Punjab
ਸਿੱਧੂ ਦੇ ਘਰ ‘ਚ ਦਾਖਲ ਹੋਇਆ ਸ਼ੱਕੀ ਵਿਅਕਤੀ,ਨਵਜੋਤ ਨੇ DGP ‘ਤੇ ਪਟਿਆਲਾ ਦੇ SSP ਨਾਲ ਕੀਤੀ ਗੱਲ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਟਿਆਲਾ ਸਥਿਤ ਘਰ ਦੀ ਛੱਤ ‘ਤੇ ਇਕ ਸ਼ੱਕੀ ਵਿਅਕਤੀ ਦੇਖਿਆ ਗਿਆ ਹੈ। ਨੌਕਰ ਨੇ ਉਸ ਨੂੰ ਦੇਖ ਕੇ ਅਲਾਰਮ ਵਜਾਇਆ ਤਾਂ ਉਹ ਭੱਜ ਗਿਆ। ਸਿੱਧੂ ਨੇ ਟਵੀਟ ਕਰਕੇ ਇਹ ਦਾਅਵਾ ਕੀਤਾ ਹੈ। ਦੋ ਹਫ਼ਤੇ ਪਹਿਲਾਂ ਹੀ ਸਿੱਧੂ ਦੀ ਸੁਰੱਖਿਆ ਘਟਾ ਦਿੱਤੀ ਗਈ ਸੀ। ਜਿਸ ‘ਤੇ ਸਿੱਧੂ ਅਤੇ ਉਨ੍ਹਾਂ ਦੀ ਪਤਨੀ ‘ਆਪ’ ਸਰਕਾਰ ‘ਤੇ ਭੜਕੇ ਹੋਏ ਸਨ। ਪਤਨੀ ਡਾਕਟਰ ਨਵਜੋਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੇ ਪਤੀ ਨੂੰ ਕੁਝ ਹੋਇਆ ਤਾਂ ਉਹ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਣਗੇ।
ਮਾਮਲਾ ਬੀਤੀ ਸ਼ਾਮ ਸਾਹਮਣੇ ਆਇਆ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਕਿ ਸ਼ਾਮ 7 ਵਜੇ ਦੇ ਕਰੀਬ ਮੇਰੇ ਘਰ ਦੀ ਛੱਤ ‘ਤੇ ਸਲੇਟੀ ਰੰਗ ਦੇ ਕੰਬਲ ‘ਚ ਲਪੇਟਿਆ ਇਕ ਅਣਪਛਾਤਾ ਸ਼ੱਕੀ ਵਿਅਕਤੀ ਦੇਖਿਆ ਗਿਆ, ਜਿਵੇਂ ਹੀ ਮੇਰੇ ਨੌਕਰ ਨੇ ਅਲਾਰਮ ਵਜਾਇਆ ਅਤੇ ਮਦਦ ਲਈ ਬੁਲਾਇਆ ਤਾਂ ਉਹ ਤੁਰੰਤ ਭੱਜ ਗਿਆ। ਪੰਜਾਬ ਪੁਲਿਸ ਦੇ ਡੀਜੀਪੀ ਨਾਲ ਗੱਲ ਕੀਤੀ ਹੈ ਅਤੇ ਐਸਐਸਪੀ ਪਟਿਆਲਾ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਉਨ੍ਹਾਂ ਅੱਗੇ ਲਿਖਿਆ ਕਿ ਸੁਰੱਖਿਆ ਦੀ ਇਹ ਕੁਤਾਹੀ ਮੈਨੂੰ ਪੰਜਾਬ ਲਈ ਆਵਾਜ਼ ਉਠਾਉਣ ਤੋਂ ਨਹੀਂ ਰੋਕ ਸਕੇਗੀ।