Connect with us

Punjab

CM MAAN ਨੇ ਖਿਡਾਰੀਆਂ ਨੂੰ ਗੰਗਾ ‘ਚ ਤਗਮੇ ਤਾਰਨ ਲਈ ਮਜਬੂਰ ਕਰਨ ਲਈ ਕੇਂਦਰ ਸਰਕਾਰ ਦੀ ਕੀਤੀ ਆਲੋਚਨਾ

Published

on

  • ਡੂੰਘੇ ਦੁੱਖ ਅਤੇ ਰੋਹ ਦਾ ਕੀਤਾ ਪ੍ਰਗਟਾਵਾ
  • ਖੇਡਾਂ, ਖੇਡ ਭਾਈਚਾਰੇ ਅਤੇ ਖੇਡ ਪ੍ਰੇਮੀਆਂ ਲਈ ਕਾਲਾ ਦਿਨ ਕਰਾਰ
  • ਜੇ ਦੇਸ਼ ਮੋਦੀ ਸਰਕਾਰ ਦੇ ਮਨਸੂਬਿਆਂ ‘ਤੇ ਚੁੱਪ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਲੋਕਤੰਤਰ ਦੀਆਂ ਅਸਥੀਆਂ ਨਦੀਆਂ ‘ਚ ਤਾਰਨੀਆਂ ਪੈਣਗੀਆਂ


ਭਾਰਤੀ ਪਹਿਲਵਾਨਾਂ ਨੂੰ ਆਪਣੇ ਤਗਮੇ ਗੰਗਾ ਵਿੱਚ ਤਾਰਨ ਲਈ ਮਜਬੂਰ ਕਰਨ ਵਾਲੇ ਕੇਂਦਰ ਸਰਕਾਰ ਦੇ ਉਦਾਸੀਨ ਰਵੱਈਏ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਡੂੰਘੇ ਦੁੱਖ ਅਤੇ ਰੋਸ ਦਾ ਪ੍ਰਗਟਾਵਾ ਕੀਤਾ।

ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਪਹਿਲਵਾਨਾਂ ਦੀਆਂ ਹੱਕੀ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਲਈ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪਹਿਲਵਾਨਾਂ ਨੇ ਦੇਸ਼ ਲਈ ਮੈਡਲ ਲਿਆਉਣ ਲਈ ਆਪਣਾ ਪਸੀਨਾ ਵਹਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਉਨ੍ਹਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਪਹਿਲਵਾਨਾਂ ਦੀ ਆਵਾਜ਼ ਨੂੰ ਵਾਰ-ਵਾਰ ਦਬਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲਵਾਨ ਆਪਣੇ ਜਾਇਜ਼ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਦੇ ਮਤਰੇਈ ਮਾਂ ਵਾਲੇ ਸਲੂਕ ਤੋਂ ਤੰਗ ਆ ਕੇ ਇਨ੍ਹਾਂ ਖਿਡਾਰੀਆਂ ਨੇ ਆਪਣੇ ਤਗਮੇ ਗੰਗਾ ਵਿੱਚ ਤਾਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਇੰਨੀ ਦ੍ਰਿੜ੍ਹਤਾ, ਲਗਨ ਅਤੇ ਸਖ਼ਤ ਮਿਹਨਤ ਤੋਂ ਬਾਅਦ ਜਿੱਤੇ ਗਏ ਮੈਡਲਾਂ ਨੂੰ ਜਲ ਪ੍ਰਵਾਹ ਕਰਨ ਦਾ ਫੈਸਲਾ ਲੈਣਾ ਇਨ੍ਹਾਂ ਖਿਡਾਰੀਆਂ ਲਈ ਬਹੁਤ ਔਖਾ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਖੇਡਾਂ, ਖੇਡ ਪ੍ਰੇਮੀਆਂ ਅਤੇ ਖੇਡ ਭਾਈਚਾਰੇ ਲਈ ਕਾਲਾ ਦਿਨ ਹੈ ਕਿਉਂਕਿ ਖਿਡਾਰੀਆਂ ਨੂੰ ਆਪਣੀ ਗੱਲ ਸੁਣਾਉਣ ਲਈ ਅਜਿਹੇ ਕਦਮ ਚੁੱਕਣੇ ਪੈ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਜੇ ਸਮੁੱਚਾ ਦੇਸ਼ ਮੋਦੀ ਸਰਕਾਰ ਦੇ ਇਸ ਨਾਪਾਕ ਮਨਸੂਬੇ ਨੂੰ ਮੂਕ ਦਰਸ਼ਕ ਬਣ ਕੇ ਦੇਖਦਾ ਕਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਸਾਨੂੰ ਲੋਕਤੰਤਰ ਦੀ ਰਾਖ ਨੂੰ ਨਦੀ ਵਿੱਚ ਤਾਰਨਾ ਪਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਇਕਜੁੱਟ ਹੋ ਕੇ ਖਿਡਾਰੀਆਂ ਨਾਲ ਖੜ੍ਹਨਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਨੂੰ ਬਚਾਉਣਾ ਅਤੇ ਲੋਕਤੰਤਰ ਦੀ ਮਰਿਆਦਾ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ।