਜਮੇਰ ਸਿੰਘ ਗ਼ਦਰ ਪਾਰਟੀ ਦਾ ਇੱਕ ਸਰਗਰਮ ਮੈਂਬਰ ਸੀ। ਇਹ ਹੁਸ਼ਿਆਰਪੁਰ ਦੇ ਮਹਿਲਪੁਰ ਦਾ ਰਹਿਣ ਵਾਲਾ ਸੀ। ਉਹ ਸਾਲ 1911 ’ਚ ਅਮਰੀਕਾ ਗਿਆ। ਇਸ ਦਾ ਨਾਂ ਡਾਇਰੈਕਟਰੀ ’ਚ ਪੰਨਾ 12 ’ਤੇ ਦਰਜ ਹੈ।
ਕੁਰਬਾਨੀ ਉੱਤੇ ਮਾਣ
ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਉੱਤੇ ਜਿੱਥੇ ਸਾਰੇ ਦੇਸ਼ਵਾਸੀ ਮਾਣ ਮਹਿਸੂਸ ਕਰਦੇ ਹਨ ਆਪਣੇ ਸਪੂਤ ਦੀ ਵਿਲੱਖਣ ਸੂਰਮਗਤੀ ਭਰਪੂਰ ਕੁਰਬਾਨੀ ਸਦਕਾ ਖ਼ੁਦ ਨੂੰ ਵਿਸ਼ੇਸ਼ ਰੂਪ ਵਿੱਚ ਮਾਣਮੱਤਾ ਮਹਿਸੂਸ ਕਰਦਾ ਹੈ। ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਸਦੀਆਂ ਤਕ ਭਾਰਤੀ ਲੋਕਾਂ ਨੂੰ ਦੇਸ਼ ਪਿਆਰ ਅਤੇ ਦੇਸ਼ ਲਈ ਕੁਰਬਾਨ ਹੋਣ ਦੀ ਪ੍ਰੇਰਨਾ ਦਿੰਦੀ ਰਹੇਗੀ। ਤੇ ਸਾਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਜੀਵਨ ਤਬਦੀਲ ਕਰਨਾ ਹੀ ਉਹਨਾਂ ਦੀ ਕੁਰਬਾਨੀ ਉਤੇ ਮਾਣ ਹੋਵੇਗਾ।

ਸ਼ਹੀਦ ਊਧਮ ਸਿੰਘ ਦਾ ਅਦਾਲਤੀ ਬਿਆਨ
ਸ਼ਹੀਦ ਊਧਮ ਸਿੰਘ ਦਾ ਹਵਾਲੇ ਵਿਚਲਾ ਬਿਆਨ ਸ਼ਹੀਦ ਭਗਤ ਸਿੰਘ ਅਤੇ ਬੀ.ਕੇ. ਦੱਤ ਦੇ ਦਿੱਲੀ ਦੀ ਅਦਾਲਤ ’ਚ ਦਿੱਤੇ ਬਿਆਨ ਤੋਂ ਗਿਆਰਾਂ ਵਰ੍ਹਿਆਂ ਪਿੱਛੋਂ 5-6 ਜੂਨ 1940 ਨੂੰ ਹੋਇਆ ਸੀ। ਜੱਜ ਨੇ ਮੁਕੱਦਮੇ ਦੀ ਸੁਣਵਾਈ ਨਿਬੜਣ ਵੇਲੇ ਸ਼ਹੀਦ ਨੂੰ ‘ਆਖ਼ਰੀ’ ਸਵਾਲ ਕੀਤਾ: ਕੀ ਤੂੰ ਆਪਣੀ ਸਜ਼ਾ ਬਾਰੇ ਜੋ ਕਿ ਕਾਨੂੰਨ ਅਨੁਸਾਰ ਤੈਨੂੰ ਦਿੱਤੀ ਜਾ ਸਕਦੀ ਹੈ, ਕੁਝ ਕਹਿਣਾ ਹੈ? ਇਸ ਮਗਰੋਂ ਦਿੱਤਾ ਗਿਆ ਬਿਆਨ ਤੇ ਅਦਾਲਤ ਵਿੱਚ ਹੋਈ ਵਾਰਤਾਲਾਪ ਮੌਲਿਕ ਰੂਪ ਵਿੱਚ ਅੰਗਰੇਜ਼ੀ ਵਿੱਚ ਸੀ।