India
ਲੇਬਰ ਪਾਰਟੀ ਨੇ ਯੂਕੇ ਸੰਸਦ ਮੈਂਬਰ ਢੇਸੀ ਨੂੰ ਬਣਾਇਆ ਸ਼ੈਡੋ ਰੇਲ ਮੰਤਰੀ
ਚੰਡੀਗੜ੍ਹ 17 ਅਪ੍ਰੈਲ ਬਰਤਾਨੀਆ ਦੇ ਸਲੋਹ ਸੰਸਦੀ ਹਲਕੇ ਤੋਂ ਲੇਬਰ ਪਾਰਟੀ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਬਣਨ ਦਾ ਮਾਣ ਹਾਸਲ ਕਰਨ ਵਾਲੇ ਤਨਮਨਜੀਤ ਸਿੰਘ ਢੇਸੀ ਨੂੰ ਬਰਤਾਨੀਆ ਦੀ ਮੁੱਖ ਵਿਰੋਧੀ ਧਿਰ ਲੇਬਰ ਪਾਰਟੀ ਦੇ ਨਵੇਂ ਬਣੇ ਆਗੂ ਸਰ ਕੇਰ ਸਟਾਮਰ ਵੱਲੋਂ ਸ਼ੈਡੋ ਰੇਲ ਮੰਤਰੀ ਨਾਮਜ਼ਦ ਕੀਤਾ ਗਿਆ ਹੈ।
ਤਨਮਨਜੀਤ ਸਿੰਘ ਢੇਸੀ ਪਹਿਲਾਂ ਵੀ ਸਲੋਹ ਤੋਂ ਹੀਥਰੋ ਹਵਾਈ ਅੱਡੇ ਤੱਕ ਰੇਲ ਸੇਵਾ ਸ਼ੁਰੂ ਕਰਵਾਉਣ ਲਈ ਚੱਲ ਰਹੀ ਮੁਹਿੰਮ ਦਾ ਅਹਿਮ ਹਿੱਸਾ ਹਨ। ਉਨ੍ਹਾਂ ਨੇ ਆਪਣੀ ਇਸ ਨਿਯੁਕਤੀ ਲਈ ਲੇਬਰ ਪਾਰਟੀ ਦੇ ਨੇਤਾ ਸਟਾਰਮ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਲੋਕਾਂ ਦੀ ਸੇਵਾ ਵਿੱਚ ਕੋਈ ਕਮੀ ਨਹੀਂ ਆਉਣ ਦੇਣਗੇ।
ਤਨਮਨਜੀਤ ਢੇਸੀ ਦੀ ਇਸ ਨਿਯੁਕਤੀ ਉਤੇ ਉਨ੍ਹਾਂ ਦੇ ਪਿਤਾ ਅਤੇ ਇੰਗਲੈਂਡ ਦੇ ਉੱਘੇ ਕਾਰੋਬਾਰੀ ਜਸਪਾਲ ਸਿੰਘ ਢੇਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਸਮੇਤ ਜਲੰਧਰ ਇਲਾਕੇ ਦੇ ਲੋਕਾਂ ਨੇ ਵੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਇਸੇ ਦੌਰਾਨ ਪੰਜਾਬੀ ਕਲਚਰਲ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਇੱਕ ਬਿਆਨ ਵਿੱਚ ਸ੍ਰੀ ਢੇਸੀ ਨੂੰ ਇਸ ਨਿਯੁਕਤੀ ਉਤੇ ਵਧਾਈ ਦਿੰਦਿਆਂ ਕਿਹਾ ਕਿ ਯੂਰਪੀਨ ਮੁਲਕਾਂ ਵਿੱਚੋਂ ਪਹਿਲੇ ਦਸਤਾਰਧਾਰੀ ਸੰਸਦ ਮੈਂਬਰ ਢੇਸੀ ਨੇ ਹਾਲ ਹੀ ਵਿੱਚ ਬਰਤਾਨਵੀ ਸੰਸਦ ਅੰਦਰ ਘੱਟ ਗਿਣਤੀਆਂ ਦਾ ਮਾਮਲਾ ਉਠਾ ਕੇ ਉਥੋਂ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਸੀ ਜਿਸ ਕਰਕੇ ਤਮਾਮ ਮੁਲਕਾਂ ਵਿੱਚ ਵਸਦੇ ਘੱਟ ਗਿਣਤੀ ਲੋਕਾਂ ਨੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਸੀ।
ਉਨ੍ਹਾਂ ਕਿਹਾ ਕਿ ਤਨਮਨਜੀਤ ਸਿੰਘ ਨੇ ਸੰਸਦ ਵਿੱਚ ਹਮੇਸ਼ਾਂ ਲੋਕ ਹਿੱਤ ਦੇ ਮੁੱਦੇ ਉਠਾਉਂਦਿਆਂ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ ਅਤੇ ਬਤੌਰ ਸੰਸਦ ਮੈਂਬਰ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਹੈ ਜਿਸ ਕਰਕੇ ਲੇਬਰ ਪਾਰਟੀ ਨੇ ਢੇਸੀ ਦੀਆਂ ਲੋਕ ਪੱਖੀ ਸਰਗਰਮੀਆਂ ਨੂੰ ਦੇਖਦਿਆਂ ਸ਼ੈਡੋ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਹੈ ਜਿਸ ਨਾਲ ਦੇਸ਼-ਵਿਦੇਸ਼ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੇ ਮਾਣ ਵਿੱਚ ਵਾਧਾ ਹੋਇਆ ਹੈ।