Punjab
ਅੱਧੀ ਰਾਤ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਸਿਹਤ
ਮੰਗਾਂ ਦੀ ਪੂਰਤੀ ਲਈ ਕੇਂਦਰ ਖਿਲਾਫ਼ ਖਨੌਰੀ ਸਰਹੱਦ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਜਿੱਥੇ ਅੱਜ 54ਵਾਂ ਦਿਨ ਸ਼ੁਰੂ ਹੋ ਗਿਆ ਹੈ। ਉੱਥੇ ਹੀ ਲੰਘੀ ਅੱਧੀ ਰਾਤ ਤੋਂ ਉਲਟੀਆਂ ਆਉਣ ਕਾਰਨ ਉਨ੍ਹਾਂ ਦੀ ਸਿਹਤ ਮੁੜ ਵਿਗੜ ਗਈ। ਵੀਰਵਾਰ ਰਾਤ 12.25 ਵਜੇ ਡੱਲੇਵਾਲ ਨੇ 3-4 ਵਾਰ ਉਲਟੀਆਂ ਕੀਤੀਆਂ। ਉਦੋਂ ਤੋਂ ਉਹ 150-200 ਮਿਲੀਲੀਟਰ ਪਾਣੀ ਪੀ ਚੁੱਕੇ ਹਨ। ਇੱਥੇ ਇਹ ਵੀ ਦੱਸ ਦੇਈਏ ਕਿ ਡੱਲੇਵਾਲ ਦਾ 20 ਕਿਲੋ ਭਾਰ ਘੱਟ ਗਿਆ ਹੈ। ਜਦੋਂ ਉਨ੍ਹਾਂ ਨੇ ਮਰਨ ਵਰਤ ਸ਼ੁਰੂ ਕੀਤਾ ਸੀ, ਤਾਂ ਉਨ੍ਹਾਂ ਦਾ ਭਾਰ 86 ਕਿਲੋ 950 ਗ੍ਰਾਮ ਸੀ, ਜਦਕਿ ਹੁਣ ਇਹ ਘੱਟ ਕੇ 66 ਕਿਲੋ 400 ਗ੍ਰਾਮ ਰਹਿ ਗਿਆ ਹੈ।
ਅੱਜ ਫਿਰ ਹੋਵੇਗੀ ਮੀਟਿੰਗ-
ਦੱਸ ਦੇਈਏ ਕਿ ਅੱਜ ਖਨੌਰੀ ਅਤੇ ਸ਼ੰਭੂ ਫਰੰਟ ਦੇ ਆਗੂਆਂ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦੀ ਪਟਿਆਲਾ ਦੇ ਪਾਤੜਾਂ ਵਿੱਚ ਇੱਕ ਮੀਟਿੰਗ ਹੋਵੇਗੀ। ਮੀਟਿੰਗ ਵਿੱਚ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਸਬੰਧੀ ਰਣਨੀਤੀ ਬਣਾਈ ਜਾਵੇਗੀ। ਦੂਜੇ ਪਾਸੇ, ਐਸਕੇਐਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ। ਜਿਸ ਵਿੱਚ ਉਨ੍ਹਾਂ ਨੇ ਕਿਸਾਨ ਆਗੂ ਡੱਲੇਵਾਲ ਦੀ ਸਿਹਤ ‘ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬੇਨਤੀ ਕੀਤੀ ਹੈ।
21 ਜਨਵਰੀ ਨੂੰ ਦਿੱਲੀ ਵੱਲ ਨੂੰ ਚਾਲੇ ਪਾਉਣਗੇ ਕਿਸਾਨ-
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸ਼ੰਭੂ ਸਰਹੱਦ ‘ਤੇ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਉਹ 21 ਜਨਵਰੀ ਨੂੰ ਦਿੱਲੀ ਵੱਲ ਮਾਰਚ ਕਰਨਗੇ। ਜੱਥੇ ਵਿੱਚ 101 ਕਿਸਾਨ ਸ਼ਾਮਲ ਕੀਤੇ ਜਾਣਗੇ। ਕੇਂਦਰ ਸਰਕਾਰ ਅਜੇ ਵੀ ਗੱਲਬਾਤ ਦੇ ਮੂਡ ਵਿੱਚ ਨਹੀਂ ਹੈ, ਇਸ ਲਈ ਅਸੀਂ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ।
ਜ਼ਿਕਰਯੋਗ ਹੈ ਕਿ ਕਿਸਾਨ ਦਸੰਬਰ ਦੇ ਮਹੀਨੇ ‘ਚ ਤਿੰਨ ਵਾਰ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹਨ। ਕਿਸਾਨ 6 ਦਸੰਬਰ, 8 ਦਸੰਬਰ ਅਤੇ 14 ਦਸੰਬਰ 2024 ਨੂੰ ਦਿੱਲੀ ਲਈ ਰਵਾਨਾ ਹੋਏ ਪਰ ਤਿੰਨੋਂ ਵਾਰ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਬੈਰੀਕੇਡਾਂ ‘ਤੇ ਰੋਕ ਲਿਆ।