Punjab
ਅੰਮ੍ਰਿਤਪਾਲ ਮਾਮਲਾ: ਪਟਿਆਲੇ ਦੀ ਸੀਸੀਟੀਵੀ ਆਈ ਸਾਹਮਣੇ, ਦਿੱਲੀ ‘ਚ ਸਾਧੂ ਦੇ ਭੇਸ ‘ਚ ਦੇਖਣ ਦਾ ਦਾਅਵਾ
ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦੀ ਅੱਠਵੇਂ ਦਿਨ ਵੀ ਭਾਲ ਜਾਰੀ ਹੈ। ਅੰਮ੍ਰਿਤਪਾਲ ਦੀ ਇੱਕ ਹੋਰ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜੋ ਕਿ ਪਟਿਆਲਾ ਦਾ ਦੱਸਿਆ ਜਾ ਰਿਹਾ ਹੈ। ਇਸ ‘ਚ ਅੰਮ੍ਰਿਤਪਾਲ ਜੈਕੇਟ ਅਤੇ ਚਸ਼ਮਾ ਪਹਿਨੇ ਨਜ਼ਰ ਆ ਰਹੇ ਹਨ। ਪੁਲਿਸ ਸੂਤਰਾਂ ਅਨੁਸਾਰ ਇਹ ਸੀਸੀਟੀਵੀ ਫੁਟੇਜ ਅੰਮ੍ਰਿਤਪਾਲ ਦੇ ਪੰਜਾਬ ਤੋਂ ਹਰਿਆਣਾ ਆਉਣ ਤੋਂ ਪਹਿਲਾਂ ਦੀ ਹੈ। ਇੱਥੋਂ ਉਹ ਸਕੂਟੀ ਲੈ ਕੇ ਕੁਰੂਕਸ਼ੇਤਰ ਦੇ ਸ਼ਾਹਾਬਾਦ ਪਹੁੰਚੇ ਦੱਸੇ ਜਾ ਰਹੇ ਹਨ।
ਇਸ ਦੇ ਨਾਲ ਹੀ ਇਹ ਵੀ ਦੱਸ ਦੇਈਏ ਅੰਮ੍ਰਿਤਪਾਲ ਦਾ ਇੱਕ ਹੋਰ ਸਾਥੀ ਸੁੱਖਾ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਫੜਿਆ ਗਿਆ ਹੈ। ਪੁਲੀਸ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਦੀ ਸੁੱਖਾ ਨਾਲ ਲੰਬੀ ਗੱਲਬਾਤ ਹੋਈ ਜਦੋਂ ਉਹ ਹਰਿਆਣਾ ਦੇ ਕੁਰੂਕਸ਼ੇਤਰ ਦੇ ਸ਼ਾਹਬਾਦ ਵਿੱਚ ਔਰਤ ਬਲਜੀਤ ਕੌਰ ਦੇ ਘਰ ਠਹਿਰਿਆ ਸੀ। ਬਲਜੀਤ ਕੌਰ ਤੋਂ ਪੁੱਛਗਿੱਛ ਕਰਨ ਅਤੇ ਉਸ ਦੇ ਫੋਨ ਦੀ ਕਾਲ ਡਿਟੇਲ ਕੱਢਣ ਤੋਂ ਬਾਅਦ ਪੁਲਸ ਨੇ ਸੁੱਖਾ ਨੂੰ ਕਾਬੂ ਕਰ ਲਿਆ। ਇਸ ਵਿਅਕਤੀ ਨੂੰ ਕੁਰੂਕਸ਼ੇਤਰ ਤੋਂ ਫੜੀ ਗਈ ਔਰਤ ਬਲਜੀਤ ਕੌਰ ਦੇ ਫੋਨ ਤੋਂ ਫੋਨ ਕੀਤਾ ਗਿਆ ਸੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਸੁੱਖਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਇੰਦੌਰ ਸ਼ਿਫਟ ਹੋਇਆ ਸੀ। ਜ਼ਿਕਰਯੋਗ ਹੈ ਕਿ 19 ਮਾਰਚ ਦੀ ਰਾਤ ਨੂੰ ਅੰਮ੍ਰਿਤਪਾਲ ਕੁਰੂਕਸ਼ੇਤਰ ਦੇ ਸ਼ਾਹਾਬਾਦ ‘ਚ ਮਹਿਲਾ ਬਲਜੀਤ ਕੌਰ ਦੇ ਘਰ ਠਹਿਰਿਆ ਸੀ। ਉਸ ਦੀਆਂ ਸ਼ਾਹਬਾਦ ਅਤੇ ਕੁਰੂਕਸ਼ੇਤਰ ਬੱਸ ਸਟੈਂਡ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ । ਦੂਜੇ ਪਾਸੇ ਪੁਲਿਸ ਨੇ ਇੱਕ ਹੋਰ ਅਮਰੀਕ ਸਿੰਘ ਨੂੰ ਜੰਮੂ ਦੇ ਆਰਐਸਪੁਰਾ ਸੈਕਟਰ ਤੋਂ ਹਿਰਾਸਤ ਵਿੱਚ ਲਿਆ ਹੈ। ਇਹ ਕਾਰਵਾਈ ਪੰਜਾਬ ਪੁਲਿਸ ਦੇ ਇਨਪੁਟ ‘ਤੇ ਕੀਤੀ ਗਈ ਹੈ।
ਸਵੇਰੇ ਵੇਲੇ ਦਿੱਲੀ ‘ਚ ਅੰਮ੍ਰਿਤਪਾਲ ਨੂੰ ਦੇਖਣ ਦਾ ਦਾਅਵਾ
ਪੰਜਾਬ ਪੁਲਿਸ ਦੀਆਂ ਕੁਝ ਟੀਮਾਂ ਸ਼ਨੀਵਾਰ ਸਵੇਰੇ ਦਿੱਲੀ ਪਹੁੰਚ ਗਈਆਂ। ਪੁਲਿਸ ਨੂੰ ਆਈਐਸਬੀਟੀ ਕਸ਼ਮੀਰੀ ਗੇਟ ਵਿੱਚ ਕੁਝ ਸੀਸੀਟੀਵੀ ਮਿਲੇ ਹਨ, ਜਿਨ੍ਹਾਂ ਨੂੰ ਫਿਲਹਾਲ ਵਾਇਰਲ ਨਹੀਂ ਕੀਤਾ ਜਾ ਰਿਹਾ ਹੈ। ਪੁਲੀਸ ਸੂਤਰਾਂ ਅਨੁਸਾਰ ਇਨ੍ਹਾਂ ਸੀਸੀਟੀਵੀਜ਼ ਵਿੱਚ ਅੰਮ੍ਰਿਤਪਾਲ ਸਿੰਘ ਸਾਧੂ ਦੇ ਭੇਸ ਵਿੱਚ ਨਜ਼ਰ ਆ ਰਿਹਾ ਹੈ। ਜਿਸ ਤੋਂ ਬਾਅਦ ਦਿੱਲੀ ਪੁਲਿਸ ਅਤੇ ਪੰਜਾਬ ਪੁਲਿਸ ਨੇ ਦਿੱਲੀ ਵਿੱਚ ਸਾਂਝਾ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਘਾਲੀ ਜਾ ਰਹੀ ਹੈ।