Punjab
ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਵਧਾਈ ਚਿੰਤਾ

ਬੀਤੇ ਕੁਝ ਦਿਨਾਂ ਤੋਂ ਮੌਸਮ ਨੇ ਇਕ ਵਾਰ ਫਿਰ ਤੋਂ ਕਰਵਟ ਲਈ ਹੈ। ਜਿਸ ਦੇ ਚੱਲਦਿਆਂ ਜਿੱਥੇ ਪਹਾੜਾਂ ‘ਚ ਭਾਰੀ ਬਰਫਬਾਰੀ ਹੋਈ ਹੈ ਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਦੇ ਨਾਲ ਨਾਲ ਗੜ੍ਹੇਮਾਰੀ ਵੀ ਭਾਰੀ ਮਾਤਰਾ ਵਿੱਚ ਹੋਈ ਹੈ। ਇਸ ਖਰਾਬ ਮੌਸਮ ਅਤੇ ਬੇਮੌਸਮੀ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਦੂਜੇ ਪਾਸੇ ਅੰਮ੍ਰਿਤਸਰ ਦੇ ਰਾਜਾਸਾਂਸੀ ਅਤੇ ਆਸ-ਪਾਸ ਦੇ ਇਲਾਕਿਆਂ ’ਚ ਬੀਤੇ ਦਿਨ ਤੇਜ਼ ਹਵਾਵਾਂ ਦੇ ਨਾਲ ਗੜ੍ਹੇਮਾਰੀ ਨੇ ਫਸਲਾਂ ਨੂੰ ਢਾਹ ਲਾ ਦਿੱਤੀ ਹੈ। ਇਸ ਤੋਂ ਸਾਫ ਹੈ ਕਿ ਇਸ ਸੀਜ਼ਨ ਦੌਰਾਨ ਹਰ ਤਰ੍ਹਾਂ ਦੀਆਂ ਫਸਲਾਂ ਦੇ ਝਾੜ ’ਚ ਕਮੀ ਆਉਣ ਦੀ ਸੰਭਾਵਨਾ ਹੈ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਚੰਗੀ ਧੁੱਪ ਕਾਰਨ ਕਿਸਾਨਾਂ ਦੇ ਚਿਹਰੇ ਖਿੜ ਗਏ ਸਨ ਕਿਉਂਕਿ ਧੁੱਪ ਕਾਰਨ ਉਨ੍ਹਾਂ ਨੂੰ ਉਮੀਦ ਸੀ ਕਿ ਇਸ ਵਾਰ ਫ਼ਸਲ ਬਹੁਤ ਵਧੀਆ ਹੋਵੇਗੀ ਅਤੇ ਆਮਦਨ ਵੀ ਕਾਫ਼ੀ ਚੰਗੀ ਹੋਵੇਗੀ ਪਰ ਪਿਛਲੇ ਤਿੰਨ-ਚਾਰ ਦਿਨਾਂ ਤੋਂ ਅਚਾਨਕ ਖਰਾਬ ਮੌਸਮ ਕਾਰਨ ਉਨ੍ਹਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਗਿਆ।
ਇਸ ਤੋਂ ਇਲਾਵਾ ਗੜੇਮਾਰੀ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ। ਤੇਜ਼ ਹਵਾਵਾਂ ਨੇ ਬਹੁਤ ਸਾਰੀਆਂ ਪੱਕ ਰਹੀਆਂ ਫ਼ਸਲਾਂ ਨੂੰ ਖੇਤਾਂ ਵਿਚ ਹੀ ਵਿਛਾ ਦਿੱਤਾ ਹੈ, ਜਿਸ ਕਾਰਨ ਫਸਲਾਂ ਦੀ ਗੁਣਵੱਤਾ ’ਤੇ ਕਾਫ਼ੀ ਪ੍ਰਭਾਵ ਪਵੇਗਾ। ਇਸ ਬਸੰਤ ਰੁੱਤ ’ਚ ਕਣਕ ਦੀ ਫ਼ਸਲ ਦੇ ਨਾਲ-ਨਾਲ ਸਰ੍ਹੋਂ ਅਤੇ ਪੱਠਿਆਂ ਦੀਆਂ ਫ਼ਸਲਾਂ ਵੀ ਕਾਫ਼ੀ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਕਾਰਨ ਕਿਸਾਨਾਂ ਨੂੰ ਇਸ ਸੀਜ਼ਨ ’ਚ ਦੋਹਰੀ ਮਾਰ ਝੱਲਣੀ ਪੈ ਸਕਦੀ ਹੈ। ਦੂਜੇ ਪਾਸੇ ਗੜੇਮਾਰੀ ਕਾਰਨ ਕਈ ਪਿੰਡਾਂ ’ਚ ਕੱਚੇ ਘਰਾਂ ਦੀਆਂ ਛੱਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਕਈ ਕੱਚੇ ਘਰਾਂ ਦੀਆਂ ਛੱਤਾਂ ਡਿੱਗਣ ਦੀਆਂ ਖ਼ਬਰਾਂ ਹਨ।
ਇੱਥੇ ਇਹ ਵੀ ਦੱਸ ਦੇਈਏ ਕਿ ਮੌਸਮ ਦੇ ਬਦਲਣ ਕਾਰਨ ਗਰਮੀ ਹੋ ਗਈ ਸੀ, ਜਿਸ ਕਾਰਨ ਲੋਕਾਂ ਦੇ ਪਹਿਰਾਵੇ ’ਚ ਵੀ ਬਦਲਾਅ ਆਇਆ ਸੀ ਪਰ ਅਚਾਨਕ ਮੌਸਮ ਫਿਰ ਬਦਲਣ, ਤੇਜ਼ ਹਵਾਵਾਂ ਤੇ ਬੇਮੌਸਮੀ ਬਾਰਿਸ਼ ਨੇ ਅਚਾਨਕ ਦਸਤਕ ਦੇ ਦਿੱਤੀ। ਮੌਸਮ ’ਚ ਇਸ ਅਚਾਨਕ ਬਦਲਾਅ ਦਾ ਅਸਰ ਆਉਣ ਵਾਲੇ ਦਿਨਾਂ ’ਚ ਦੇਖਣ ਨੂੰ ਮਿਲੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮ ’ਚ ਇਸ ਬਦਲਾਅ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਣ ਦਾ ਡਰ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਆਪਣੀ ਸਿਹਤ ਅਤੇ ਖਾਣ-ਪੀਣ ਦੀਆਂ ਆਦਤਾਂ ਵੱਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਲੋਕਾਂ ਨੂੰ ਬਾਹਰੀ ਅਤੇ ਤੇਲਯੁਕਤ ਭੋਜਨ ਖਾਣ ਤੋਂ ਪ੍ਰਹੇਜ਼ ਕਰਨਾ ਪਵੇਗਾ। ਦੂਜੇ ਪਾਸੇ ਮੌਸਮ ’ਚ ਇਸ ਤਬਦੀਲੀ ਕਾਰਨ ਲੋਕਾਂ ਨੂੰ ਦੁਬਾਰਾ ਗਰਮ ਕੱਪੜੇ ਕੱਢਣੇ ਪਏ। ਕੁੱਲ ਮਿਲਾ ਕੇ ਇਸ ਬੇਮੌਸਮੀ ਬਾਰਿਸ਼, ਗੜੇਮਾਰੀ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਅਤੇ ਲੋਕਾਂ ਨੂੰ ਢਾਹ ਲਾ ਦਿੱਤੀ ਹੈ।