National
ਕੰਗਨਾ ਕੁੜੀਏ ਸੰਸਦ ਮੈਂਬਰ ਨੂੰ ਤਨਖ਼ਾਹ ਤੋਂ ਇਲਾਵਾ ਵੀ ਕਈ ਭੱਤੇ ਮਿਲਦੇ ਨੇ…
ਅਦਾਕਾਰਾ ਤੋਂ ਸੰਸਦ ਮੈਂਬਰ ਬਣੀ ਕੰਗਨਾ ਰਣੌਤ ਨੇ ਬੀਤੇ ਦਿਨੀਂ ਇੱਕ ਅੰਗਰੇਜ਼ੀ ਨਿਊਜ਼ ਚੈਨਲ ਨੂੰ ਦਿੱਤੀ interview ਵਿੱਚ ਕਿਹਾ ਸੀ ਕਿ ਸੰਸਦ ਮੈਂਬਰ ਬਣਨਾ ਉਸਨੂੰ ਮਹਿੰਗਾ ਸ਼ੌਂਕ ਲੱਗ ਰਿਹਾ ਹੈ। ਉਸਨੇ ਕਿਹਾ ਸੀ ਕਿ ਇੱਕ ਸੰਸਦ ਮੈਂਬਰ ਦੀ ਤਨਖ਼ਾਹ ਇੱਕ ਲੱਖ ਚੌਵੀ ਹਜ਼ਾਰ ਰੁਪਏ ਹੈ ਪਰ ਖਰਚੇ ਬਹੁਤ ਜ਼ਿਆਦਾ ਹਨ। ਇਸ ਲਈ ਸੰਸਦ ਮੈਂਬਰ ਨੂੰ ਕੁੱਝ ਨਹੀਂ ਬਚਦਾ ਇਸ ਲਈ ਹਰੇਕ ਸੰਸਦ ਮੈਂਬਰ ਨੂੰ ਇੱਕ ਨੌਕਰੀ ਦੀ ਵੀ ਲੋੜ ਹੈ। ਇਸ ਬਿਆਨ ਤੋਂ ਇੰਝ ਲੱਗਦਾ ਹੈ ਕਿ ਬੀਬੀ ਕੰਗਨਾ ਦਾ ਸਿਆਸਤ ਵਿੱਚ ਮਨ ਨਹੀਂ ਲੱਗ ਰਿਹਾ ਜਿਸ ਕਰਕੇ ਉਹ ਇਸ ਤਰ੍ਹਾਂ ਦੇ ਬਿਆਨ ਦੇ ਰਹੀ ਹੈ।
ਬੀਬੀ ਨੇ ਆਪਣੀ ਤਨਖ਼ਾਹ ਦੀ ਗੱਲ ਕੀਤੀ ਹੈ ਲੇਕਿਨ ਸੰਸਦ ਮੈਂਬਰ ਨੂੰ ਮਿਲਣ ਵਾਲੀਆਂ ਬਾਕੀ ਸਹੂਲਤਾਂ ਅਤੇ ਭੱਤਿਆਂ ਦੀ ਗੱਲ ਨਹੀਂ ਕੀਤੀ। ਇੱਕ ਸੰਸਦ ਮੈਂਬਰ ਨੂੰ ਇੱਕ ਲੱਖ ਚੌਵੀ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ। ਇਸ ਤੋਂ ਇਲਾਵਾ 70, 000 ਰੁਪਏ ਪ੍ਰਤੀ ਮਹੀਨਾ ਸੰਸਦੀ ਭੱਤਾ,60,000 ਰੁਪਏ ਪ੍ਰਤੀ ਮਹੀਨਾ ਦਫਤਰ ਭੱਤਾ, ਸਾਲ ਵਿੱਚ 34 ਹਵਾਈ ਟਿਕਟਾਂ ਸੰਸਦ ਮੈਂਬਰ ਅਤੇ ਉਸਦੇ ਨਾਲ ਇੱਕ ਅਧੀਕਾਰੀ ਦੀਆਂ 34 ਹਵਾਈ ਟਿਕਟਾਂ ਮੁਫ਼ਤ ਵਿੱਚ ਮਿਲਦੀਆਂ ਹਨ, ਰੇਲਵੇ ਵਿੱਚ ਪਹਿਲੇ ਦਰਜੇ ਵਿੱਚ ਸਫ਼ਰ ਮੁਫ਼ਤ, ਪਾਰਲੀਮੈਂਟ ਸੈਸ਼ਨ ਦੌਰਾਨ ਦਿੱਲੀ ਬੰਬੇ ਵਿਚਾਲੇ ਚੱਲਣ ਵਾਲੀ ਰਾਜਧਾਨੀ ਐਕਸਪ੍ਰੈਸ ਰੇਲ ਗੱਡੀ ਵਿੱਚ ਇੱਕ ਸਪੈਸ਼ਲ ਡੱਬਾ ਸੰਸਦ ਮੈਂਬਰਾਂ ਵਾਸਤੇ ਲਗਾਇਆ ਜਾਂਦਾ ਹੈ। ਕਿਤੇ ਆਉਣ ਜਾਣ ਲਈ 2000 ਰੁਪਏ ਦਿਹਾੜੀ ਵੱਖਰੇ ਤੌਰ ‘ਤੇ ਭੱਤੇ ਦੇ ਰੂਪ ਵਿੱਚ ਮਿਲਦੀ ਹੈ।
ਦਿੱਲੀ ਦੇ ਸ਼ਾਨਦਾਰ ਇਲਾਕੇ ਵਿੱਚ ਵੱਡਾ ਬੰਗਲਾ, ਵੱਡੀ ਤਨਖ਼ਾਹ ਲੈਣ ਵਾਲਾ ਇੱਕ ਅਧਿਕਾਰੀ, ਰਸੋਈ ਦਾ ਖਰਚਾ ਤੇ ਰਸੋਈਆ। ਆਉਣ ਜਾਣ ਦਾ ਟੀ ਡੀ ਏ, ਆਪਣੀ ਕਾਰ ਵਰਤਣ ‘ਤੇ ਕਾਰ ਦਾ ਤੇਲ, ਐਸਕੋਰਟ ਗੱਡੀਆਂ,ਸਾਬਕਾ ਹੋ ਜਾਣ ‘ਤੇ 20,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ। ਲੇਕਿਨ ਅਜੇ ਵੀ ਬੀਬੀ ਨੂੰ ਕੁੱਝ ਨਹੀਂ ਬਚਦਾ। ਬੀਬੀ ਕੰਗਨਾ ਤੁਸੀਂ ਗ੍ਰੈਜੂਏਸ਼ਨ ਵੀ ਨਹੀਂ ਕੀਤੀ ਤੇ ਇੰਨਾ ਕੁੱਝ ਮਿਲ ਰਿਹਾ ਹੈ। ਜਿਹੜੇ ਦੇਸ਼ ਦੇ ਤੁਸੀਂ ਸੰਸਦ ਮੈਂਬਰ ਹੋ ਉੱਥੇ ਲੋਕ ਮਾਸਟਰ ਡਿਗਰੀ ਲੈ ਕੇ ਦਸ ਦਸ ਹਜ਼ਾਰ ਰੁਪਏ ਮਹੀਨੇ ‘ਤੇ ਨੌਕਰੀਆਂ ਕਰਨ ਲਈ ਮਜ਼ਬੂਰ ਨੇ। ਬੀਬੀ ਇਹ ਜੋ ਤੁਸੀਂ ਬੋਲ ਰਹੇ ਹੋ ਇਸ ਤੋਂ ਇਹ ਲੱਗਦਾ ਹੈ ਕਿ ਸਿਆਸਤ ਵਿੱਚ ਹੁਣ ਤੁਹਾਡਾ ਮਨ ਨਹੀਂ ਲੱਗ ਰਿਹਾ ਕਿਉੰਕਿ ਪਾਰਟੀ ਵਿੱਚ ਤੁਹਾਡੀ ਕੋਈ ਵੁਕਤ ਨਹੀਂ ਰਹੀ। ਬੀਬਾ ਤੁਸੀਂ ਵਾਪਸ ਜਾਓ ਤੇ ਫਿਲਮਾਂ ਬਣਾਓ।
ਕੁਲਵੰਤ ਸਿੰਘ ਗੱਗੜਪੁਰੀ

