Connect with us

Punjab

Negative Energy ਹਰੇ ਰੁੱਖ ਨੂੰ ਸੁਕਾ ਸਕਦੀ ਏ ਤੇ Positive Energy ਸੁੱਕੇ ਨੂੰ ਹਰਾ ਕਰ ਸਕਦੀ ਏ

Published

on

ਸਾਡੇ ਬੋਲਚਾਲ ਨਾਲ ਜਾਂ ਸਾਡੇ ਸ਼ਬਦਾਂ ਨਾਲ ਇਨਸਾਨ ਉੱਪਰ ਤਾਂ ਅਸਰ ਹੁੰਦਾ ਹੀ ਹੈ ਸਾਡੇ ਸ਼ਬਦਾਂ ਦੀ Energy ਪੇਡ ਪੌਦਿਆਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਕੁੱਝ ਆਦਿਵਾਸੀ ਕਬੀਲੇ ਐਸੇ ਹਨ ਜਿਹੜੇ ਦਰੱਖਤਾਂ ਨੂੰ ਕੱਟਦੇ ਨਹੀਂ ਸਗੋਂ ਦਰੱਖਤ ਦੇ ਆਲੇ ਦੁਆਲੇ ਬੈਠ ਕੇ ਉਸ ਨੂੰ ਕਈ ਘੰਟਿਆਂ ਤੱਕ ਬਦਦੁਆਵਾਂ ਦਿੰਦੇ ਹਨ ਤਾਂ ਦਰੱਖਤ ਲਗਾਤਾਰ ਨੈਗੇਟਿਵ ਐਨਰਜੀ ਮਿਲਣ ਨਾਲ ਮਰ ਜਾਂਦਾ ਹੈ। ਪੂਰਨ ਭਗਤ ਦਾ ਕਿੱਸਾ ਅਸੀਂ ਸਭ ਨੇ ਸੁਣਿਆ ਹੈ।

ਕਹਿੰਦੇ ਹਨ ਕਿ ਜਦੋਂ ਪੂਰਨ ਦੇ ਪਿਤਾ ਸਲਵਾਨ ਨੇ ਆਪਣੀ ਛੋਟੀ ਰਾਣੀ ਲੂਣਾ ਦੇ ਕਹਿਣ ‘ਤੇ ਪੂਰਨ ਨੂੰ ਮਰਵਾਉਣ ਦਾ ਹੁਕਮ ਜਾਰੀ ਕਰ ਦਿੱਤਾ ਸੀ ਤਾਂ ਪੂਰਨ ਦੀ ਮਾਤਾ ਇੱਛਰਾਂ ਬਾਗ਼ ਵਿੱਚ ਬੈਠ ਕੇ ਰੋਂਦੀ ਰਹਿੰਦੀ ਸੀ। ਉਸਦੇ ਲਗਾਤਾਰ ਰੋਂਦੇ ਰਹਿਣ ਨਾਲ ਉਹ ਸਾਰਾ ਬਾਗ਼ ਸੁੱਕ ਗਿਆ ਸੀ ਪਰ ਜਦੋਂ ਗੋਰਖ ਨਾਥ ਨੇ ਪੂਰਨ ਨੂੰ ਖੂਹ ਵਿੱਚੋਂ ਕੱਢ ਕੇ ਜੋਗੀ ਬਣਾ ਦਿੱਤਾ ਤਾਂ ਉਹ ਉਸ ਸੁੱਕੇ ਬਾਗ਼ ਵਿੱਚ ਆ ਕੇ ਲਗਾਤਾਰ ਭਜਨ ਬੰਦਗੀ ਕਰਦਾ ਰਿਹਾ ਜਿਸ ਮਗਰੋਂ ਸੁੱਕਾ ਬਾਗ਼ ਮੁੜ ਤੋਂ ਹਰਿਆ ਹੋ ਗਿਆ ਸੀ। ਇਸਦਾ ਕਾਰਨ ਇਹ ਹੈ ਕਿ ਨੈਗੇਟਿਵ ਐਨਰਜੀ ਅਤੇ ਪੋਜ਼ੀਟਿਵ ਐਨਰਜੀ ਦਰੱਖਤਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਚੰਗੀ ਜਾਂ ਮਾੜੀ ਐਨਰਜੀ ਸਾਡੇ ਭੋਜਨ ਨੂੰ ਵੀ ਪ੍ਰਭਾਵਿਤ ਕਰਦੀ ਹੈ।

ਜੇਕਰ ਰੋਂਦੇ ਹੋਏ ਭੋਜਨ ਤਿਆਰ ਕੀਤਾ ਜਾਵੇ ਹੈ ਤਾਂ ਨਾ ਤਾਂ ਉਹ ਸਵਾਦ ਹੁੰਦਾ ਹੈ ਤੇ ਨਾ ਹੀ ਸਰੀਰ ਨੂੰ ਤਾਕਤ ਦਿੰਦਾ ਹੈ। ਗੁਰਦੁਆਰਿਆਂ ਵਿੱਚ ਬਣਨ ਵਾਲਾ ਲੰਗਰ ਬਿਨਾਂ ਮਸਾਲਿਆਂ ਦੇ ਬਣਾਇਆ ਜਾਂਦਾ ਪਰ ਫਿਰ ਵੀ ਬਹੁਤ ਸੁਆਦ ਹੁੰਦਾ ਹੈ ਕਿਉਂਕਿ ਹੁੰਦੇ ਹਰ ਵੇਲੇ ਪੋਜ਼ੀਟਿਵ ਐਨਰਜੀ ਦੇਣ ਵਾਲਾ ਪਾਠ ਚਲਦਾ ਰਹਿੰਦਾ ਹੈ।

ਇਸ ਲਈ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਜੋ ਅਸੀਂ ਬੋਲ ਰਹੇ ਹੁੰਦੇ ਹਾਂ ਜਾਂ ਸੋਚਦੇ ਹਾਂ ਉਹ ਸਾਹਮਣੇ ਵਾਲੇ ਉੱਪਰ ਕੀ ਅਸਰ ਪਾਉਂਦਾ ਹੈ। ਇਹ ਸ਼ਬਦ ਜਾਂ ਸੋਚ ਓਦੋਂ ਸਾਡੇ ਖ਼ੁਦ ਦੇ ਉੱਪਰ ਵੀ ਅਸਰ ਪਾਉਂਦੀ ਹੈ ਜਦੋਂ ਅਸੀਂ ਆਪਣੇ ਆਪ ਬਾਰੇ ਬੋਲਦੇ ਹਾਂ ਜਾਂ ਸੋਚਦੇ ਹਾਂ। ਬਹੁਤੇ ਮਾਪੇ ਆਪਣੇ ਬੱਚੇ ਨੂੰ ਇਹ ਕਹਿੰਦਿਆਂ ਸੁਣੇ ਜਾਂਦੇ ਹਨ ਕਿ ਇਹ ਤਾਂ ਕਿਸੇ ਕੰਮ ਦਾ ਨਹੀਂ, ਇਸ ਤੋਂ ਕੁੱਝ ਨਹੀਂ ਹੋ ਸਕਦਾ। ਇਹ ਨੈਗੇਟਿਵ ਐਨਰਜੀ ਬੱਚੇ ਉੱਪਰ ਅਸਰ ਪਾਉਂਦੀ ਹੈ ਤੇ ਉਹ ਸੱਚਮੁੱਚ ਹੀ ਕੁੱਝ ਨਹੀਂ ਕਰ ਪਾਉਂਦਾ।

ਇਸਦੇ ਉਲਟ ਅਗਰ ਅਸੀਂ ਆਪਣੇ ਬੱਚੇ ਲਈ ਬੋਲਦੇ ਹਾਂ ਕਿ ਇਹ ਤਾਂ ਬਹੁਤ ਕਾਬਲ ਬੱਚਾ ਹੈ, ਇਹ ਜ਼ਰੂਰ ਕਾਮਯਾਬ ਹੋਵੇਗਾ ਤਾਂ ਉਹ ਬੱਚਾ ਸੌ ਫ਼ੀਸਦੀ ਕਾਮਯਾਬ ਹੋਵੇਗਾ। ਕਈ ਵਾਰੀ ਅਸੀਂ ਖ਼ੁਦ ਨੂੰ ਹੀ ਨੈਗੇਟਿਵ ਐਨਰਜੀ ਦੇ ਰਹੇ ਹੁੰਦੇ ਹਾਂ ਕਿ ਮੇਰੇ ਤੋਂ ਤਾਂ ਕੁੱਝ ਨਹੀਂ ਹੁੰਦਾ ਮੈਂ ਤਾਂ ਹਰ ਵਾਰ ਅਸਫਲ ਹੀ ਹੁੰਦਾ ਹਾਂ। ਇਹ ਨੈਗੇਟਿਵ ਐਨਰਜੀ ਸਾਨੂੰ ਸਫ਼ਲ ਨਹੀਂ ਹੋਣ ਦਿੰਦੀ। ਸਫ਼ਲ ਅਤੇ ਅਸਫ਼ਲ ਲੋਕਾਂ ਵਿੱਚ ਇਹ ਫ਼ਰਕ ਹੁੰਦਾ ਹੈ ਕਿ ਸਫ਼ਲ ਵਿਅਕਤੀ ਆਪਣੇ ਆਪ ਨੂੰ ਪੋਜ਼ੀਟਿਵ ਐਨਰਜੀ ਦਿੰਦੇ ਹਨ ਜਿਸ ਨਾਲ ਉਨ੍ਹਾਂ ਦੇ ਹੌਸਲੇ ਬੁਲੰਦ ਹੁੰਦੇ ਹਨ ਤੇ ਨੈਗੇਟਿਵ ਐਨਰਜੀ ਰੱਖਣ ਵਾਲਿਆਂ ਦੇ ਹੌਸਲੇ ਪਸਤ ਹੁੰਦੇ ਹਨ ਤੇ ਉਹ ਕਦੇ ਸਫ਼ਲ ਨਹੀਂ ਹੋ ਪਾਉਂਦੇ ਤੇ ਦੋਸ਼ ਆਪਣੇ ਮੁਕੱਦਰਾਂ ਨੂੰ ਦਿੰਦੇ ਰਹਿੰਦੇ ਹਨ। ਅਸਲ ਵਿੱਚ ਮੁਕੱਦਰ ਨਾਮ ਦੀ ਕੋਈ ਚੀਜ਼ ਨਹੀਂ ਹੈ ਉਸ ਯੂਨੀਵਰਸ ਨੇ ਤੁਹਾਨੂੰ ਪੂਰਨ ਆਜ਼ਾਦੀ ਦੇ ਕੇ ਇਸ ਭੂ ਮੰਡਲ ਵਿੱਚ ਭੇਜਿਆ ਹੈ। ਤੁਸੀਂ ਆਪਣੀ ਕਿਸਮਤ ਆਪਣੀ ਸੋਚ ਨਾਲ ਬਣਾਉਣੀ ਹੁੰਦੀ ਹੈ।

ਜੇਕਰ ਤੁਹਾਡੀ ਸੋਚ ਨੈਗੇਟਿਵ ਹੈ ਤਾਂ ਤੁਸੀਂ ਕਦੇ ਸਫ਼ਲ ਨਹੀਂ ਹੋ ਸਕਦੇ ਲੇਕਿਨ ਜੇਕਰ ਸੋਚ ਪੋਜ਼ੀਟਿਵ ਹੈ ਤਾਂ ਤੁਹਾਨੂੰ ਕੋਈ ਅਸਫਲ ਨਹੀਂ ਕਰ ਸਕਦਾ। ਇਹੀ ਕਾਰਨ ਹੈ ਕਿ ਦਗੇਬਾਜ਼ ਅਤੇ ਚੋਰ ਸਫ਼ਲ ਨਹੀਂ ਹੁੰਦੇ ਕਿਉੰਕਿ ਉਨ੍ਹਾਂ ਦੀ ਸੋਚ ਨਕਾਰਾਤਮਕ ਹੁੰਦੀ। ਇਸ ਲਈ ਕਦੇ ਵੀ ਕਿਸੇ ਲਈ ਨੈਗੇਟਿਵ ਐਨਰਜੀ ਦੇਣ ਵਾਲੇ ਸ਼ਬਦ ਨਾ ਬੋਲੋ ਅਤੇ ਨਾ ਹੀ ਕਿਸੇ ਲਈ ਨਕਾਰਾਤਮਕ ਸੋਚ ਹੀ ਰੱਖੋ। ਕਦੇ ਵੀ ਆਪਣੇ ਬੱਚਿਆਂ ਨੂੰ ਬਦਦੁਆ ਨਾ ਦਿਓ ਤੇ ਇਹ ਸ਼ਬਦ ਕਦੇ ਨਾ ਬੋਲੋ ਕਿ ਤੂੰ ਕੁੱਝ ਨਹੀਂ ਕਰ ਸਕਦਾ। ਸਗੋਂ ਪੋਜ਼ੀਟਿਵ ਐਨਰਜੀ ਦੇਣ ਵਾਲੇ ਸ਼ਬਦ ਬੋਲੋ। ਇਹ ਕਹੋ ਕਿ ਤੇਰੇ ਅੰਦਰ ਸਫ਼ਲ ਹੋਣ ਦੀ ਪੂਰੀ ਸਮਰੱਥਾ ਹੈ ਤੂੰ ਮਿਹਨਤ ਕਰ ਹਰ ਹਾਲਤ ਵਿੱਚ ਸਫ਼ਲ ਹੋਵੇਂਗਾ। ਅਰਦਾਸ ਵੀ ਸਾਨੂੰ ਪੋਜ਼ੀਟਿਵ ਐਨਰਜੀ ਦਿੰਦੀ ਹੈ, ਅਗਰ ਅਸੀਂ ਆਪਣੇ ਬੱਚਿਆਂ ਲਈ ਅਰਦਾਸ ਕਰਦੇ ਹਾਂ ਤਾਂ ਉਹ ਵੀ ਚੰਗਾ ਅਸਰ ਪਾਉਂਦੀ ਹੈ ਕਿਉਂਕਿ ਅਸੀਂ ਪੂਰੀ ਤਰ੍ਹਾਂ ਆਸਵੰਦ ਹੁੰਦੇ ਹਾਂ ਕਿ ਪ੍ਰਮਾਤਮਾ ਨੇ ਸਾਡੀ ਅਰਦਾਸ ਸੁਣ ਲਈ ਹੈ ਉਹ ਸਾਡੇ ਕਾਰਜ ਆਪ ਕਰੇਗਾ। ਅਖੀਰ ਵਿੱਚ ਇਹੀ ਕਹਿਣਾ ਚਾਹਵਾਂਗਾ ਕਿ ਆਪਣੇ ਆਪ ਪ੍ਰਤੀ ਜਾਂ ਕਿਸੇ ਪ੍ਰਤੀ ਅਜਿਹੇ ਕੋਈ ਸ਼ਬਦ ਨਾ ਬੋਲੋ ਜਿਹੜੇ ਨੈਗੇਟਿਵ ਐਨਰਜੀ ਦਿੰਦੇ ਹੋਣ ਸਗੋਂ ਉਹ ਸ਼ਬਦ ਬੋਲੋ ਜਿਸ ਨਾਲ ਪੋਜ਼ੀਟਿਵ ਐਨਰਜੀ ਮਿਲੇ।

 

ਕੁਲਵੰਤ ਸਿੰਘ ਗੱਗੜਪੁਰੀ