Punjab
ਖੰਨਾ ‘ਚ ਵਾਪਰਿਆ ਵੱਡਾ ਹਾਦਸਾ, ਆਪਸ ‘ਚ ਟਕਰਾਏ ਵਾਹਨ
25 ਨਵੰਬਰ 2023: ਸਰਦੀਆਂ ਵਿੱਚ ਧੁੰਦ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਖੰਨਾ ਦੇ ਨੈਸ਼ਨਲ ਹਾਈਵੇ ‘ਤੇ ਸ਼ਨੀਵਾਰ ਸਵੇਰੇ ਧੁੰਦ ਦੇ ਵਿਚਕਾਰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਸਮੇਤ 25 ਤੋਂ 30 ਵਾਹਨ ਆਪਸ ਵਿੱਚ ਟਕਰਾ ਗਏ। ਲੋਕਾਂ ਨੇ ਨੈਸ਼ਨਲ ਹਾਈਵੇਅ ਦੇ ਵਿਚਕਾਰ ਖੜ੍ਹੇ ਹੋ ਕੇ ਰੌਲਾ ਪਾਇਆ ਅਤੇ ਹੋਰ ਲੋਕਾਂ ਨੂੰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਾਇਆ। ਸ਼ਨੀਵਾਰ ਸਵੇਰ ਤੋਂ ਹੀ ਕਾਫੀ ਧੁੰਦ ਛਾਈ ਹੋਈ ਸੀ। ਵਿਜ਼ੀਬਿਲਟੀ ਬਹੁਤ ਘੱਟ ਸੀ। ਇਸੇ ਦੌਰਾਨ ਲੁਧਿਆਣਾ ਤੋਂ ਅੰਬਾਲਾ ਨੂੰ ਜਾਂਦੇ ਸਮੇਂ ਪਿੰਡ ਦਹੇੜੂ ਨੇੜੇ ਲੁਧਿਆਣਾ ਦੀ ਇੱਕ ਸਕੂਲੀ ਬੱਸ ਪਹਿਲਾਂ ਅੱਗੇ ਜਾ ਰਹੇ ਵਾਹਨ ਨਾਲ ਟਕਰਾ ਗਈ। ਪਿੱਛੇ ਆ ਰਹੇ ਵਾਹਨ ਇਨ੍ਹਾਂ ਵਾਹਨਾਂ ਨਾਲ ਟਕਰਾਉਂਦੇ ਰਹੇ। ਕੁੱਲ 25 ਤੋਂ 30 ਵਾਹਨ ਆਪਸ ਵਿੱਚ ਟਕਰਾ ਗਏ। ਦੱਸ ਦਈਏ ਕਿ 13 ਨਵੰਬਰ ਨੂੰ ਵੀ ਇਸ ਥਾਂ ਤੋਂ ਥੋੜ੍ਹਾ ਅੱਗੇ ਵੱਡਾ ਹਾਦਸਾ ਵਾਪਰ ਗਿਆ ਸੀ। ਧੁੰਦ ਵਿੱਚ 50 ਦੇ ਕਰੀਬ ਵਾਹਨ ਇੱਕੋ ਸਮੇਂ ਆਪਸ ਵਿੱਚ ਟਕਰਾ ਗਏ ਸੀ। ਕੁੱਲ ਮਿਲਾ ਕੇ 100 ਦੇ ਕਰੀਬ ਵਾਹਨ ਤਿੰਨ ਥਾਵਾਂ ‘ਤੇ ਟਕਰਾਏ ਸੀ। ਜਿਸਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਆਪਣੇ ਐਕਸ ਹੈਂਡਲ ‘ਤੇ ਪੋਸਟ ਸ਼ੇਅਰ ਕਰਕੇ ਦੁੱਖ ਪ੍ਰਗਟ ਕੀਤਾ ਸੀ। ਸਿਹਤ ਮੰਤਰੀ ਡਾ: ਬਲਬੀਰ ਸਿੰਘ ਜ਼ਖਮੀਆਂ ਦਾ ਹਾਲ-ਚਾਲ ਜਾਣਨ ਖੰਨਾ ਪਹੁੰਚੇ ਸਨ।