Connect with us

Punjab

ਡੋਲੀ ਲਈ ਸਜਾਈ ਲਿਮੋਜ਼ਿਨ ਗੱਡੀ ਦਾ ਪੁਲਿਸ ਨੇ ਕੱਟਿਆ ਚਲਾਨ, ਜਾਣੋ ਕੀ ਹੈ ਪੂਰਾ ਮਾਮਲਾ ?

Published

on

ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਕਿ ਡੋਲੀ ਵਾਲੀ ਸਜਾਈ ਲਿਮੋਜ਼ਿਨ ਗੱਡੀ ਦਾ ਪੁਲਿਸ ਵੱਲੋਂ ਚਲਾਨ ਕੱਟ ਦਿੱਤਾ ਗਿਆ ਹੈ। ਇਹ ਖ਼ਬਰ ਜਲੰਧਰ ਦੀ ਹੈ, ਜਿੱਥੇ ਰਾਮਾਮੰਡੀ ਦੀ ਦਕੋਹਾ ਚੌਂਕੀ ਦੀ ਪੁਲਸ ਨੇ ਰਾਤ ਸਮੇ ਵਿਆਹ ਲਈ ਜਾ ਰਹੀ ਲਿਮੋਜ਼ਿਨ ਗੱਡੀ ਦਾ ਚਲਾਨ ਕਰ ਦਿੱਤਾ ਗਿਆ। ਹੈਰਾਨ ਕਰਦੀ ਗੱਲ ਤਾਂ ਇਹ ਹੈ ਕਿ ਉਕਤ ਗੱਡੀ ਦੇ ਸ਼ੀਸ਼ੇ ਕਾਲੇ ਸਨ, ਜਿਸ ਦੇ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਲਿਮੋਜ਼ਿਨ ਗੱਡੀ ‘ਤੇ ਫੁੱਲ ਲਾ ਕੇ ਤਿਆਰ ਕੀਤੀ ਗਈ ਸੀ। ਉਕਤ ਗੱਡੀ ਨੂੰ ਸ੍ਰੀ ਗੁਰਦੁਆਰਾ ਸਾਹਿਬ ਵਿਚ ਲਾੜੇ ਨੂੰ ਲਿਆਉਣ ਲਈ ਲਿਜਾਈ ਜਾ ਰਹੀ ਸੀ ਪਰ ਰਸਤੇ ਵਿਚ ਹੀ ਨਾਕੇ ‘ਤੇ ਪੁਲਸ ਨੇ ਗੱਡੀ ਰੋਕ ਲਈ ਅਤੇ ਉਸ ਦਾ ਚਲਾਨ ਕੱਟ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ ਇਹ ਸਾਰਾ ਘਟਨਾਕ੍ਰਮ ਕਾਕੀ ਪਿੰਡ ਗੁਰਦੁਆਰਾ ਸਾਹਿਬ ਦੇ ਬਾਹਰ ਦਾ ਸੀ। ਥਾਣਾ ਰਾਮਾਮੰਡੀ ਦੀ ਚੌਂਕੀ ਦਕੋਹਾ ਦੇ ਇੰਚਾਰਜ ਸਬ ਇੰਸਪੈਕਟਰ ਨਰਿੰਦਰ ਮੋਹਨ ਦੁਆਰਾ ਨਾਕਾਬੰਦੀ ਕੀਤੀ ਗਈ ਸੀ, ਜਿੱਥੇ ਉਕਤ ਗੱਡੀ ਦਾ ਚਲਾਨ ਕੱਟ ਦਿੱਤਾ ਗਿਆ। ਸਬ ਇੰਸਪੈਕਟਰ ਨਰਿੰਦਰ ਮੋਹਨ ਨੇ ਦੱਸਿਆ ਕਿ ਪੂਰੀ ਕਾਰ ‘ਤੇ ਬਿਨਾਂ ਕਿਸੇ ਇਜਾਜ਼ਤ ਦੇ ਕਾਲੇ ਸ਼ੀਸ਼ੇ ਲੱਗੇ ਹੋਏ ਸਨ। ਸਾਰੇ ਸ਼ੀਸ਼ਿਆਂ ‘ਤੇ ਫਿਲਮ ਚੜ੍ਹਾਈ ਗਈ ਸੀ। ਜਿਵੇਂ ਹੀ ਨਾਕੇ ਤੋਂ ਲੰਘਦੀ ਗੱਡੀ ਨੂੰ ਵੇਖਿਆ ਤਾਂ ਤੁਰੰਤ ਰੋਕ ਲਿਆ ਗਿਆ।

ਦੱਸ ਦੇਈਏ ਕਿ ਜਦੋਂ ਕਾਰ ਦਾ ਚਲਾਨ ਕੱਟਿਆ ਗਿਆ ਤਾਂ ਕਾਰ ‘ਚ ਸਿਰਫ਼ ਡਰਾਈਵਰ ਹੀ ਸੀ। ਜਦੋਂ ਡਰਾਈਵਰ ਨੂੰ ਕਾਰ ਦੇ ਕਾਲੇ ਸ਼ੀਸ਼ਿਆਂ ਬਾਰੇ ਪੁੱਛਿਆ ਗਿਆ ਤਾਂ ਉਸ ਵੱਲੋਂ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ ਸੀ, ਜਿਸ ਕਾਰਨ ਉਸ ਦਾ ਚਲਾਨ ਕੱਟਿਆ ਗਿਆ। ਜਾਣਕਾਰੀ ਅਨੁਸਾਰ ਲਿਮੋਜ਼ਿਨ ਕਾਰ ਦਾ ਡਰਾਈਵਰ ਜੰਡੂ ਸਿੰਘਾ ਵੱਲ ਜਾ ਰਿਹਾ ਸੀ। ਦਕੋਹਾ ਚੌਂਕੀ ਦੇ ਇੰਚਾਰਜ ਨਰਿੰਦਰ ਮੋਹਨ ਨੇ ਦੱਸਿਆ ਕਿ ਠੋਸ ਦਸਤਾਵੇਜ਼ ਨਾ ਵਿਖਾ ਸਕਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ।