World
ਰੂਸ ਤੋਂ ਹਥਿਆਰ ਖਰੀਦਣ ‘ਚ ਭਾਰਤ ਪਹਿਲੇ ਨੰਬਰ ‘ਤੇ : 5 ਸਾਲਾਂ ‘ਚ 1 ਲੱਖ ਕਰੋੜ ਦੇ ਖਰੀਦੇ ਹਥਿਆਰ

ਰੂਸ ਤੋਂ ਹਥਿਆਰ ਖਰੀਦਣ ਦੇ ਮਾਮਲੇ ‘ਚ ਭਾਰਤ ਪੂਰੀ ਦੁਨੀਆ ‘ਚ ਪਹਿਲੇ ਨੰਬਰ ‘ਤੇ ਹੈ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਐਤਵਾਰ ਨੂੰ ਇਹ ਦਾਅਵਾ ਕੀਤਾ ਹੈ।
ਏਜੰਸੀ ਮੁਤਾਬਕ ਪਿਛਲੇ 5 ਸਾਲਾਂ ‘ਚ ਰੂਸ ਨੇ ਭਾਰਤ ਨੂੰ ਕਰੀਬ 13 ਅਰਬ ਡਾਲਰ ਯਾਨੀ 1 ਲੱਖ ਕਰੋੜ ਰੁਪਏ ਦੇ ਹਥਿਆਰਾਂ ਦੀ ਸਪਲਾਈ ਕੀਤੀ ਹੈ। ਭਾਰਤ ਨੇ ਇਸ ਦੌਰਾਨ ਰੂਸ ਤੋਂ 10 ਬਿਲੀਅਨ ਡਾਲਰ ਦੇ ਹਥਿਆਰ ਮੰਗੇ ਸਨ।
ਰੂਸ ਤੋਂ ਹਥਿਆਰ ਖਰੀਦਣ ਦੇ ਮਾਮਲੇ ‘ਚ ਵਿਦੇਸ਼ ਮੰਤਰੀ ਦੇ ਬਿਆਨ ਤੋਂ ਭਾਰਤ ਦਾ ਸਟੈਂਡ ਸਮਝੋ
ਸਮੇਂ-ਸਮੇਂ ‘ਤੇ ਪੱਛਮੀ ਦੇਸ਼ ਭਾਰਤ ‘ਤੇ ਰੂਸ ਤੋਂ ਤੇਲ ਅਤੇ ਹਥਿਆਰ ਨਾ ਖਰੀਦਣ ਲਈ ਦਬਾਅ ਪਾਉਂਦੇ ਰਹੇ ਹਨ। ਪਿਛਲੇ ਸਾਲ ਅਕਤੂਬਰ ‘ਚ ਦੇਸ਼ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੇਨੀ ਵੋਂਗ ਨਾਲ ਪ੍ਰੈੱਸ ਕਾਨਫਰੰਸ ਕਰ ਰਹੇ ਸਨ। ਇਕ ਆਸਟ੍ਰੇਲੀਆਈ ਪੱਤਰਕਾਰ ਨੇ ਉਨ੍ਹਾਂ ਨੂੰ ਹਥਿਆਰ ਖਰੀਦਣ ਦੇ ਮਾਮਲੇ ‘ਚ ਰੂਸ ‘ਤੇ ਨਿਰਭਰਤਾ ਘੱਟ ਕਰਨ ਬਾਰੇ ਸਵਾਲ ਪੁੱਛਿਆ। ਇਸ ਦਾ ਵਿਦੇਸ਼ ਮੰਤਰੀ ਨੇ ਸਖ਼ਤ ਜਵਾਬ ਦਿੱਤਾ।
ਉਨ੍ਹਾਂ ਕਿਹਾ ਕਿ ਭਾਰਤ ਅਤੇ ਰੂਸ ਦੀ ਸਾਲਾਂ ਦੀ ਸਾਂਝੇਦਾਰੀ ਹੈ। ਭਾਰਤ ਨੂੰ ਇਸ ਦਾ ਕਾਫੀ ਫਾਇਦਾ ਹੋਇਆ ਹੈ। ਰੂਸ ਨੇ ਸਾਨੂੰ ਉਦੋਂ ਹਥਿਆਰਾਂ ਦੀ ਸਪਲਾਈ ਕੀਤੀ ਜਦੋਂ ਪੱਛਮੀ ਦੇਸ਼ ਪਾਕਿਸਤਾਨ ਵਰਗੇ ਫੌਜੀ ਤਾਨਾਸ਼ਾਹੀ ਦਾ ਸਮਰਥਨ ਕਰ ਰਹੇ ਸਨ। ਭਾਰਤ ਕਿਸੇ ਦੇ ਦਬਾਅ ‘ਚ ਨਹੀਂ ਆਵੇਗਾ, ਸਗੋਂ ਆਪਣੇ ਹਿੱਤਾਂ ਦੇ ਮੱਦੇਨਜ਼ਰ ਫੈਸਲੇ ਲਵੇਗਾ।