Punjab
ਮੌਸਮ ‘ਚ ਹੋਇਆ ਬਦਲਾਅ, ਖਿੜਨ ਲੱਗੀ ਧੁੱਪ
PUNJAB WEATHER : ਪੰਜਾਬ ਵਿਚ ਕੜਾਕੇ ਦੀ ਠੰਢ ਤੋਂ ਵੱਡੀ ਰਾਹਤ ਮਿਲੀ ਹੈ। ਕਈ ਦਿਨਾਂ ਦੇ ਬਾਅਦ ਖੁੱਲ੍ਹ ਕੇ ਖਿੜੀ ਧੁੱਪ ਕਾਰਨ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਦੇ ਪਾਰ ਪਹੁੰਚ ਗਿਆ, ਜਿਸ ਨੇ ਮੌਸਮ ਵਿਚ ਵੱਡਾ ਬਦਲਾਅ ਕੀਤਾ ਹੈ।
ਪੰਜਾਬ ਵਿਚ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਫਾਜ਼ਿਲਕਾ ਵਿਚ 26.9 ਡਿਗਰੀ ਦੇ ਲੱਗਭਗ ਦਰਜ ਕੀਤਾ ਗਿਆ, ਜਦਕਿ ਜਲੰਧਰ, ਲੁਧਿਆਣਾ ਅਤੇ ਆਲੇ-ਦੁਆਲੇ ਦੇ ਕਈ ਜ਼ਿਲਿਆਂ ਵਿਚ 21 ਤੋਂ 23 ਡਿਗਰੀ ਤਾਪਮਾਨ ਕਾਰਨ ਠੰਢੀਆਂ ਹਵਾਵਾਂ ਤੋਂ ਰਾਹਤ ਮਿਲੀ, ਉਥੇ ਹੀ ਦੇਰ ਰਾਤ ਜਲੰਧਰ ਦਾ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਦਰਜ ਹੋਇਆ।
ਰਾਹਤ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ 10 ਵਜੇ ਧੁੱਪ ਨਿਕਲ ਆਈ ਅਤੇ ਸ਼ਾਮ 4 ਵਜੇ ਦੇ ਬਾਅਦ ਤਕ ਧੁੱਪ ਦਾ ਪੂਰਾ ਜ਼ੋਰ ਦੇਖਣ ਨੂੰ ਮਿਲਿਆ। ਮੌਸਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਧੁੱਪ ਨਿਕਲਣ ਦੇ ਆਸਾਰ ਹਨ, ਜਦਕਿ ਬੁੱਧਵਾਰ ਨੂੰ ਮੌਸਮ ਵਿਚ ਕੁਝ ਬਦਲਾਅ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ 2-3 ਦਿਨ ਧੁੱਪ ਖੁੱਲ੍ਹ ਕੇ ਲੱਗ ਗਈ ਤਾਂ ਮੌਸਮ ਆਮ ਵਾਂਗ ਹੋਣ ਲੱਗੇਗਾ।
ਮੌਸਮ ਵਿਭਾਗ ਵੱਲੋਂ ਹਰ ਤਰ੍ਹਾਂ ਦੇ ਅਲਰਟ ਖਤਮ ਕਰ ਦਿੱਤੇ ਗਏ ਹਨ, ਜਿਸ ਕਾਰਨ ਪੰਜਾਬ ਗ੍ਰੀਨ ਜ਼ੋਨ ਵਿਚ ਆ ਚੁੱਕਾ ਹੈ। ਇਸ ਕਾਰਨ ਧੁੰਦ ਅਤੇ ਕੋਹਰੇ ਆਦਿ ਤੋਂ ਫਿਲਹਾਲ ਨਿਜਾਤ ਮਿਲ ਚੁੱਕੀ ਹੈ। ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਸੂਬਿਆਂ ਵਿਚ ਮੌਸਮ ਵਿਚ ਬਦਲਾਅ ਹੋਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।
ਧੁੱਪ ਨਿਕਲਣ ਕਾਰਨ ਬਾਜ਼ਾਰਾਂ ਵਿਚ ਰੁਟੀਨ ਤੋਂ ਵੱਧ ਚਹਿਲ-ਪਹਿਲ ਦੇਖਣ ਨੂੰ ਮਿਲੀ, ਜਿਸ ਕਾਰਨ ਦੁਕਾਨਦਾਰਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਆਏ। ਦਿਨ ਵੱਡੇ ਹੋਣੇ ਸ਼ੁਰੂ ਹੋ ਚੁੱਕੇ ਹਨ, ਜਿਸ ਕਾਰਨ 6 ਵਜੇ ਤਕ ਦਿਨ ਰਹਿਣ ਲੱਗਾ ਹੈ। ਇਸ ਕਾਰਨ ਗਾਹਕਾਂ ਦੀ ਆਵਾਜਾਈ ਦੇਰ ਸ਼ਾਮ ਤਕ ਦੇਖਣ ਨੂੰ ਮਿਲ ਰਹੀ ਹੈ।
ਹਿਮਾਚਲ ਪ੍ਰਦੇਸ਼ ਦੇ ਹੰਸਾ ’ਚ 15 ਤੇ ਮੁਰੰਗ ’ਚ 0.3 ਸੈਂਟੀਮੀਟਰ ਤਾਜ਼ਾ ਬਰਫ਼ਬਾਰੀ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਮੰਗਲਵਾਰ ਰਾਤ ਤੋਂ ਬੁੱਧਵਾਰ ਰਾਤ ਤੱਕ ਦਰਮਿਆਨੀ ਉੱਚਾਈ ਵਾਲੇ ਖੇਤਰਾਂ ’ਚ ਹੋਰ ਬਰਫ਼ਬਾਰੀ ਹੋਵੇਗੀ। ਇਸ ਲਈ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ।ਸੈਰ-ਸਪਾਟਾ ਕੇਂਦਰਾਂ ਨਾਲਢੇਰਾ, ਮਨਾਲੀ ਤੇ ਸ਼ਿਮਲਾ ’ਚ ਹੋਰ ਬਰਫ਼ਬਾਰੀ ਹੋਵੇਗੀ। ਕੁਫ਼ਰੀ, ਨਾਰਕੰਡਾ, ਸੋਲਾਂਗ ਵਾਦੀ ਤੇ ਸਿਸੂ ’ਚ ਵੀ ਬਰਫ਼ ਪੈ ਸਕਦੀ ਹੈ। ਊਨਾ, ਹਮੀਰਪੁਰ, ਬਿਲਾਸਪੁਰ, ਮੰਡੀ ਤੇ ਕਾਂਗੜਾ ’ਚ ‘ਕੋਲਡ ਵੇਵ’ ਦਾ ਅਲਰਟ ਜਾਰੀ ਕੀਤਾ ਗਿਆ ਹੈ। 22 ਤੇ 23 ਜਨਵਰੀ ਨੂੰ ਬਰਫ਼ਬਾਰੀ ਦੇ ਨਾਲ ਹੀ ਮੈਦਾਨੀ ਇਲਾਕਿਆਂ ’ਚ ਮੀਂਹ ਪਵੇਗਾ, ਜਦੋਂਕਿ 24 ਜਨਵਰੀ ਤੋਂ ਮੌਸਮ ਫਿਰ ਤੋਂ ਖੁਸ਼ਕ ਰਹੇਗਾ।