International
ਕਿਊਬਾ ‘ਚ ਭੂਚਾਲ ਨੇ ਹਿਲਾਈ ਧਰਤੀ
ਐਤਵਾਰ ਦੇਰ ਰਾਤ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 6.8 ਦੱਸੀ ਗਈ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਲੋਕਾਂ ਘਰਾਂ ‘ਚੋਂ ਤੇਜ਼ੀ ਨਾਲ ਭੱਜ ਭੱਜ ਕੇ ਬਾਹਰ ਨਿਕਲੇ, ਇੰਨਾ ਹੀ ਨਹੀਂ ਵੱਡੀਆਂ-ਵੱਡੀਆਂ ਇਮਾਰਤਾਂ ਤੱਕ ਵੀ ਹਿੱਲ ਗਈਆਂ। ਖ਼ਬਰ ਕਿਊਬਾ ਦੀ ਹੈ, ਜਿੱਥੇ ਤੂਫ਼ਾਨ ਅਤੇ ਬਲੈਕਆਊਟ ਤੋਂ ਬਾਅਦ ਜ਼ਬਰਦਸਤ ਭੂਚਾਲ ਦੇ ਝਟਕੇ ਲੱਗੇ ਹਨ। ਇਸ ਘਟਨਾ ਨਾਲ ਜੁੜੀਆਂ ਕਈ ਤਸਵੀਰਾਂ ਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਭੂਚਾਲ ਕਾਰਨ ਭਾਰੀ ਮਾਲੀ ਨੁਕਸਾਨ ਹੋਇਆ ਹੈ ਹਾਲਾਂਕਿ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਕਿਊਬਾ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸੈਂਟੀਆਗੋ ਵਿੱਚ ਧਰਤੀ ਕੰਬਦੇ ਹੀ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਲੋਕ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ‘ਤੇ ਆ ਗਏ। ਝਟਕਾ ਬੰਦ ਹੋਣ ਤੋਂ ਬਾਅਦ ਵੀ ਲੋਕ ਬਾਹਰ ਬੈਠੇ ਰਹੇ। ਲੋਕ ਇੰਨੇ ਡਰੇ ਹੋਏ ਸਨ ਕਿ ਉਨ੍ਹਾਂ ਨੇ ਘਰ ਵਿਚ ਜਾਣ ਦੀ ਹਿੰਮਤ ਨਹੀਂ ਕੀਤੀ।
ਭੂਚਾਲ ਦਾ ਕੇਂਦਰ ਪੂਰਬੀ ਕਿਊਬਾ ਵਿੱਚ ਬਾਰਟੋਲੋਮੇ ਮਾਸੋ ਤੋਂ ਲਗਭਗ 40 ਕਿਲੋਮੀਟਰ ਦੱਖਣ ਵਿੱਚ ਸਥਿਤ ਸੀ, ਯੂਐਸ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ। ਸੈਂਟੀਆਗੋ ਡੀ ਕਿਊਬਾ ਵਰਗੇ ਵੱਡੇ ਸ਼ਹਿਰਾਂ ਸਮੇਤ ਕਿਊਬਾ ਦੇ ਪੂਰਬੀ ਹਿੱਸੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦਾ ਕੁਝ ਅਸਰ ਗਵਾਂਤਾਨਾਮੋ ਅਤੇ ਜਮਾਇਕਾ ਵਿੱਚ ਵੀ ਦੇਖਿਆ ਗਿਆ।
ਯੂਐਸ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 6.8 ਸੀ, ਜਿਸ ਦਾ ਕੇਂਦਰ ਜ਼ਮੀਨ ਤੋਂ 14 ਕਿਲੋਮੀਟਰ ਅੰਦਰ ਸੀ। ਅਮਰੀਕੀ ਏਜੰਸੀ ਮੁਤਾਬਕ ਕਿਊਬਾ ‘ਚ ਭੂਚਾਲ ਤੋਂ ਪਹਿਲਾਂ ਨੇੜਲੇ ਇਲਾਕਿਆਂ ‘ਚ 5.9 ਤੀਬਰਤਾ ਦੇ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕਿਊਬਾ ਦੇ ਅਧਿਕਾਰੀਆਂ ਵੱਲੋਂ ਸਥਾਨਕ ਲੋਕਾਂ ਨੂੰ ਚੌਕਸ ਰਹਿਣ ਦੀ ਚੇਤਾਵਨੀ ਦਿੱਤੀ ਗਈ ਕਿਉਂਕਿ ਹੋਰ ਝਟਕੇ ਲੱਗਣ ਦੀ ਵੀ ਸੰਭਾਵਨਾ ਹੈ।
ਇਸ ਘਟਨਾ ‘ਤੇ ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼-ਕੈਨੇਲ ਨੇ ਟਵਿੱਟਰ ‘ਤੇ ਕਿਹਾ ਕਿ ਭੂਚਾਲ ਕਰਕੇ ਜ਼ਮੀਨ ਖਿਸਕ ਗਈ ਹੈ। ਘਰਾਂ ਅਤੇ ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਪਹੁੰਚਿਆ ਹੈ। ਅਸੀਂ ਨੁਕਸਾਨ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਸਾਡਾ ਪਹਿਲਾ ਨਿਸ਼ਾਨਾ ਲੋਕਾਂ ਦੀ ਜਾਨ ਬਚਾਉਣਾ ਹੈ।