Punjab
ਕਿਸੇ ਨੂੰ ਕਲੇਸ਼ ਤੇ ਕਿਸੇ ਨੂੰ “ਗੁਨਾਹ” ਲੈ ਬੈਠੇ ਇੰਝ ਹੀ ਚੱਲਦਾ ਰਿਹਾ ਤਾਂ ‘ਆਪ’ ਰਪੀਟ ਕਰੇਗੀ..
ਕਿਸੇ ਵੀ ਲੋਕਤੰਤਰ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਸੱਤਾ ਧਿਰ ਦੇ ਸਾਹਮਣੇ ਇੱਕ ਮਜ਼ਬੂਤ, ਇਕਜੁੱਟ ਅਤੇ ਭਰੋਸੇਯੋਗ ਵਿਰੋਧੀ ਧਿਰ ਖੜ੍ਹੀ ਹੋਵੇ, ਪਰ ਅੱਜ ਦੇ ਪੰਜਾਬੀ ਸਿਆਸੀ ਦ੍ਰਿਸ਼ ਵਿੱਚ ਇਹ ਕਮੀ ਖੁੱਲ੍ਹ ਕੇ ਨਜ਼ਰ ਆ ਰਹੀ ਹੈ। ਪੰਜਾਬ ਵਿੱਚ ਵਿਰੋਧੀ ਧਿਰ ਦੀ ਕਮਜ਼ੋਰੀ ਸੱਤਾ ਵਿੱਚ ਬੈਠੀ ਆਮ ਆਦਮੀ ਪਾਰਟੀ ਲਈ ਫਾਇਦੇ ਦਾ ਸੌਦਾ ਬਣਦੀ ਜਾ ਰਹੀ ਹੈ। ਪੰਜਾਬ ਵਿੱਚ ਹਾਲਾਤ ਇਸ ਕਦਰ ਡਾਵਾਂਡੋਲ ਹਨ ਕਿ ਕਿਸੇ ਪਾਰਟੀ ਦਾ ਅੰਦਰੂਨੀ ਕਲੇਸ਼ ਮੁੱਕਣ ਦਾ ਨਾਂ ਨਹੀਂ ਲੈਂਦਾ ਤੇ ਕਿਸੇ ਦੇ ਪੁਰਾਣੇ “ਗੁਨਾਹ” ਉਸਦਾ ਪਿੱਛਾ ਛੱਡਣ ਨੂੰ ਤਿਆਰ ਨਹੀਂ। ਜੇ ਇਹੀ ਸਥਿਤੀ ਬਣੀ ਰਹੀ ਤਾਂ ‘ਆਪ’ ਲਈ 2027 ਵਿੱਚ ਸਰਕਾਰ ਦੁਹਰਾਉਣਾ ਕੋਈ ਵੱਡੀ ਚੁਣੌਤੀ ਨਹੀਂ ਰਹੇਗੀ।
ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਉਹ ਅਜੇ ਤੱਕ ਆਪਣੇ ਅੰਦਰੂਨੀ ਝਗੜਿਆਂ ਤੋਂ ਉੱਪਰ ਨਹੀਂ ਉਠ ਸਕੀ। ਇਕਜੁੱਟ ਹੋਣ ਦੀ ਬਜਾਇ ਪਾਰਟੀ ਹੋਰ ਧੜਿਆਂ ਵਿੱਚ ਵੰਡਦੀ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਕਾਰ ਟਕਰਾਅ ਖੁੱਲ੍ਹ ਕੇ ਸਾਹਮਣੇ ਆ ਚੁੱਕਾ ਹੈ। ਦਸਤਖ਼ਤੀ ਮੁਹਿੰਮਾਂ, ਅੰਦਰੂਨੀ ਖਿੱਚਤਾਣ ਅਤੇ ਨੇਤ੍ਰਿਤਵ ਦੀ ਦੌੜ ਨੇ ਕਾਂਗਰਸ ਨੂੰ ਆਮ ਲੋਕਾਂ ਦੇ ਮੁੱਦਿਆਂ ਤੋਂ ਦੂਰ ਕਰ ਦਿੱਤਾ ਹੈ। ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਗੁਰਜੀਤ ਸਿੰਘ ਵਰਗੇ ਵੱਡੇ ਨੇਤਾ ਆਪਣੇ-ਆਪਣੇ ਰਾਹ ਤੁਰਦੇ ਦਿਖਾਈ ਦਿੰਦੇ ਹਨ, ਜਦਕਿ ਸੁਖਵਿੰਦਰ ਸਿੰਘ ਡੈਨੀ ਵੱਖਰੇ ਤੌਰ ‘ਤੇ ਐੱਸ ਸੀ ਭਾਈਚਾਰੇ ਨੂੰ ਲਾਮਬੰਦ ਕਰਨ ਵਿੱਚ ਲੱਗੇ ਹੋਏ ਹਨ। ਇਸ ਤਰ੍ਹਾਂ ਦੇ ਅੰਦਰੂਨੀ ਕਲੇਸ਼ ਕਾਰਨ ਪੰਜਾਬ ਕਾਂਗਰਸ ਇੱਕ ਮਜ਼ਬੂਤ ਵਿਰੋਧੀ ਧਿਰ ਬਣਨ ਵਿੱਚ ਅਸਫ਼ਲ ਰਹੀ ਹੈ।
ਨਵੇਂ ਅਕਾਲੀ ਦਲ ਤੋਂ ਵੀ ਜਿਨ੍ਹਾਂ ਉਮੀਦਾਂ ਨਾਲ ਲੋਕਾਂ ਨੇ ਤੱਕਿਆ ਸੀ, ਉਹ ਅਜੇ ਤੱਕ ਪੂਰੀਆਂ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਬਣੀ ਇਹ ਪਾਰਟੀ ਅਜੇ ਤੱਕ ਰਜਿਸਟ੍ਰੇਸ਼ਨ ਵਰਗਾ ਬੁਨਿਆਦੀ ਪੜਾਅ ਵੀ ਪਾਰ ਨਹੀਂ ਕਰ ਸਕੀ। ਪਾਰਟੀ ਨੇਤਾ ਪਾਰਟੀ ਬਣਨ ਤੋਂ ਪਹਿਲਾਂ ਹੀ ਪਾਰਟੀ ਛੱਡ ਕੇ ਜਾ ਰਹੇ ਹਨ। ਪ੍ਰਮੁੱਖ ਆਗੂ ਚਰਨਜੀਤ ਸਿੰਘ ਬਰਾੜ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਇਸ ਦੀ ਵੱਡੀ ਮਿਸਾਲ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਤੋਂ ਬਾਅਦ ਮਨਪ੍ਰੀਤ ਸਿੰਘ ਇਯਾਲੀ ਦੇ ਬਾਗੀ ਸੁਰ ਵੀ ਸੁਣਾਈ ਦਿੱਤੇ ਸਨ। ਬਾਕੀ ਵੱਡੇ ਨੇਤਾ ਖਾਮੋਸ਼ੀ ਅਖ਼ਤਿਆਰ ਕਰਕੇ ਘਰਾਂ ਵਿੱਚ ਬੈਠੇ ਹਨ। ਅਜਿਹੇ ਹਾਲਾਤਾਂ ਵਿੱਚ ਇਸ ਪਾਰਟੀ ਤੋਂ ਵੀ ਤੁਰੰਤ ਕੋਈ ਵੱਡੀ ਸਿਆਸੀ ਚੁਣੌਤੀ ਦੀ ਉਮੀਦ ਕਰਨਾ ਔਖਾ ਲੱਗਦਾ ਹੈ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਥਿਤੀ ਵੀ ਬਹੁਤ ਵੱਖਰੀ ਨਹੀਂ। ਪਾਰਟੀ ਅਜੇ ਵੀ ਆਪਣੇ ਪੁਰਾਣੇ “ਗੁਨਾਹਾਂ” ਦੇ ਸਾਏ ਹੇਠ ਹੈ। ਇੱਥੇ “ਗੁਨਾਹ” ਸ਼ਬਦ ਇਸ ਲਈ ਵਰਤਣਾ ਪੈਂਦਾ ਹੈ ਕਿਉਂਕਿ 2 ਦਸੰਬਰ 2024 ਨੂੰ ਜਦੋਂ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸਨ, ਤਾਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ 2007 ਤੋਂ 2017 ਤੱਕ ਦੀ ਅਕਾਲੀ ਸਰਕਾਰ ਦੌਰਾਨ ਹੋਈਆਂ ਗਲਤੀਆਂ ਨੂੰ ਸਿੱਧੇ ਤੌਰ ‘ਤੇ “ਗੁਨਾਹ” ਕਹਿ ਕੇ ਦਰਸਾਇਆ ਗਿਆ ਸੀ, ਜਿਨ੍ਹਾਂ ਨੂੰ ਸੁਖਬੀਰ ਬਾਦਲ ਨੇ ਖੁਦ ਕਬੂਲ ਕੀਤਾ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਵਿੱਚ ਸੁਖਬੀਰ ਬਾਦਲ ਦੇ ਨਜ਼ਦੀਕੀ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸੀ ਏ ਸਤਿੰਦਰ ਸਿੰਘ ਕੋਹਲੀ ਦੀ ਗ੍ਰਿਫ਼ਤਾਰੀ ਨੇ ਅਕਾਲੀ ਦਲ ਨੂੰ ਹੋਰ ਵੱਡਾ ਝਟਕਾ ਦਿੱਤਾ ਹੈ। ਇਹ ਮਾਮਲਾ ਅਜੇ ਖਤਮ ਨਹੀਂ ਹੋਇਆ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਰ ਝਟਕੇ ਲੱਗਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਭਾਜਪਾ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਅਜੇ ਵੀ ਉਸਦਾ ਅਜਿਹਾ ਅਧਾਰ ਨਹੀਂ ਬਣਿਆ ਕਿ ਉਹ ਇਕੱਲੀ ਆਮ ਆਦਮੀ ਪਾਰਟੀ ਨੂੰ ਸਿੱਧੀ ਟੱਕਰ ਦੇ ਸਕੇ। ਸਾਲ ਭਰ ਬਾਅਦ ਚੋਣਾਂ ਹਨ ਅਤੇ ਸਿਆਸਤ ਵਿੱਚ ਬਹੁਤ ਕੁਝ ਬਦਲ ਸਕਦਾ ਹੈ, ਪਰ ਮੌਜੂਦਾ ਹਾਲਾਤ ਇਹੀ ਇਸ਼ਾਰਾ ਕਰ ਰਹੇ ਹਨ ਕਿ ਜੇ ਵਿਰੋਧੀ ਧਿਰਾਂ ਆਪਣਾ ਘਰ ਠੀਕ ਨਾ ਕਰ ਸਕੀਆਂ, ਤਾਂ ਆਪ ਲਈ ਰਾਹ ਕਾਫ਼ੀ ਹੱਦ ਤੱਕ ਸੁਗਮ ਰਹੇਗਾ। ਫਿਲਹਾਲ ਤਾਂ ਇਹੀ ਲੱਗਦਾ ਹੈ ਕਿ ਕਿਸੇ ਦਾ ਕਲੇਸ਼ ਮੁੱਕਦਾ ਨਹੀਂ ਤੇ ਕਿਸੇ ਦੇ ਗੁਨਾਹ ਪਿੱਛਾ ਨਹੀਂ ਛੱਡਦੇ—ਅਜਿਹੇ ਮਾਹੌਲ ਵਿੱਚ 2027 ਦੀ ਚੋਣੀ ਬਾਜ਼ੀ ਕੌਣ ਮਾਰੇਗਾ, ਇਸਦਾ ਜਵਾਬ ਵਕ਼ਤ ਹੀ ਦੇਵੇਗਾ।

