News
ਪੂਜਾ ਪਾਠ ਕਰਨ ਦੇ ਬਾਵਜੂਦ ਬੁਰੇ ਵਿਚਾਰ ਖਹਿੜਾ ਕਿਉਂ ਨਹੀਂ ਛੱਡਦੇ ?

ਆਮ ਲੋਕਾਂ ਵੱਲੋਂ ਇੱਕ ਸਵਾਲ ਕੀਤਾ ਜਾਂਦਾ ਹੈ ਕਿ ਪੂਜਾ ਪਾਠ ਕਰਨ ਦੇ ਬਾਵਜੂਦ ਬੁਰੇ ਵਿਚਾਰ ਖਹਿੜਾ ਕਿਉਂ ਨਹੀਂ ਛੱਡਦੇ ? ਇਹ ਇੱਕ ਅਹਿਮ ਸਵਾਲ ਹੈ। ਬਹੁਤੇ ਲੋਕ 24 ਘੰਟੇ ਵਿੱਚੋਂ ਇੱਕ ਅੱਧਾ ਘੰਟਾ ਪੂਜਾ ਪਾਠ ਕਰਦੇ ਹਨ ਜਾਂ meditation ਕਰਦੇ ਹਨ ਬਾਕੀ ਸਮਾਂ ਅਜਿਹੇ ਕੰਮ ਕਰਦੇ ਹਨ , ਜਾਂ ਖਾਣ ਪਾਨ ਕਰਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਨੂੰ ਨੈਗੇਟਿਵ ਐਨਰਜੀ ਗ੍ਰਹਿਣ ਹੁੰਦੀ ਹੈ ਅਤੇ ਬੁਰੇ ਵਿਚਾਰ ਕਤਾਰ ਬੰਨ੍ਹ ਕੇ ਆਉਂਦੇ ਰਹਿੰਦੇ ਹਨ।
ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਵਿਅਕਤੀਤਵ ਹਾਂ ਪੱਖੀ ਸੋਚ ਵਾਲਾ ਬਣੇ ਅਤੇ ਅਸੀਂ ਚੰਗੇ ਵਿਚਾਰਾਂ ਦੇ ਧਾਰਨੀ ਬਣੀਏ ਤੇ ਬੁਰੇ ਵਿਚਾਰ ਸਾਡਾ ਖਹਿੜਾ ਛੱਡ ਜਾਣ ਤਾਂ ਸਾਨੂੰ ਆਪਣੀ ਜੀਵਣ ਸ਼ੈਲੀ ਬਦਲਣੀ ਪਵੇਗੀ। ਕਹਿੰਦੇ ਹਨ ਕਿ ਜਿਵੇਂ ਦਾ ਤੁਸੀਂ ਪੜ੍ਹਦੇ ਹੋ, ਸੁਣਦੇ ਹੋ, ਜਿਵੇਂ ਦਾ ਖਾਂਦੇ ਪੀਂਦੇ ਹੋ ਅਤੇ ਜਿਵੇਂ ਦੇ ਲੋਕਾਂ ਦੀ ਸੰਗਤ ਕਰਦੇ ਹੋ ਓਵੇਂ ਦਾ ਹੀ ਤੁਹਾਡਾ ਵਿਅਕਤੀਤਵ ਬਣਦਾ ਹੈ ਅਤੇ ਉਸੇ ਤਰ੍ਹਾਂ ਦੇ ਹੀ ਤੁਹਾਡੇ ਵਿਚਾਰ ਬਣਦੇ ਹਨ। ਇਹ ਗੱਲ ਵੀ ਆਮ ਕਹੀ ਜਾਂਦੀ ਹੈ ਕਿ ਜੈਸੀ ਸੰਗਤ ਵੈਸੀ ਰੰਗਤ ਤੇ ਜੈਸਾ ਅੰਨ ਵੈਸਾ ਮਨ। ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਅਸੀਂ ਸਾਰਾ ਦਿਨ ਸੁਣਦੇ ਕੀ ਹਾਂ ?
ਕੀਰਤਨ ਸੁਣਦੇ ਹਾਂ, ਚੰਗਾ ਸੰਗੀਤ ਸੁਣਦੇ ਹਾਂ ਜਾਂ ਕਾਮੁਕ ਉਤੇਜਨਾ ਪੈਦਾ ਕਰਨ ਵਾਲਾ ਤੇ ਹਿੰਸਕ ਸੋਚ ਪੈਦਾ ਕਰਨ ਵਾਲਾ ਸੰਗੀਤ ਸੁਣਦੇ ਹਾਂ। ਸੰਗੀਤ ਵੀ ਸਾਡੇ ਵਿਅਕਤੀਤਵ ‘ਤੇ ਸਿੱਧਾ ਅਸਰ ਪਾਉਂਦਾ ਹੈ। ਅਸੀਂ ਭਾਰਤੀ 24 ਘੰਟਿਆਂ ਵਿੱਚੋਂ ਸੱਤ ਅੱਠ ਘੰਟੇ ਫ਼ੋਨ ‘ਤੇ ਗੱਲਾਂ ਕਰਦੇ ਹਾਂ ਜਾਂ ਕੁੱਝ ਦੇਖਦੇ ਸੁਣਦੇ ਹਾਂ। ਜਦੋਂ ਅਸੀਂ ਲੰਬਾ ਸਮਾਂ ਗੱਲਾਂ ਕਰ ਰਹੇ ਹੁੰਦੇ ਹਾਂ ਉਸ ਸਮੇਂ ਅਸੀਂ ਕਿਸੇ ਤੀਜੇ ਵਿਅਕਤੀ ਬਾਰੇ ਬੋਲ ਰਹੇ ਹੁੰਦੇ ਹਾਂ ਅਤੇ ਬੋਲ ਕੀ ਰਹੇ ਹੁੰਦੇ ਹਾਂ ? ਜ਼ਿਆਦਾਤਰ ਅਸੀਂ ਫ਼ੋਨ ਉੱਪਰ ਕਿਸੇ ਨਾ ਕਿਸੇ ਦੀ ਬੁਰਾਈ ਕਰ ਰਹੇ ਹੁੰਦੇ ਹਾਂ। ਜਦੋਂ ਅਸੀਂ ਕਿਸੇ ਦੀ ਬੁਰਾਈ ਕਰ ਰਹੇ ਹੁੰਦੇ ਹਾਂ ਤਾਂ ਅਸੀਂ ਨੈਗੇਟਿਵ ਐਨਰਜੀ ਅਤੇ ਬੁਰੇ ਵਿਚਾਰ ਗ੍ਰਹਿਣ ਕਰ ਰਹੇ ਹੁੰਦੇ ਹਾਂ। ਇਹ ਵੀ ਵੇਖਣ ਵਾਲੀ ਗੱਲ ਹੈ ਕਿ ਅਸੀਂ ਕਿਤਾਬਾਂ ਕਿਹੋ ਜਿਹੀਆਂ ਪੜ੍ਹਦੇ ਹਾਂ? ਕਿਤਾਬਾਂ ਸਾਡੇ ਜੀਵਨ ਉੱਪਰ ਗਹਿਰਾ ਅਸਰ ਪਾਉਂਦੀਆਂ ਹਨ। ਸਾਨੂੰ ਪੂਜਾ ਪਾਠ ਕਰਨ ਜਾਂ meditation ਕਰਨ ਦੇ ਸਮੇਂ ਹੀ ਜਾਗਰੂਕ ਨਹੀਂ ਰਹਿਣਾ ਸਗੋਂ ਸਾਨੂੰ ਪੂਰੇ ਚੌਵੀ ਘੰਟੇ ਜਾਗਰੂਕ ਰਹਿਣਾ ਪਵੇਗਾ। ਕਈ ਲੋਕ ਜਦੋਂ ਵੀ ਵਿਹਲੇ ਹੁੰਦੇ ਹਨ ਤਾਂ ਉਹ ਪਾਠ ਕਰਦੇ ਰਹਿੰਦੇ ਹਨ ਜਾਂ ਗੱਡੀ ਚਲਾਉਂਦੇ ਸਮੇਂ ਚੰਗਾ ਸੰਗੀਤ ਸੁਣਦੇ ਹਨ ਤਾਂ ਉਹ ਬੁਰੇ ਵਿਚਾਰਾਂ ਤੋਂ ਬਚ ਜਾਂਦੇ ਹਨ। ਹੁਣ ਇੱਕ ਵਿਅਕਤੀ ਸ਼ਾਮ ਨੂੰ ਗੁਰਦੁਆਰੇ ਜਾਂ ਮੰਦਰ ਜਾ ਕੇ ਕੀਰਤਨ ਸੁਣਦਾ ਹੈ ਅਤੇ ਇੱਕ ਸ਼ਾਮ ਨੂੰ ਕਲੱਬ ਜਾਂ ਪੱਬ ਜਾਂਦਾ ਹੈ, ਸ਼ਰਾਬ ਪੀਂਦਾ ਹੈ, ਦੋਵਾਂ ਦੇ ਵਿਚਾਰਾਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੋਵੇਗਾ। ਕਈ ਲੋਕ ਸ਼ਾਮ ਨੂੰ ਸ਼ਰਾਬ ਪੀਣ ਤੋਂ ਪਹਿਲਾਂ ਪਾਠ ਕਰ ਲੈਂਦੇ ਹਨ ਤੇ ਫ਼ਿਰ ਦੋਸਤਾਂ ਨਾਲ ਪਿਆਲਾ ਸਾਂਝਾ ਕਰਦੇ ਹਨ।
ਇਸ ਤਰ੍ਹਾਂ ਕਰਨ ਨਾਲ ਵੀ ਪੂਜਾ ਪਾਠ ਦੀ ਪੋਜ਼ੀਟਿਵ ਐਨਰਜੀ ਨਹੀਂ ਆ ਸਕਦੀ। ਇਸ ਲਈ ਅਗਰ ਅਸੀਂ ਚਾਹੁੰਦੇ ਹਾਂ ਕਿ ਬੁਰੇ ਵਿਚਾਰ ਸਾਡਾ ਖਹਿੜਾ ਛੱਡ ਜਾਣ ਅਤੇ ਸਾਡਾ ਵਿਆਕਤੀਤਵ ਹਾਂਪੱਖੀ ਸੋਚ ਵਾਲਾ ਬਣੇ ਤਾਂ ਸਾਨੂੰ ਇੱਕ ਘੰਟਾ ਪਾਠ ਕਰਨ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ ਸਗੋਂ ਪੂਰਾ ਜੀਵਨ ਬਦਲਣਾ ਪਵੇਗਾ। ਚੰਗਾ ਖਾਣਾ ਪੀਣਾ, ਚੰਗਾ ਸੁਣਨਾ, ਚੰਗਾ ਵੇਖਣਾ, ਚੰਗਾ ਪੜ੍ਹਨਾ ਅਤੇ ਚੰਗੇ ਲੋਕਾਂ ਦੀ ਸੰਗਤ ਕਰਨੀ ਸ਼ੁਰੂ ਕਰੀਏ ਤਾਂ ਜੀਵਨ ਸੱਚਮੁੱਚ ਬਦਲ ਜਾਵੇਗਾ, ਬੁਰੇ ਵਿਚਾਰ ਕਦੇ ਵੀ ਤੁਹਾਡੇ ਨੇੜੇ ਨਹੀਂ ਆਉਣਗੇ।