Connect with us

Punjab

ਪੁਲ ‘ਤੇ ਰੇਲਿੰਗ ਨਾ ਹੋਣ ਕਾਰਨ ਕਾਰ ਸੁਖਨਾ ਨਦੀ ‘ਚ ਡਿੱਗੀ, ਸਵਾਰੀਆਂ ਸੁਰੱਖਿਅਤ

Published

on

ਜ਼ੀਰਕਪੁਰ, 14 ਜਨਵਰੀ 2024:  ਲੋਹੜੀ ਦੀ ਰਾਤ ਜਦੋਂ ਸ਼ਹਿਰ ਦੇ ਲੋਕ ਜਸ਼ਨ ਮਨਾ ਰਹੇ ਸਨ ਤਾਂ ਬਲਟਾਣਾ ਖ਼ੇਤਰ ਤੋਂ ਚੰਡੀਗੜ੍ਹ ਸੜਕ ਵਾਲੇ ਪਾਸੇ ਜਾ ਰਹੀ ਇੱਕ ਸਵਿਫਟ ਕਾਰ ਬਲਟਾਣਾ ਪੁਲਿਸ ਚੌਕੀ ਨੇੜੇ ਬੇਕਾਬੂ ਹੋ ਕੇ ਸੁਖਨਾ ਨਦੀ ਵਿੱਚ ਡਿੱਗ ਗਈ ਜਿਸਦੇ ਚਾਰੇ ਟਾਇਰ ਉੱਪਰ ਨੂੰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕਾਰ ‘ਚ ਇਕ ਵਿਅਕਤੀ ਸਵਾਰ ਸੀ। ਸੁਖਨਾ ਨਦੀ ਵਿੱਚ ਜ਼ਿਆਦਾ ਪਾਣੀ ਨਾ ਹੋਣ ਕਾਰਨ ਕਿਸੇ ਵੱਡੇ ਹਾਦਸੇ ਤੋਂ ਬਚਾਅ ਰਿਹਾ। ਗ਼ਨੀਮਤ ਰਹੀ ਕਿ ਰਾਹਗੀਰਾਂ ਦੀ ਮਦਦ ਨਾਲ ਕਾਰ ਵਿੱਚ ਸਵਾਰ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਨਾਲੇ ਦਾ ਗੰਦਾ ਪਾਣੀ ਕਾਰ ਵਿੱਚ ਵੜ ਗਿਆ। ਕਾਰ ਚਾਲਕ ਨੇ ਦੱਸਿਆ ਕਿ ਉਹ ਕਿਸੇ ਘਰੇਲੂ ਕੰਮ ਲਈ ਬਲਟਾਣਾ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਸੀ। ਬਲਟਾਣਾ ਪੁਲਿਸ ਚੌਕੀ ਨੇੜੇ ਸੁਖਨਾ ਨਦੀ ਦੇ ਪੁਲ ਤੇ ਰੋਲਿੰਗ ਟੁੱਟੀ ਹੋਈ ਹੈ। ਧੁੰਦ ਕਾਰਨ ਸੜਕ ਅਤੇ ਪੁਲ ਨਜ਼ਰ ਨਹੀਂ ਆ ਰਹੀ ਸੀ ਅਤੇ ਕਾਰ ਬੇਕਾਬੂ ਹੋ ਕੇ ਸੁਖਨਾ ਨਦੀ ਵਿੱਚ ਜਾ ਡਿੱਗੀ। ਇਲਾਕਾ ਵਾਸੀਆਂ ਨੇ ਦੱਸਿਆ ਕਿ ਸੜਕ ’ਤੇ ਬਣੇ ਪੁਲ ਦੀ ਰੇਲਿੰਗ ਪਿਛਲੇ ਛੇ ਮਹੀਨਿਆਂ ਤੋਂ ਟੁੱਟੀ ਹੋਈ ਹੈ। ਜ਼ਿਕਰਯੋਗ ਹੈ ਕਿ ਜੁਲਾਈ 2023 ਵਿਚ ਸੁਖਨਾ ਨਦੀ ਵਿਚ ਜ਼ਿਆਦਾ ਪਾਣੀ ਆਉਣ ਕਾਰਨ ਸੁਖਨਾ ਨਦੀ ‘ਤੇ ਬਲਟਾਣਾ ਇਲਾਕੇ ਵਿਚ ਬਣੇ ਪੁਲ ਦੇ ਦੋਵੇਂ ਪਾਸੇ ਲੋਹੇ ਦੀ ਰੇਲਿੰਗ ਟੁੱਟ ਗਈ ਸੀ। ਜਿਸ ਵੱਲ ਸਬੰਧਤ ਵਿਭਾਗ ਨੇ ਕੋਈ ਧਿਆਨ ਨਹੀਂ ਦਿੱਤਾ। ਇਸ ਤੋਂ ਪਹਿਲਾਂ ਵੀ ਪੁਲ ’ਤੇ ਹਾਦਸੇ ਵਾਪਰ ਚੁੱਕੇ ਹਨ। ਨਗਰ ਕੌਂਸਲ ਦੇ ਈਓ ਰਵਨੀਤ ਸਿੰਘ ਨੇ ਦੱਸਿਆ ਕਿ ਸੜਕ ’ਤੇ ਸਾਈਨ ਬੋਰਡ ਲਗਾ ਦਿੱਤਾ ਜਾਵੇਗਾ ਅਤੇ ਇੱਕ ਹਫ਼ਤੇ ਵਿੱਚ ਪੁਲ ਦੀ ਰੇਲਿੰਗ ਬਣਾ ਦਿੱਤੀ ਜਾਵੇਗੀ।