National
ਸੰਸਦ ‘ਚ ਪ੍ਰਿਅੰਕਾ ਗਾਂਧੀ ਵੱਲੋਂ ‘ਫਲਸਤੀਨ’ ਲਿਖਿਆ ਬੈਗ ਲਿਆਉਣ ‘ਤੇ CM ਯੋਗੀ ਅਦਿਤਿਆਨਾਥ ਵੱਲੋਂ ਵਿੰਨ੍ਹਿਆ ਤਿੱਖਾ ਨਿਸ਼ਾਨਾ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਪ੍ਰਿਅੰਕਾ ਗਾਂਧੀ ਦੇ ਸੰਸਦ ‘ਚ ਫਲਸਤੀਨ ਲਿਖਿਆ ਬੈਗ ਲੈ ਕੇ ਜਾਣ ‘ਤੇ ਸਵਾਲ ਚੁੱਕੇ ਹਨ। ਮੁੱਖ ਮੰਤਰੀ ਯੋਗੀ ਨੇ ਯੂਪੀ ਵਿਧਾਨ ਸਭਾ ‘ਚ ਕਿਹਾ ਕਿ ਕਾਂਗਰਸ ਦੇ ਨੇਤਾ ਫਲਸਤੀਨ ਦਾ ਥੈਲਾ ਲੈ ਕੇ ਘੁੰਮ ਰਹੇ ਹਨ ਅਤੇ ਅਸੀਂ ਆਪਣੇ ਨੌਜਵਾਨਾਂ ਨੂੰ ਇਜ਼ਰਾਈਲ ਭੇਜ ਰਹੇ ਹਾਂ। ਯੋਗੀ ਨੇ ਇਹ ਵੀ ਕਿਹਾ ਕਿ ਹੁਣ ਤੱਕ ਯੂਪੀ ਤੋਂ 5600 ਤੋਂ ਵੱਧ ਨੌਜਵਾਨ ਇਜ਼ਰਾਈਲ ਜਾ ਚੁੱਕੇ ਹਨ, ਜਿੱਥੇ ਉਸਾਰੀ ਦੇ ਕੰਮ ਲਈ ਉਨ੍ਹਾਂ ਨੂੰ ਮੁਫਤ ਰਿਹਾਇਸ਼ , ਖਾਣੇ ਦਾ ਪ੍ਰਬੰਧ ਅਤੇ ਡੇਢ ਲੱਖ ਰੁਪਏ ਮਹੀਨਾ ਤਨਖਾਹ ਮਿਲ ਰਹੀ ਹੈ।
ਦੱਸ ਦੇਈਏ ਕਿ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਬੀਤੇ ਸੋਮਵਾਰ ਨੂੰ ਸੰਸਦ ‘ਚ ਫ਼ਲਸਤੀਨ ਲਿਖਿਆ ਬੈਗ ਲਾ ਕੇ ਪਹੁੰਚੀ ਸੀ। ਇਸ ਤੋਂ ਬਾਅਦ ਭਾਜਪਾ ਨੇ ਨਰਾਜ਼ਗੀ ਜਤਾਉਂਦਿਆਂ ਕਿਹਾ ਸੀ ਕਿ ਪ੍ਰਿਅੰਕਾ ਨੂੰ ਬੰਗਲਾਦੇਸ਼ੀ ਹਿੰਦੂਆਂ ਦਾ ਦਰਦ ਨਹੀਂ ਦਿਸਦਾ। ਇਸ ਤੋਂ ਬਾਅਦ ਮੰਗਲਵਾਰ ਯਾਨੀ ਕਿ ਅੱਜ ਪ੍ਰਿਅੰਕਾ ਗਾਂਧੀ ਬੰਗਲਾਦੇਸ਼ੀ ਹਿੰਦੂਆਂ ਦੇ ਸਮਰਥਨ ਵਾਲਾ ਬੈਗ ਲੈ ਕੇ ਸੰਸਦ ਗਈ ਸੀ।
ਅੱਜ ਕਾਂਗਰਸ ਦੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਕਰੀਮ ਰੰਗ ਦਾ ਹੈਂਡਬੈਗ ਲੈ ਕੇ ਸੰਸਦ ‘ਚ ਪਹੁੰਚੀ, ਜਿਸ ‘ਤੇ ‘ਬੰਗਲਾਦੇਸ਼ ਦੇ ਹਿੰਦੂਆਂ ਅਤੇ ਕ੍ਰਿਸਚਨਾਂ ਦੇ ਨਾਲ ਖੜ੍ਹੇ’ ਸ਼ਬਦ ਲਿਖੇ ਹੋਏ ਸਨ। ਇਹ ਇੱਕ ਦਿਨ ਪਹਿਲਾਂ ਸ਼ੁਰੂ ਹੋਇਆ ਸੀ ਜਦੋਂ ਉਸਨੇ ਫਲਸਤੀਨ ਦੇ ਲੋਕਾਂ ਨਾਲ ਇਕਜੁੱਟਤਾ ਪ੍ਰਗਟਾਈ ਸੀ। ਕੱਲ੍ਹ ਵੀ ਪ੍ਰਿਅੰਕਾ ਇਕ ਬੈਗ ਲੈ ਕੇ ਪਹੁੰਚੀ ਸੀ, ਜਿਸ ‘ਤੇ ‘ਫਲਸਤੀਨ’ ਲਿਖਿਆ ਹੋਇਆ ਸੀ।