Connect with us

India

Pakistan ਜਾਣ ਵਾਲੇ ਸਿੱਖ ਸ਼ਰਧਾਲੂਆਂ ਦੀ ਨਹੀਂ ਲੱਗੇਗੀ ਵੀਜ਼ਾ ਫੀਸ

Published

on

ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਦੀ ਖ਼ਬਰ ਸਾਹਮਣੇ ਆਈ ਹੈ । ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਬੀਤੇ ਦਿਨ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਵੀਜ਼ਾ ਨਿਯਮਾਂ ’ਚ ਵੱਡੀ ਢਿੱਲ ਦੇਣ ਦਾ ਐਲਾਨ ਕੀਤਾ ਹੈ । ਹੁਣ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਲਈ ਵੀਜ਼ਾ ਫੀਸ ਨਹੀਂ ਦੇਣੀ ਪਵੇਗੀ ਅਤੇ ਉਹ ਅੱਧੇ ਘੰਟੇ ਦੇ ਅੰਦਰ ਵੀਜ਼ਾ ਪ੍ਰਾਪਤ ਵੀ ਕਰ ਸਕਦੇ ਹਨ। ਇਹ ਤਬਦੀਲੀ ਤੁਰੰਤ ਲਾਗੂ ਹੋ ਗਈ ਹੈ।

44 ਅਮਰੀਕੀ ਸਿੱਖਾਂ ਦੇ ਸਮੂਹ ਦਾ ਸਵਾਗਤ ਕਰਦਿਆਂ ਨਕਵੀ ਨੇ ਅਮਰੀਕੀ ਨਾਗਰਿਕਾਂ ਲਈ ਯਾਤਰਾ ਦੀ ਆਸਾਨੀ ’ਤੇ ਜ਼ੋਰ ਦਿਤਾ, ਜੋ ਪਹੁੰਚਣ ’ਤੇ ਵੀਜ਼ਾ ਪ੍ਰਾਪਤ ਕਰ ਸਕਦੇ ਹਨ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਪਾਕਿਸਤਾਨ ਦੀ ਕਈ ਯਾਤਰਾਵਾਂ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦਸਿਆ ਕਿ ਯੂਕੇ ਅਤੇ ਕੈਨੇਡਾ ਦੇ ਨਾਗਰਿਕ ਸਰਲ ਆਨਲਾਈਨ ਪ੍ਰਕਿਰਿਆ ਰਾਹੀਂ ਆਸਾਨੀ ਨਾਲ ਵੀਜ਼ਾ ਪ੍ਰਾਪਤ ਕਰ ਸਕਦੇ ਹਨ।

ਨਕਵੀ ਨੇ 10 ਲੱਖ ਸਿੱਖ ਸ਼ਰਧਾਲੂਆਂ ਦਾ ਪਾਕਿਸਤਾਨ ਵਿਚ ਸਵਾਗਤ ਕਰਨ ਦੀ ਇੱਛਾ ਜ਼ਾਹਰ ਕੀਤੀ ਅਤੇ ਉਨ੍ਹਾਂ ਨੂੰ ਨਨਕਾਣਾ ਸਾਹਿਬ, ਕਰਤਾਰਪੁਰ ਅਤੇ ਹਸਨ ਅਬਦਾਲ ਵਰਗੇ ਰਵਾਇਤੀ ਸਥਾਨਾਂ ਤੋਂ ਬਾਹਰ ਜਾਣ ਲਈ ਉਤਸ਼ਾਹਤ ਕੀਤਾ। ਉਨ੍ਹਾਂ ਨੇ ਭਾਰਤੀ ਨਾਗਰਿਕਾਂ ਸਮੇਤ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਪਾਕਿਸਤਾਨ ਵਿਚ 2025 ਵਿਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਵਿਚ ਸ਼ਾਮਲ ਹੋਣ ਦਾ ਸੱਦਾ ਦਿਤਾ ਅਤੇ ਉਨ੍ਹਾਂ ਦੀ ਸ਼ਮੂਲੀਅਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।

ਮੋਹਸਿਨ ਨਕਵੀ ਨੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੀ ਗਿਣਤੀ ਸਾਲਾਨਾ 1 ਲੱਖ ਤੋਂ ਵਧਾ ਕੇ 10 ਲੱਖ ਕਰਨ ਦੀ ਇੱਛਾ ਜ਼ਾਹਰ ਕੀਤੀ ਅਤੇ ਨੌਜੁਆਨ ਪੀੜ੍ਹੀ ਨੂੰ ਆਕਰਸ਼ਿਤ ਕਰਨ ’ਤੇ ਵਿਸ਼ੇਸ਼ ਜ਼ੋਰ ਦਿਤਾ। ਉਨ੍ਹਾਂ ਇਹ ਵੀ ਦਸਿਆ ਕਿ ਸਰਕਾਰ ਨੇ 124 ਦੇਸ਼ਾਂ ਦੇ ਨਾਗਰਿਕਾਂ ਲਈ ਮੁਫਤ ਵੀਜ਼ਾ ਦੀ ਸਹੂਲਤ ਸ਼ੁਰੂ ਕੀਤੀ ਹੈ।

ਸਿੱਖ ਸ਼ਰਧਾਲੂਆਂ ਦੇ ਵਫ਼ਦ ਨੇ ਗ੍ਰਹਿ ਮੰਤਰੀ ਨਕਵੀ ਦਾ ਉਨ੍ਹਾਂ ਦੀ ਮਹਿਮਾਨਨਿਵਾਜ਼ੀ ਲਈ ਧੰਨਵਾਦ ਕੀਤਾ ਅਤੇ ਆਨਲਾਈਨ ਵੀਜ਼ਾ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਦੀ ਸ਼ਲਾਘਾ ਕਰਦਿਆਂ ਕਿਹਾ, ‘‘ਤੁਸੀਂ ਸਾਡਾ ਦਿਲ ਜਿੱਤ ਲਿਆ ਹੈ। ਉਨ੍ਹਾਂ ਨੇ ਪਾਕਿਸਤਾਨ ’ਚ ਨਿਵੇਸ਼ ਦੇ ਮੌਕਿਆਂ ਦੀ ਤਲਾਸ਼ ਕਰਨ ’ਚ ਵੀ ਦਿਲਚਸਪੀ ਜ਼ਾਹਰ ਕੀਤੀ। ਇਸ ਮੌਕੇ ਉੱਘੇ ਉਦਯੋਗਪਤੀ ਕਾਸ਼ਿਫ ਅਸ਼ਫਾਕ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।