Punjab
ਅੱਜ ਦੇ ਸਮੇਂ ਹਰ ਵਿਅਕਤੀ ਤਣਾਅ ਦਾ ਸ਼ਿਕਾਰ ਕਿਉਂ?

ਅੱਜ ਦੇ ਸਮੇਂ ਹਰੇਕ ਵਿਅਕਤੀ ਤਣਾਅ ਦਾ ਸ਼ਿਕਾਰ ਕਿਉਂ ਹੈ? ਇਸ ਸੁਆਲ ਦਾ ਜੁਆਬ ਜਾਣਨ ਲਈ ਮਨੁੱਖ ਦੇ ਜੀਵਨ ਦੇ ਹਰ ਪੱਖ ਬਾਰੇ ਜਾਣਨਾ ਪਵੇਗਾ। ਪਦਾਰਥਵਾਦੀ ਯੁੱਗ ਵਿੱਚ ਲੋਕ ਪੈਸਾ ਕਮਾਉਣ ਦੀ ਦੌੜ ਵਿੱਚ ਹਨ ਅਤੇ ਪੈਸੇ ਨਾਲ ਸੁੱਖ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ। ਪੈਸਾ ਕਮਾਉਣਾ ਬੁਰੀ ਗੱਲ਼ ਨਹੀਂ ਹੈ। ਆਰਥਿਕ ਤੌਰ ‘ਤੇ ਮਜ਼ਬੂਤ ਹੋਣਾ ਸਮੇਂ ਦੀ ਲੋੜ ਹੈ। ਪਰ ਜ਼ਿਆਦਾਤਰ ਲੋਕ ਅਮੀਰ ਹੋਣ ਦੇ ਬਾਵਜੂਦ ਦੁਖੀ ਨਜ਼ਰ ਆਉਂਦੇ ਹਨ। ਸਗੋਂ ਮਜ਼ਦੂਰ ਜਮਾਤ ਦੇ ਲੋਕ ਅਮੀਰ ਲੋਕਾਂ ਨਾਲੋਂ ਵੱਧ ਤੰਦਰੁਸਤ ਅਤੇ ਖੁਸ਼ ਨਜ਼ਰ ਆਉਂਦੇ ਹਨ। ਕੀ ਕਾਰਨ ਨੇ ਕਿ ਪੈਸਾ ਕਮਾਉਣ ਦੇ ਬਾਵਜੂਦ ਖੁਸ਼ੀਆਂ ਨਹੀਂ ਮਿਲ ਰਹੀਆਂ।
ਇੱਥੇ ਸਾਨੂੰ ਸਮਝਣਾ ਪਵੇਗਾ ਕਿ ਸਾਡੇ ਤੋਂ ਗ਼ਲਤੀ ਕਿੱਥੇ ਹੋ ਰਹੀ ਹੈ ਜਿਸ ਕਾਰਨ ਪੈਸਾ ਹੋਣ ‘ਤੇ ਵੀ ਸੁੱਖ ਨਹੀਂ ਮਿਲ ਰਿਹਾ। ਗ਼ਰੀਬੀ ਦੇ ਦੁੱਖ ਬਹੁਤ ਹੁੰਦੇ ਹਨ, ਬਿਮਾਰੀ ਦੇ ਇਲਾਜ ਲਈ ਪੈਸਾ ਨਹੀਂ ਹੁੰਦਾ, ਬੱਚਿਆਂ ਦੀ ਪੜ੍ਹਾਈ ਲਈ, ਬੱਚਿਆਂ ਦੇ ਵਿਆਹ ਲਈ,ਘਰ ਬਣਾਉਣ ਲਈ, ਚੰਗਾ ਖਾਣਾ ਖਾਣ ਲਈ ਅਤੇ ਚੰਗੇ ਕੱਪੜੇ ਪਾਉਣ ਲਈ ਮਜ਼ਦੂਰ ਕੋਲ ਪੈਸੇ ਦੀ ਕਮੀਂ ਹੁੰਦੀ ਹੈ ਜਦੋਂ ਕਿ ਮੱਧ ਵਰਗ ਅਤੇ ਅਮੀਰ ਵਰਗ ਦੇ ਲੋਕਾਂ ਕੋਲ ਇਹ ਸਭ ਕੁੱਝ ਅਸਾਨੀ ਨਾਲ ਉਪਲਬਧ ਹੁੰਦਾ ਹੈ ਪਰ ਫਿਰ ਵੀ ਮਜ਼ਦੂਰ ਇੰਨਾ ਦੁਖੀ ਨਜ਼ਰ ਨਹੀਂ ਆਉਂਦਾ ਜਿੰਨਾ ਅਮੀਰ ਨਜ਼ਰ ਆਉਂਦਾ ਹੈ। ਕਾਫ਼ੀ ਸਮਾਂ ਪਹਿਲਾਂ ਮੈਂ ਇੱਕ ਕਿਤਾਬ,’The science of getting Rich ‘ ਪੜ੍ਹੀ ਸੀ ਜਿਸ ਵਿੱਚ ਲੇਖਕ ਅਮੀਰ ਦੀ ਪ੍ਰੀਭਾਸ਼ਾ ਦਿੰਦਾ ਹੈ ਕਿ ਜਿਸ ਵਿਅਕਤੀ ਕੋਲ Health, wealth and spirituality ਹੋਵੇ ਉਸੇ ਨੂੰ ਹੀ ਅਮੀਰ ਮੰਨਿਆ ਜਾ ਸਕਦਾ ਹੈ ਅਤੇ ਉਹ ਹੀ ਅਮੀਰੀ ਦਾ ਆਨੰਦ ਮਾਣ ਸਕਦਾ ਹੈ ਜਿਸ ਕੋਲ ਇਹ ਤਿੰਨੇ ਚੀਜ਼ਾਂ ਹੋਣ ।
ਅੱਜ ਦਾ ਅਮੀਰ ਤਣਾਅ ਵਿੱਚ ਇਸ ਲਈ ਹੈ ਕਿਉਂਕਿ ਉਸਨੇ ਧਨ ਤਾਂ ਇਕੱਠਾ ਕਰ ਲਿਆ ਹੈ ਪਰ ਧਨ ਇਕੱਠਾ ਕਰਦਿਆਂ ਕਰਦਿਆਂ ਸਿਹਤ ਵੀ ਗਵਾ ਲਈ ਹੈ ਤੇ spirituality ਦਾ ਤਾਂ ਬਿਲਕੁੱਲ ਹੀ ਧਿਆਨ ਨਹੀਂ ਰੱਖਿਆ। ਅੱਜ ਦੇ ਮਨੁੱਖ ਕੋਲ ਆਤਮ ਗਿਆਨ ਦੀ ਕਮੀਂ ਹੈ ਜਾਂ ਇੰਝ ਕਹਿ ਲਵੋ ਕਿ ਆਤਮ ਗਿਆਨ ਹੈ ਹੀ ਨਹੀਂ। ਉਹ ਆਪਣੇ ਆਪ ਨੂੰ ਆਪਣੇ ਰੁਤਬੇ ਦੇ ਹਿਸਾਬ ਨਾਲ ਲੋਕਾਂ ਵਿੱਚ ਪੇਸ਼ ਕਰਦਾ ਹੈ ਅਤੇ ਖੁਦ ਨੂੰ ਕੇਵਲ ਸਰੀਰ ਹੀ ਸਮਝਦਾ ਹੈ ਜਦੋਂ ਕਿ ਸਰੀਰ ਸਾਡਾ ਹੈ ਅਸੀਂ ਸਰੀਰ ਨਹੀਂ ਹਾਂ, ਮਨੁੱਖ ਸਰੀਰ ਨੂੰ ਚਲਾਉਣ ਵਾਲੀ ਆਤਮਾ ਹੈ। ਅਸੀਂ ਸਰੀਰ ਦੀ ਤੰਦਰੁਸਤੀ ਲਈ ਵਧੀਆ ਭੋਜਨ ਸਰੀਰ ਨੂੰ ਦਿੰਦੇ ਹਾਂ।
ਸਾਨੂੰ ਪਤਾ ਹੈ ਕਿ ਜੇਕਰ ਸਰੀਰ ਨੂੰ ਖ਼ੁਰਾਕ ਨਹੀਂ ਦੇਵਾਂਗੇ ਤਾਂ ਸਰੀਰ ਕਮਜ਼ੋਰ ਹੋ ਜਾਵੇਗਾ ਪਰ ਆਪਣੇ ਆਪ ਭਾਵ ਆਤਮਾ ਲਈ ਕੁੱਝ ਨਹੀਂ ਸੋਚਦੇ। ਆਤਮਾ ਦੀ ਖ਼ੁਰਾਕ ਕੀ ਹੈ? ਸਾਨੂੰ ਤਾਂ ਇਹ ਵੀ ਨਹੀਂ ਪਤਾ। ਆਤਮਾ ਦੀ ਖੁਰਾਕ ਹੈ ਗਿਆਨ ਅਤੇ ਧਿਆਨ। ਅਸੀਂ ਖ਼ੁਦ ਬਾਰੇ ਗਿਆਨ ਹਾਸਲ ਹੀ ਨਹੀਂ ਕਰਦੇ ਭਾਵ ਆਤਮ ਗਿਆਨ ਦੀ ਕਮੀਂ ਕਰਕੇ ਅਸੀਂ ਤਣਾਅ ਦਾ ਸ਼ਿਕਾਰ ਹੁੰਦੇ ਹਾਂ। ਧਿਆਨ (meditation)ਸਾਡੀ ਆਤਮਾ ਨੂੰ ਨਰਚਰ ਕਰਦਾ ਹੈ। ਮਤਲਬ ਸਾਡੀ ਆਤਮਾ ਧਿਆਨ ਨਾਲ ਮਜ਼ਬੂਤ ਹੁੰਦੀ ਹੈ। ਗੁਰਬਾਣੀ ਜਪ, ਤਪ,ਸੰਜਮ, ਧਰਮ ਨੂੰ ਅਤੇ ਸੇਵਾ ਸਾਧਨਾ ਨੂੰ ਵੀ ਆਤਮਾ ਦੀ ਖ਼ੁਰਾਕ ਮੰਨਦੀ ਹੈ। ਲੇਕਿਨ ਅਸੀਂ ਆਤਮਾ ਦੀ ਖ਼ੁਰਾਕ ਬਾਰੇ ਬਿਲਕੁੱਲ ਹੀ ਨਹੀਂ ਜਾਣਦੇ। ਇਸੇ ਕਰਕੇ ਹੌਲੇ ਹੌਲੇ ਆਤਮਾ ਕਮਜ਼ੋਰ ਹੋ ਜਾਂਦੀ ਹੈ ਤੇ ਅਸੀਂ ਛੋਟੀਆਂ ਛੋਟੀਆਂ ਸਮੱਸਿਆਵਾਂ ਨਾਲ ਹੀ ਘਬਰਾ ਜਾਂਦੇ ਤੇ ਤਣਾਅ ਗ੍ਰਸਤ ਹੋ ਜਾਂਦੇ। ਤਣਾਅ ਤੋਂ ਬਾਅਦ ਅੰਗਜੇਇਟੀ ਤੇ ਉਸ ਤੋਂ ਬਾਅਦ ਬਹੁਤੇ ਲੋਕ ਡਿਪਰੈੱਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਪੈਸਾ ਕਮਾਉਣਾ ਗ਼ਲਤ ਨਹੀਂ ਹੈ। ਲੇਕਿਨ ਜੇਕਰ ਸੱਚਮੁੱਚ ਦਾ ਅਮੀਰ ਹੋਣਾ ਹੈ ਤਾਂ health, wealth and spirituality ਤਿੰਨਾਂ ਹੀ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ। ਅਗਰ ਇਹ ਤਿੰਨੇ ਚੀਜ਼ਾਂ ਹਨ ਤਾਂ ਹੀ ਜ਼ਿੰਦਗੀ ਨੂੰ ਸਹੀ ਮਾਈਨਿਆਂ ਵਿੱਚ ਆਨੰਦ ਨਾਲ ਜੀਅ ਸਕਦੇ ਹੋ। ਅੱਜ ਹੀ ਪ੍ਰਣ ਕਰੋ ਕਿ ਅਸੀਂ ਧਨ ਕਮਾਉਣ ਦੇ ਨਾਲ ਨਾਲ ਸਿਹਤ ਦਾ ਧਿਆਨ ਅਤੇ ਆਤਮਾ ਦੀ ਖ਼ੁਰਾਕ spirituality ਦਾ ਵੀ ਧਿਆਨ ਰੱਖਾਂਗੇ। ਸਰੀਰਕ ਕਸਰਤ ਦੇ ਨਾਲ ਨਾਲ ਹਰ ਰੋਜ਼ ਇੱਕ ਘੰਟਾ meditation ਜ਼ਰੂਰ ਕਰਾਂਗੇ ਅਤੇ ਆਤਮ ਗਿਆਨ ਹਾਸਲ ਕਰਾਂਗੇ। ਅਗਰ ਅਜਿਹੀ ਅਮੀਰੀ ਤੁਹਾਨੂੰ ਹਾਸਲ ਹੁੰਦੀ ਹੈ ਤਾਂ ਤਣਾਅ ਤੁਹਾਡੇ ਨੇੜੇ ਵੀ ਨਹੀਂ ਆਵੇਗਾ।