Punjab
ਡੇਰਾ ਰਾਧਾ ਸੁਆਮੀ ਬਿਆਸ ‘ਚ VIP ਕਲਚਰ ਨੂੰ ਲੈ ਕੇ ਵੱਡਾ ਫ਼ੈਸਲਾ
ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਨੇ ਇਤਿਹਾਸਕ ਫੈਸਲਾ ਲੈਂਦਿਆਂ ਆਪਣੇ ਕੇਂਦਰਾਂ ਵਿੱਚੋਂ ਵੀਆਈਪੀ ਕਲਚਰ ਨੂੰ ਖ਼ਤਮ ਕਰ ਦਿੱਤਾ ਹੈ। ਇਸ ਸਬੰਧੀ ਡੇਰੇ ਵੱਲੋਂ ਬਾਕਾਇਦਾ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ, ਜਿਸ ਵਿਚ ਸਾਫ਼ ਕੀਤਾ ਗਿਆ ਹੈ ਕਿ ਹੁਣ ਡੇਰੇ ਵਿਚ ਨਤਮਸਤਕ ਹੋਣ ਲਈ ਆਉਣ ਵਾਲੇ VIPs ਨੂੰ ਸਪੈਸ਼ਲ ਟ੍ਰੀਟਮੈਂਟ ਨਹੀਂ ਮਿਲੇਗਾ ਤੇ ਉਹ ਆਮ ਸੰਗਤ ਦੇ ਨਾਲ ਹੀ ਸਤਿਸੰਗ ਵਿਚ ਬੈਠਣਗੇ।ਇਸ ਦਾ ਉਦੇਸ਼ ਸੰਗਤ ਵਿੱਚ ਹਰ ਇੱਕ ਨੂੰ ਬਰਾਬਰ ਮਹੱਤਵ ਦੇਣਾ ਅਤੇ ਅਧਿਆਤਮਿਕ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਤਿਸੰਗ ਦੌਰਾਨ ਵੀ.ਆਈ.ਪੀਜ਼ ਲਈ ਵਿਸ਼ੇਸ਼ ਬੈਠਣ ਦੇ ਪ੍ਰਬੰਧ ਅਤੇ ਪਾਸ ਜਾਰੀ ਕੀਤੇ ਗਏ ਸਨ। ਨਵੇਂ ਨਿਯਮਾਂ ਅਨੁਸਾਰ ਸਾਰੇ ਸ਼ਰਧਾਲੂ ਇੱਕੋ ਥਾਂ ‘ਤੇ ਬੈਠਣਗੇ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵਿਸ਼ੇਸ਼ ਅਧਿਕਾਰ ਨਹੀਂ ਹੋਵੇਗਾ। ਸੰਗਤਾਂ ਨੇ ਇਸ ਨੂੰ ਸ਼ਲਾਘਾਯੋਗ ਕਦਮ ਦੱਸਿਆ ਹੈ। ਸੰਗਤ ਦਾ ਕਹਿਣਾ ਹੈ ਕਿ ਇਹ ਬਦਲਾਅ ਸਾਰਿਆਂ ਲਈ ਬਰਾਬਰਤਾ ਅਤੇ ਏਕਤਾ ਨੂੰ ਯਕੀਨੀ ਬਣਾਏਗਾ।
ਜ਼ਿਕਰਯੋਗ ਹੈ ਕਿ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਨੇ 2 ਅਗਸਤ ਨੂੰ ਆਪਣੇ ਨਵੇਂ ਉਤਰਾਧਿਕਾਰੀ ਦਾ ਐਲਾਨ ਕੀਤਾ ਸੀ। ਜਸਦੀਪ ਸਿੰਘ ਗਿੱਲ ਨੂੰ ਅਧਿਆਤਮਿਕ ਸਤਿਸੰਗ ਸੰਸਥਾ ਦਾ ਨਵਾਂ ਮੁਖੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਜਥੇਬੰਦੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਸਨ।