Punjab
ਮੌਸਮ ‘ਚ ਆਇਆ ਬਦਲਾਅ: ਹਿਮਾਚਲ ‘ਚ 35 ਸਾਲ ਬਾਅਦ ਮਈ ਦੇ ਪਹਿਲੇ 9 ਦਿਨ ਰਹੀ ਇੰਨੀ ਠੰਢ
ਹਿਮਾਚਲ ‘ਚ 35 ਸਾਲ ਬਾਅਦ ਮਈ ਦਾ ਮਹੀਨਾ ਇੰਨਾ ਠੰਡਾ ਪੈ ਗਿਆ ਹੈ। ਇਸ ਤੋਂ ਪਹਿਲਾਂ ਸਾਲ 1987 ਵਿਚ ਮਈ ਮਹੀਨੇ ਵਿਚ ਅਜਿਹੀ ਠੰਢ ਪਈ ਸੀ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ 1987 ਵਿੱਚ ਮਈ ਦੇ ਪਹਿਲੇ ਹਫ਼ਤੇ ਸੂਬੇ ਦਾ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ 5 ਤੋਂ 7 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਸੀ।
ਇਸੇ ਸਾਲ ਮਈ ਦੇ ਪਹਿਲੇ ਹਫ਼ਤੇ ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ 12 ਤੋਂ 26 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 0 ਤੋਂ 19 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਹਿਮਾਚਲ ਦੇ ਪਹਾੜਾਂ ‘ਚ ਮੰਗਲਵਾਰ ਨੂੰ ਵੀ ਬਰਫਬਾਰੀ ਜਾਰੀ ਰਹੀ। ਲਾਹੌਲ ਦੇ ਹੰਸਾ ‘ਚ 20 ਸੈਂਟੀਮੀਟਰ, ਕੇਲੌਂਗ ‘ਚ 12, ਗੋਂਡਲਾ ‘ਚ 11, ਕਲਪਾ ‘ਚ 4 ਸੈਂਟੀਮੀਟਰ ਬਰਫਬਾਰੀ ਹੋਈ।
ਰੋਹਤਾਂਗ, ਕਿਨੌਰ ਅਤੇ ਚੰਬਾ ਦੀਆਂ ਉੱਚੀਆਂ ਚੋਟੀਆਂ ‘ਤੇ ਵੀ ਬਰਫਬਾਰੀ ਹੋਈ। ਦੂਜੇ ਪਾਸੇ ਭਰਮੌਰ ਵਿੱਚ 23 ਮਿਲੀਮੀਟਰ, ਕੋਠੀ ਵਿੱਚ 20, ਜੁਬਲ-ਕੋਟਖਾਈ ਵਿੱਚ 20, ਰਾਮਪੁਰ ਵਿੱਚ 19, ਚੌਵਾੜੀ ਵਿੱਚ 18, ਮਨਾਲੀ ਵਿੱਚ 17, ਸਰਹਾਨ ਵਿੱਚ 13, ਰੋਹੜੂ ਵਿੱਚ 12, ਰੇਕਾਂਗ ਪੀਓ ਵਿੱਚ 11 ਅਤੇ ਸ਼ਿਮਲਾ ਵਿੱਚ 8 ਮਿਲੀਮੀਟਰ ਮੀਂਹ ਪਿਆ ਹੈ।
ਦੂਜੇ ਪਾਸੇ ਪੰਜਾਬ ਵਿੱਚ ਲਗਾਤਾਰ ਦੂਜੇ ਦਿਨ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਨੂੰ ਪਾਰ ਕਰ ਗਿਆ ਹੈ। ਬਾਕੀ ਜ਼ਿਲ੍ਹਿਆਂ ਵਿੱਚ ਇਹ 33 ਤੋਂ 37 ਡਿਗਰੀ ਤੱਕ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 16 ਤੋਂ 19 ਡਿਗਰੀ ਤੱਕ ਦਰਜ ਕੀਤਾ ਜਾ ਰਿਹਾ ਹੈ।
ਮੌਸਮ ਵਿਭਾਗ ਨੇ ਸੰਕੇਤ ਜਾਰੀ ਕੀਤੇ ਹਨ ਕਿ ਰਾਜ ਵਿੱਚ ਪੰਜ ਦਿਨਾਂ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਜਦਕਿ ਮੌਸਮ ਖੁਸ਼ਕ ਰਹੇਗਾ। ਇਸ ਦੌਰਾਨ ਮੌਜੂਦਾ ਸਥਿਤੀ ਅਨੁਸਾਰ ਤਾਪਮਾਨ ਵਿੱਚ 3 ਤੋਂ 5 ਡਿਗਰੀ ਦੇ ਵਾਧੇ ਦਾ ਅਨੁਮਾਨ ਲਗਾਇਆ ਗਿਆ ਹੈ।