Punjab
ਟੈਟੂ ਬਣਾਉਣਾ ਸਿੱਖ ਰਿਹਾ ਸੀ ਨੌਜਵਾਨ ਪ੍ਰਦੀਪ ਸਿੰਘ,ਫੌਜੀ ਪਰਿਵਾਰ ਨਾਲ ਰੱਖਦਾ ਸੀ ਸਬੰਧ
ਬੀਤੇ ਮੰਗਲਵਾਰ ਨੂੰ ਐਨਆਰਆਈ ਨੌਜਵਾਨ ਪ੍ਰਦੀਪ ਸਿੰਘ (24) ‘ਤੇ ਪੰਜਾਬ ਦੇ ਆਨੰਦਪੁਰ ਸਾਹਿਬ ‘ਚ ਕੁਝ ਲੋਕਾਂ ਨੇ ਤਲਵਾਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ। ਪ੍ਰਦੀਪ ਜਨਵਰੀ ‘ਚ ਹੀ ਵਾਪਸ ਕੈਨੇਡਾ ਚਲਾ ਗਿਆ ਸੀ ਪਰ ਉਸ ਦਾ ਫਰਵਰੀ ‘ਚ ਪਟਨਾ ਸਾਹਿਬ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ। ਇਸ ਤੋਂ ਬਾਅਦ ਉਸ ਦਾ ਦੋਸਤ ਵੀ ਬੀਤੀ ਫਰਵਰੀ ਵਿਚ ਭਾਰਤ ਆਇਆ ਸੀ ਅਤੇ ਉਸ ਨਾਲ ਮਾਰਚ ਵਿਚ ਆਨੰਦਪੁਰ ਸਾਹਿਬ ਦੇ ਹੋਲੇ ਮੁਹੱਲੇ ਵਿਚ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ।
ਪ੍ਰਦੀਪ ਟੈਟੂ ਬਣਾਉਣ ਦਾ ਵੀ ਸ਼ੌਕੀਨ ਸੀ ਅਤੇ ਟੈਟੂ ਬਣਾਉਣਾ ਵੀ ਸਿੱਖ ਰਿਹਾ ਸੀ। ਪ੍ਰਦੀਪ ਸਿੰਘ ਫੌਜੀ ਪਰਿਵਾਰ ਵਿੱਚੋਂ ਸੀ। ਉਸਦੇ ਪਿਤਾ ਗੁਰਬਖਸ਼ ਸਿੰਘ ਭਾਰਤੀ ਫੌਜ ਵਿੱਚ ਕੈਪਟਨ ਹਨ ਅਤੇ ਉਹ ਇਸ ਸਾਲ ਮਈ ਵਿੱਚ ਸੇਵਾਮੁਕਤ ਹੋਣ ਵਾਲੇ ਹਨ। ਇਸ ਦੇ ਨਾਲ ਹੀ ਉਸ ਦਾ ਚਾਚਾ ਗੁਰਦਿਆਲ ਸਿੰਘ ਹਾਲ ਹੀ ਵਿੱਚ ਫ਼ੌਜ ਵਿੱਚੋਂ ਹੌਲਦਾਰ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ ਹੈ।
ਉਹ ਹੋਲੇ ਮੁਹੱਲੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ। ਉਹ ਕੁਝ ਲੋਕਾਂ ਨੂੰ ਜੀਪਾਂ ਆਦਿ ਵਿੱਚ ਲਾਊਡ ਸਪੀਕਰਾਂ ’ਤੇ ਉੱਚੀ ਆਵਾਜ਼ ਵਿੱਚ ਗੀਤ ਵਜਾਉਣ ਤੋਂ ਵਰਜ ਰਿਹਾ ਸੀ। ਇਸ ਦੌਰਾਨ ਹੰਗਾਮਾ ਹੋਣ ‘ਤੇ ਦੂਜੀ ਧਿਰ ਨੇ ਪ੍ਰਦੀਪ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ।