HIMACHAL PRADESH
ਹਿਮਾਚਲ: ਸੂਬਾ ਸਕੱਤਰੇਤ ਤੇ ਸਰਕਾਰੀ ਦਫ਼ਤਰਾਂ ਵਿੱਚ ਨਹੀਂ ਪਾ ਸਕੋਗੇ ਜੀਨਸ

29 ਅਕਤੂਬਰ 2023: ਹਿਮਾਚਲ ਪ੍ਰਦੇਸ਼ ਸਕੱਤਰੇਤ ਸਣੇ ਸਰਕਾਰੀ ਦਫ਼ਤਰਾਂ ਵਿੱਚ ਜੋ ਜੀਨਸ, ਟੀ-ਸ਼ਰਟ ਜਾਂ ਹੋਰ ਗੈਰ ਰਸਮੀ ਕੱਪੜੇ ਪਾ ਕੇ ਆਉਂਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਾਜ ਹਾਈ ਕੋਰਟ ਅਤੇ ਹੋਰ ਅਦਾਲਤਾਂ ਵਿੱਚ ਸਿਰਫ਼ ਰਸਮੀ ਪਹਿਰਾਵਾ ਪਹਿਨਣਾ ਹੋਵੇਗਾ। ਇਸ ਤੋਂ ਇਲਾਵਾ ਚੌਥੀ ਸ਼੍ਰੇਣੀ ਦੇ ਮੁਲਾਜ਼ਮਾਂ ਨੂੰ ਵਰਦੀ ਪਾ ਕੇ ਹੀ ਦਫ਼ਤਰ ਆਉਣਾ ਹੋਵੇਗਾ। ਪ੍ਰਮੁੱਖ ਸਕੱਤਰ ਜਨਰਲ ਪ੍ਰਸ਼ਾਸਨ ਭਾਰਤ ਖੇੜਾ ਨੇ ਇਸ ਸਬੰਧੀ ਇਕ ਸਰਕੂਲਰ ਜਾਰੀ ਕੀਤਾ ਹੈ। ਸਰਕੂਲਰ ‘ਚ ਸਪੱਸ਼ਟ ਕੀਤਾ ਗਿਆ ਹੈ ਕਿ ਸੂਬਾ ਹਾਈ ਕੋਰਟ ਨੇ ਸਾਲ 2017 ‘ਚ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਸਨ। ਇਸ ਤੋਂ ਬਾਅਦ ਪ੍ਰਸੋਨਲ ਵਿਭਾਗ ਨੇ ਸਾਰੇ ਵਿਭਾਗਾਂ ਨੂੰ ਦਿਸ਼ਾ-ਨਿਰਦੇਸ਼ ਤਿਆਰ ਕਰਕੇ ਜਾਰੀ ਕੀਤੇ ਸਨ, ਜਿਸ ਵਿੱਚ ਡਰੈੱਸ ਕੋਡ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਸ ਵਿੱਚ ਸਪੱਸ਼ਟ ਕੀਤਾ ਗਿਆ ਕਿ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਸਿਰਫ਼ ਢੁਕਵੇਂ, ਰਸਮੀ, ਸਾਫ਼-ਸੁਥਰੇ ਅਤੇ ਚੰਗੇ ਦਿੱਖ ਵਾਲੇ ਅਤੇ ਸਹੀ ਰੰਗ ਦੇ ਕੱਪੜੇ ਪਾ ਕੇ ਹੀ ਸਰਕਾਰੀ ਦਫ਼ਤਰ ਆਉਣਗੇ।