Punjab
ਕਿਸਾਨ ਅੰਦੋਲਨ ਦਾ ਛੇਵਾਂ ਦਿਨ: ਚੰਡੀਗੜ੍ਹ ‘ਚ ਅੱਜ ਚੌਥੇ ਦੌਰ ਦੀ ਗੱਲਬਾਤ
18 ਫਰਵਰੀ 2024: ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਕਾਨੂੰਨੀ ਗਾਰੰਟੀ ਅਤੇ ਕਰਜ਼ਾ ਮੁਆਫੀ ਸਮੇਤ 12 ਮੰਗਾਂ ਨੂੰ ਲੈ ਕੇ ਦਿੱਲੀ ਵੱਲ ਮਾਰਚ ਕਰਨ ‘ਤੇ ਅੜੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਐਤਵਾਰ ਨੂੰ ਛੇਵੇਂ ਦਿਨ ਵੀ ਸ਼ੰਭੂ ਅਤੇ ਦਾਤਾ ਸਿੰਘ ਵਾਲਾ ਸਰਹੱਦ ‘ਤੇ ਡਟੀਆਂ ਰਹੀਆਂ। ਅੱਜ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਵਿਚਾਲੇ ਚੌਥੇ ਦੌਰ ਦੀ ਗੱਲਬਾਤ ਹੋਵੇਗੀ।
ਅੱਜ ਹੱਲ ਲੱਭਣ ਦੀ ਉਮੀਦ ਹੈ
ਸਾਰਿਆਂ ਦੀਆਂ ਨਜ਼ਰਾਂ ਕੇਂਦਰ ਸਰਕਾਰ ਅਤੇ ਕਿਸਾਨ ਨੇਤਾਵਾਂ ਵਿਚਾਲੇ ਚੌਥੇ ਦੌਰ ਦੀ ਗੱਲਬਾਤ ‘ਤੇ ਟਿਕੀਆਂ ਹੋਈਆਂ ਹਨ… ਕੇਂਦਰੀ ਮੰਤਰੀ ਅਰਜੁਨ ਮੁੰਡਾ, ਪੀਯੂਸ਼ ਗੋਇਲ ਅਤੇ ਨਿਤਿਆਨੰਦ ਰਾਏ ਸਰਕਾਰ ਦੇ ਪੱਖ ਤੋਂ ਗੱਲਬਾਤ ‘ਚ ਹਿੱਸਾ ਲੈਣਗੇ। ਕਿਸਾਨਾਂ ਦੀ ਤਰਫ਼ੋਂ ਉਨ੍ਹਾਂ ਦੀਆਂ ਜਥੇਬੰਦੀਆਂ ਦੇ ਆਗੂ ਸ਼ਮੂਲੀਅਤ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਗੱਲਬਾਤ ਵਿੱਚ ਹਿੱਸਾ ਲੈਣਗੇ। ਉਮੀਦ ਹੈ ਕਿ ਇਸ ਮੀਟਿੰਗ ਵਿੱਚ ਕੋਈ ਹੱਲ ਨਿਕਲ ਸਕਦਾ ਹੈ।
ਹਾਲਾਂਕਿ ਗੱਲਬਾਤ ਤੋਂ ਇਕ ਦਿਨ ਪਹਿਲਾਂ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਪੰਧੇਰ ਨੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ‘ਤੇ ਆਰਡੀਨੈਂਸ ਲਿਆਉਣ ਦੀ ਮੰਗ ਕਰਕੇ ਤਣਾਅ ਵਧਾ ਦਿੱਤਾ ਹੈ। ਸ਼ੰਭੂ ਸਰਹੱਦ ’ਤੇ ਇਨ੍ਹਾਂ ਆਗੂਆਂ ਨੇ ਕਰਜ਼ਾ ਮੁਆਫ਼ੀ ਅਤੇ ਬਿਜਲੀ ਐਕਟ ਨੂੰ ਰੱਦ ਕਰਨ ਦੀ ਮੰਗ ਕੀਤੀ।
ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਦੋ ਦਿਨਾਂ ਤੱਕ ਧਰਨਾ ਜਾਰੀ ਰਹੇਗਾ
ਸਰਹੱਦਾਂ ’ਤੇ ਕਿਲਾਬੰਦੀ ਕਾਰਨ ਦਿੱਲੀ ਵੱਲ ਮਾਰਚ ਕਰਨ ਦੀ ਰਣਨੀਤੀ ਫੇਲ੍ਹ ਹੁੰਦੀ ਦੇਖ ਕੇ ਕਿਸਾਨ ਜਥੇਬੰਦੀਆਂ ਨੇ ਸ਼ਨੀਵਾਰ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬਾ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਸਾਬਕਾ ਮੰਤਰੀ ਕੇਵਲ ਸਿੰਘ ਢਿੱਲੋਂ ਦੀਆਂ ਰਿਹਾਇਸ਼ਾਂ ਦੇ ਬਾਹਰ ਟੈਂਟ ਲਗਾ ਕੇ ਧਰਨਾ ਦਿੱਤਾ। ਇਹ ਧਰਨਾ ਦੋ ਦਿਨ ਤੱਕ ਜਾਰੀ ਰਹੇਗਾ। ਪ੍ਰਦਰਸ਼ਨ ਤੋਂ ਬਾਅਦ ਪਟਿਆਲਾ ‘ਚ ਕੈਪਟਨ ਦੀ ਰਿਹਾਇਸ਼ ਮੋਤੀ ਮਹਿਲ ਦੇ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ।
ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ
ਅੰਦੋਲਨ ਦੇ ਪੰਜਵੇਂ ਦਿਨ ਸ਼ਨੀਵਾਰ ਨੂੰ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਉਗਰਾਹਾਂ ਨੇ ਪੰਜਾਬ ਵਿੱਚ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਸੂਬੇ ਭਰ ਵਿੱਚ ਟੋਲ ਪਲਾਜ਼ਿਆਂ ਨੂੰ ਫਰੀ ਕੀਤਾ। ਇਸ ਦੇ ਨਾਲ ਹੀ ਹਰਿਆਣਾ ਵਿੱਚ ਬੀਕੇਯੂ ਚੜੂਨੀ ਧੜੇ ਨੇ ਤਹਿਸੀਲਾਂ ਵਿੱਚ ਟਰੈਕਟਰ ਮਾਰਚ ਕੱਢਿਆ।