WORLD
ਹਮਾਸ ਹਮਲਾ: ਹਮਾਸ ਦੇ ਹਮਲੇ ‘ਚ 10 ਨੇਪਾਲੀ ਵਿਦਿਆਰਥੀਆਂ ਦੀ ਮੌਤ
9ਅਕਤੂਬਰ 2023: ਇਜ਼ਰਾਈਲ ਵਿੱਚ ਹਮਾਸ ਦੇ ਹਮਲੇ ਵਿੱਚ ਨੇਪਾਲ ਦੇ 10 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਜ਼ਰਾਈਲ ਸਥਿਤ ਨੇਪਾਲ ਦੂਤਾਵਾਸ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨੇਪਾਲ ਦੇ ਕਈ ਵਿਦਿਆਰਥੀ ਇਜ਼ਰਾਈਲ ਵਿੱਚ ਫਸੇ ਹੋਏ ਹਨ। ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਸਾਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਣ ਦਾ ਹੁਕਮ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਨੂੰ ਹਮਾਸ ਨੇ ਇਜ਼ਰਾਇਲ ‘ਤੇ ਅਚਾਨਕ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਦੋ ਦਿਨਾਂ ‘ਚ ਹੁਣ ਤੱਕ 1000 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 2000 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਨੇਪਾਲ ਦੇ ਵਿਦੇਸ਼ ਮੰਤਰੀ ਐੱਨ. ਪੀ ਸਾਊਦ ਨੇ ਐਤਵਾਰ ਨੂੰ ਕਿਹਾ ਕਿ ਅੱਤਵਾਦੀ ਸਮੂਹ ਹਮਾਸ ਦੇ ਹਮਲੇ ‘ਚ ਇਜ਼ਰਾਈਲ ‘ਚ ਪੜ੍ਹ ਰਹੇ ਚਾਰ ਨੇਪਾਲੀ ਵਿਦਿਆਰਥੀ ਜ਼ਖਮੀ ਹੋ ਗਏ, ਜਦਕਿ 11 ਵਿਦਿਆਰਥੀ ਲਾਪਤਾ ਹਨ। ਮੰਤਰੀ ਨੇ ਕਿਹਾ ਕਿ ਇਜ਼ਰਾਈਲ ਦੇ ਦੱਖਣੀ ਹਿੱਸੇ ਵਿੱਚ ਪੜ੍ਹ ਰਹੇ ਲਾਪਤਾ ਵਿਦਿਆਰਥੀਆਂ ਵਿੱਚ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਗਾਜ਼ਾ ਪੱਟੀ ‘ਤੇ ਸ਼ਾਸਨ ਕਰਨ ਵਾਲੇ ਹਮਾਸ ਨੇ ਸ਼ਨੀਵਾਰ ਸਵੇਰੇ ਇਜ਼ਰਾਈਲ ਦੇ ਦੱਖਣ ‘ਚ ਹਵਾਈ, ਜ਼ਮੀਨ ਅਤੇ ਸਮੁੰਦਰ ਤੋਂ ਅਚਾਨਕ ਹਮਲਾ ਕੀਤਾ। ਇਜ਼ਰਾਈਲ ਵਿਚ ਸੈਨਿਕਾਂ ਸਮੇਤ ਘੱਟੋ-ਘੱਟ 1,000 ਲੋਕ ਮਾਰੇ ਗਏ ਹਨ ਅਤੇ 2,000 ਤੋਂ ਵੱਧ ਜ਼ਖਮੀ ਹੋਏ ਹਨ। ਇਸ ਨੂੰ ਪਿਛਲੇ 50 ਸਾਲਾਂ ‘ਚ ਦੇਸ਼ ਦਾ ਸਭ ਤੋਂ ਭਿਆਨਕ ਹਮਲਾ ਕਿਹਾ ਜਾ ਰਿਹਾ ਹੈ।