Connect with us

National

ਬਾਬਾ ਸਿੱਦੀਕੀ ਕਤਲ: ਲੋੜੀਦਾ ਮੁਲਜ਼ਮ ਪੰਜਾਬ ‘ਚੋਂ ਗ੍ਰਿਫ਼ਤਾਰ, DGP ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਜਾਣਕਾਰੀ

Published

on

ਬਾਬਾ ਸਿੱਦਿਕੀ ਦੇ ਕਤਲ ਮਾਮਲੇ ਦੀਆਂ ਪੰਜਾਬ ਨਾਲ ਜੁੜੀਆਂ ਨਜ਼ਰ ਆ ਰਹੀਆਂ ਹਨ। ਇਸ ਗੱਲ ਦਾ ਉਦੋਂ ਪਤਾ ਲੱਗਿਆ ਜਦੋਂ ਪੰਜਾਬ ਪੁਲਿਸ ਅਤੇ ਮੁੰਬਈ ਪੁਲਿਸ ਨੇ ਬਾਬਾ ਸਿੱਦੀਕੀ ਦੇ ਕਤਲ ਮਾਮਲੇ ਵਿੱਚ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦਾ ਨਾਂ ਸੁਜੀਤ ਕੁਮਾਰ ਹੈ, ਜਿਸ ਨੂੰ ਪੁਲਿਸ ਨੇ ਭਾਮੀਆ ਕਲਾਂ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ’ਤੇ ਦਿੱਤੀ। ਮਿਲੀ ਜਾਣਕਾਰੀ ਮੁਤਾਬਿਕ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਮੁਲਜ਼ਮ ਸੁਜੀਤ ਆਪਣੇ ਸਹੁਰੇ ਘਰ ਛੁਪਿਆ ਹੋਇਆ ਸੀ। ਇਸ ਮਾਮਲੇ ‘ਚ ਹੁਣ ਤੱਕ ਕੁੱਲ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸੁਜੀਤ ਕੁਮਾਰ ਕਤਲ ਦੀ ਸਾਜਿਸ਼ ’ਚ ਸ਼ਾਮਲ ਸੀ। ਉਸ ਨੂੰ ਬਾਬਾ ਸਿੱਧੀਕੀ ਨੂੰ ਮਾਰਨ ਦੀ ਯੋਜਨਾ ਬਾਰੇ ਤਿੰਨ ਦਿਨ ਪਹਿਲਾਂ ਨਿਤਿਨ ਗੌਤਮ ਅਤੇ ਇੱਕ ਹੋਰ ਮੁਲਜ਼ਮ ਵੱਲੋਂ ਸੂਚਨਾ ਦਿੱਤੀ ਗਈ ਸੀ। ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਮੁਤਾਬਕ ਸੁਜੀਤ ਨੇ ਮਾਸਟਰਮਾਈਂਡ ਜੀਸ਼ਾਨ ਅਖਤਰ ਅਤੇ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ ਲਈ ਵਿਚੋਲੇ ਦੀ ਭੂਮਿਕਾ ਨਿਭਾਈ। ਫਿਲਹਾਲ ਉਸ ਨੂੰ ਅਗਲੇਰੀ ਕਾਰਵਾਈ ਦੇ ਲਈ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਉਹ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਲਖਨਊ ਦਾ ਰਹਿਣ ਵਾਲਾ ਹੈ। ਪਿਛਲੇ ਕੁਝ ਸਾਲਾਂ ਤੋਂ ਉਹ ਮੁੰਬਈ ਦੇ ਘਾਟਕੋਪਰ ਦੇ ਛੇਦਾਨਗਰ ਇਲਾਕੇ ‘ਚ ਰਹਿ ਰਿਹਾ ਸੀ ਅਤੇ ਉੱਥੇ ਕੰਮ ਕਰਦਾ ਸੀ। ਬਾਬਾ ਸਿੱਦੀਕੀ ਦੇ ਕਤਲ ਦੀ ਸਾਜ਼ਿਸ਼ ਰਚਣ ਤੋਂ ਬਾਅਦ ਉਹ ਲੁਧਿਆਣਾ ਭੱਜ ਗਿਆ ਅਤੇ ਉਥੇ ਲੁਕ ਗਿਆ। ਜਾਣਕਾਰੀ ਮੁਤਾਬਕ ਉਸ ਦਾ ਮਾਸਟਰਮਾਈਂਡ ਜੀਸ਼ਾਨ ਅਖਤਰ ਨਾਲ ਸਿੱਧਾ ਸਬੰਧ ਸੀ। ਇੱਕ ਵਾਰ ਲੁਧਿਆਣਾ ਵਿੱਚ, ਸੁਜੀਤ ਨੇ ਅਖਤਰ ਨੂੰ ਦੋਸ਼ੀ ਨਿਤਿਨ ਅਤੇ ਰਾਮ ਨਾਲ ਮਿਲਾਇਆ, ਜਿਨ੍ਹਾਂ ਨੇ ਬਾਬਾ ਸਿੱਦੀਕੀ ਦੇ ਕਤਲ ਲਈ ਹਥਿਆਰਾਂ ਦੀ ਖਰੀਦ ਵਿੱਚ ਮਦਦ ਕੀਤੀ ਸੀ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਬਾਬਾ ਸਿੱਦੀਕੀ ਦੀ ਸ਼ਰੇਆਮ ਹੱਤਿਆ ਕਰ ਦਿੱਤੀ ਗਈ ਸੀ। ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲੇਆਮ ਦੀ ਜ਼ਿੰਮੇਵਾਰੀ ਲਈ ਸੀ। ਇਸ ਕਤਲ ਤੋਂ ਬਾਅਦ ਬਾਬਾ ਸਿੱਦੀਕੀ ਦੇ ਕਾਤਲਾਂ ਦੀ ਲਗਾਤਾਰ ਭਾਲ ਜਾਰੀ ਹੈ।