Punjab
ਨਵੀਂ ਰਿਹਾਇਸ਼ ‘ਚ CM ਭਗਵੰਤ ਮਾਨ ਨੇ ਲਾਏ ਡੇਰੇ
JALANDHAR : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਡੇਰੇ ਜਨਤਕ ਹਿੱਤ ਵਿੱਚ ਸੂਬੇ ਦੇ ਲੋਕਾਂ ਖਾਸ ਕਰਕੇ ਮਾਝਾ ਅਤੇ ਦੋਆਬਾ ਖੇਤਰ ਦੇ ਲੋਕਾਂ ਨਾਲ ਕੀਤੇ ਇੱਕ ਹੋਰ ਵਾਅਦੇ ਨੂੰ ਪੂਰਾ ਕਰਦਿਆਂ ਆਪਣੀ ਰਿਹਾਇਸ਼ ਬਦਲ ਕੇ ਜਲੰਧਰ ‘ਚ ਡੇਰੇ ਲਾ ਲਏ ਹਨ।
CM ਭਗਵੰਤ ਮਾਨ ਨੇ ਕੀ ਕੁੱਝ ਕਿਹਾ
- ਮੁੱਖ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਇੱਕੋ ਇੱਕ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਖਾਸ ਕਰਕੇ ਮਾਝਾ ਅਤੇ ਦੁਆਬਾ ਖੇਤਰ ਦੇ ਲੋਕਾਂ ਨੂੰ ਉਨ੍ਹਾਂ ਦੇ ਰੋਜ਼ਮੱਰਾ ਦੇ ਕੰਮ ਕਰਵਾਉਣ ਲਈ ਸਹੂਲਤ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਆਪਣੀ ਕਿਸਮ ਦੀ ਇਸ ਨਿਵੇਕਲੀ ਪਹਿਲ ਦਾ ਉਦੇਸ਼ ਲੋਕਾਂ ਨਾਲ ਸਿੱਧੇ ਤੌਰ ‘ਤੇ ਜੁੜਨਾ ਹੈ ਕਿਉਂਕਿ ਉਹ ਲੋਕਾਂ ਦੀ ਸਹੂਲਤ ਲਈ ਹਫ਼ਤੇ ਦੇ ਕੁਝ ਦਿਨ ਇੱਥੇ ਮੌਜੂਦ ਰਹਿਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਰੋਜ਼ਮੱਰਾ ਦੇ ਕੰਮ ਕਰਵਾਉਣ ਲਈ ਹੁਣ ਚੰਡੀਗੜ੍ਹ ਨਹੀਂ ਜਾਣਾ ਪਵੇਗਾ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਖੁਦ ਉਨ੍ਹਾਂ ਲਈ ਜਲੰਧਰ ‘ਚ ਮੌਜੂਦ ਰਹਿਣਗੇ।
- ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਵਾਅਦਾ ਕੁਝ ਦਿਨ ਪਹਿਲਾਂ ਲੋਕਾਂ ਨਾਲ ਕੀਤਾ ਸੀ ਅਤੇ ਇਹ ਉਨ੍ਹਾਂ ਲਈ ਬਹੁਤ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਉਨ੍ਹਾਂ ਨੇ ਇਕ ਵਾਰ ਫਿਰ ਆਪਣੇ ਵਾਅਦੇ ਨੂੰ ਪੂਰਾ ਕਰਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਰ ਯਤਨ ਦਾ ਇੱਕੋ ਇੱਕ ਉਦੇਸ਼ ਸੂਬੇ ਦੀ ਤਰੱਕੀ ਅਤੇ ਇੱਥੋਂ ਦੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਦਿਨ ਪੁੱਗ ਗਏ, ਜਦੋਂ ਸਰਕਾਰ ਚੰਡੀਗੜ੍ਹ ਦੇ ਦਫਤਰਾਂ ਤੋਂ ਚਲਦੀ ਸੀ।
- ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਦੀ ਭਲਾਈ ਲਈ ਸਰਕਾਰ ਹੁਣ ਪਿੰਡਾਂ ਅਤੇ ਕਸਬਿਆਂ ਤੋਂ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ‘ਸਰਕਾਰ ਤੁਹਾਡੇ ਦੁਆਰ’ ਦੇ ਬੈਨਰ ਹੇਠ ਆਪਣੀ ਪ੍ਰਮੁੱਖ ਸਕੀਮ ਸ਼ੁਰੂ ਕੀਤੀ ਹੈ, ਜਿਸ ਤਹਿਤ ਲੋਕਾਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਘਰ-ਘਰ ਪਹੁੰਚਾਉਣ ਲਈ ਪਿੰਡ ਪੱਧਰ ‘ਤੇ ਕੈਂਪ ਲਾਏ ਜਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਲੋਕ ਭਲਾਈ ਲਈ ਅਜਿਹੇ ਹੋਰ ਲੋਕ ਪੱਖੀ ਉਪਰਾਲੇ ਕੀਤੇ ਜਾਣਗੇ।
(Report – Sunil Kataria, Senior Journalist, World Punjabi TV)
Continue Reading