Connect with us

Punjab

ਪੰਜਾਬ ‘ਚ ਬੰ.ਬ ਧਮਾਕਿਆਂ.ਪਿੱਛੋਂ ਪੈ ਰਹੇ ਰੌਲੇ ਰੱਪੇ ਨੇ ਭਾਜਪਾ ਨੂੰ ਆਪ ਦੀ ਟੱਕਰ ‘ਤੇ ਲਿਆ ਖੜ੍ਹਾ ਕੀਤਾ!

Published

on

ਪੰਜਾਬ ਵਿੱਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਸੂਬੇ ਦੀ ਸਿਆਸਤ ਇੱਕ ਨਵੇਂ ਮੋੜ ‘ਤੇ ਆ ਖੜ੍ਹੀ ਹੈ। ਇਹ ਮਾਮਲਾ ਸਿਰਫ਼ ਕਾਨੂੰਨ-ਵਿਵਸਥਾ ਜਾਂ ਸੁਰੱਖਿਆ ਦਾ ਨਹੀਂ ਰਹਿ ਗਿਆ, ਸਗੋਂ ਇਸ ਨੇ ਸਿਆਸੀ ਧੁਰਿਆਂ ਦੀ ਨਵੀਂ ਲਾਈਨ ਖਿੱਚਣੀ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਕਹਿਣਾ ਕਿ ਇਨ੍ਹਾਂ ਧਮਾਕਿਆਂ ਪਿੱਛੇ ਭਾਜਪਾ ਦੀ ਚੋਣ ਰਣਨੀਤੀ ਹੋ ਸਕਦੀ ਹੈ, ਪੰਜਾਬ ਦੀ ਸਿਆਸਤ ਨੂੰ ਸਿੱਧੀ ਟੱਕਰ ਵਾਲੇ ਮੋਡ ਵਿੱਚ ਲੈ ਆਇਆ ਹੈ। ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਕੇਵਲ ਧਮਾਕਿਆਂ ਦੀ ਜਾਂਚ ਨਹੀਂ ਚੱਲ ਰਹੀ, ਬਲਕਿ “ਨੇਰੇਟਿਵ ਦੀ ਲੜਾਈ” ਸ਼ੁਰੂ ਹੋ ਚੁੱਕੀ ਹੈ।

ਪੰਜਾਬ ਦੀ ਰਾਜਨੀਤੀ ਨੂੰ ਸਮਝਣ ਲਈ ਇਹ ਜਾਣਣਾ ਜ਼ਰੂਰੀ ਹੈ ਕਿ ਇੱਥੇ ਹਮੇਸ਼ਾ ਸਿਰਫ਼ ਘਟਨਾਵਾਂ ਨਹੀਂ, ਘਟਨਾਵਾਂ ਦੇ ਆਲੇ-ਦੁਆਲੇ ਬਣਦਾ ਮਾਹੌਲ ਚੁਣਾਵੀ ਪ੍ਰਭਾਵ ਪੈਦਾ ਕਰਦਾ ਹੈ। ਬੰਬ ਧਮਾਕਿਆਂ ਤੋਂ ਪਹਿਲਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਮੁੱਖ ਮੁਕਾਬਲੇ ਦੀ ਗੱਲ ਹੁੰਦੀ ਸੀ ਅਤੇ ਕਦੇ ਅਕਾਲੀ ਦਲ ਦੂਜੇ ਨੰਬਰ ਤੇ ਆਉਂਦਾ ਲੱਗਦਾ ਸੀ ਜਦ ਕਿ ਭਾਜਪਾ ਨੂੰ ਚੌਥੀ ਧਿਰ ਵਜੋਂ ਦੇਖਿਆ ਜਾਂਦਾ ਸੀ। ਪਰ ਜਿਵੇਂ ਹੀ ਧਮਾਕਿਆਂ ਦੇ ਮਾਮਲੇ ਵਿੱਚ ਭਾਜਪਾ ਦਾ ਨਾਮ ਸਿਆਸੀ ਤੌਰ ‘ਤੇ ਜੋੜਿਆ ਗਿਆ, ਭਾਜਪਾ ਅਚਾਨਕ ਕੇਂਦਰੀ ਚਰਚਾ ਵਿੱਚ ਆ ਗਈ। ਸਿਆਸਤ ਵਿੱਚ ਕਈ ਵਾਰ ਵਿਰੋਧੀ ਵੱਲੋਂ ਲਗਾਇਆ ਦੋਸ਼ ਵੀ ਕਿਸੇ ਪਾਰਟੀ ਨੂੰ ਮਜ਼ਬੂਤ ਕਰ ਦਿੰਦਾ ਹੈ, ਕਿਉਂਕਿ ਲੋਕਾਂ ਦੇ ਮਨ ਵਿੱਚ ਉਹ ਪਾਰਟੀ “ਮੁੱਖ ਖਿਡਾਰੀ” ਵਜੋਂ ਸਥਾਪਿਤ ਹੋ ਜਾਂਦੀ ਹੈ।

ਇਸ ਵੇਲੇ ਪੰਜਾਬ ਵਿੱਚ ਦੋ ਵੱਡੇ ਨੇਰੇਟਿਵ ਇੱਕੋ ਸਮੇਂ ਚੱਲ ਰਹੇ ਹਨ। ਪਹਿਲਾ ਨੇਰੇਟਿਵ ਇਹ ਹੈ ਕਿ ਕੇਂਦਰ ਦੀ ਸਿਆਸਤ ਅਤੇ ਭਾਜਪਾ ਉੱਤੇ ਪਹਿਲਾਂ ਤੋਂ ਹੀ “ਡਰ ਦੀ ਰਾਜਨੀਤੀ” ਕਰਨ ਦੇ ਦੋਸ਼ ਲੱਗਦੇ ਰਹੇ ਹਨ, ਇਸ ਕਰਕੇ ਕੁੱਝ ਲੋਕਾਂ ਲਈ ਮੁੱਖ ਮੰਤਰੀ ਦਾ ਦੋਸ਼ ਸਿੱਧਾ ਰੱਦ ਕਰਨਾ ਆਸਾਨ ਨਹੀਂ। ਉਹਨਾਂ ਨੂੰ ਲੱਗਦਾ ਹੈ ਕਿ ਸਿਆਸੀ ਲਾਭ ਲਈ ਮਾਹੌਲ ਬਣਾਉਣ ਵਾਲੀ ਰਾਜਨੀਤੀ ਅੱਜ ਦੇ ਸਮੇਂ ਵਿੱਚ ਅਸੰਭਵ ਨਹੀਂ ਰਹੀ। ਦੂਜਾ ਨੇਰੇਟਿਵ ਇਸ ਤੋਂ ਬਿਲਕੁਲ ਉਲਟ ਹੈ। ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਆਈ ਐਸ ਆਈ ਅਤੇ ਅੱਤਵਾਦੀ ਜਥੇਬੰਦੀਆਂ ਵੱਲ ਇਸ਼ਾਰਾ ਕਰਨ ਤੋਂ ਬਾਅਦ ਭਾਜਪਾ ਅਤੇ ਉਸਦੇ ਹਮਾਇਤੀ ਵਰਗ ਨੇ ਇਹ ਮਾਹੌਲ ਬਣਾਉਣਾ ਸ਼ੁਰੂ ਕੀਤਾ ਹੈ ਕਿ ਪੰਜਾਬ ਮੁੜ ਅਸਥਿਰਤਾ ਵੱਲ ਧੱਕਿਆ ਜਾ ਰਿਹਾ ਹੈ ਅਤੇ ਇਸ ਤਰ੍ਹਾਂ ਦੀ ਸਥਿਤੀ ਨਾਲ ਸਖ਼ਤੀ ਨਾਲ ਨਿਪਟਣ ਲਈ ਕੇਵਲ ਭਾਜਪਾ ਹੀ ਸਮਰੱਥ ਹੈ।

ਇੱਥੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਭਾਜਪਾ ਪੰਜਾਬ ਵਿੱਚ ਆਪਣੀ ਸਿਆਸੀ ਜ਼ਮੀਨ “ਹਿੰਦੂ ਸੁਰੱਖਿਆ” ਅਤੇ “ਰਾਸ਼ਟਰਵਾਦ” ਦੇ ਨੈਰੇਟਿਵ ਰਾਹੀਂ ਹੀ ਮਜ਼ਬੂਤ ਕਰ ਸਕਦੀ ਹੈ। ਪੰਜਾਬ ਵਿੱਚ ਉਸਦੇ ਕੋਲ ਅਜੇ ਤੱਕ ਨਾ ਕੋਈ ਵੱਡਾ ਪਿੰਡ ਪੱਧਰੀ ਢਾਂਚਾ ਹੈ ਅਤੇ ਨਾ ਹੀ ਕਿਸਾਨੀ ਜਾਂ ਪੰਥਕ ਸਿਆਸਤ ਵਿੱਚ ਡੂੰਘੀ ਪਕੜ। ਇਸ ਲਈ ਜੇਕਰ ਸੂਬੇ ਵਿੱਚ ਅਸਥਿਰਤਾ, ਸੁਰੱਖਿਆ ਜਾਂ ਪਾਕਿਸਤਾਨ ਪ੍ਰੇਰਿਤ ਖ਼ਤਰੇ ਦੀ ਚਰਚਾ ਵਧਦੀ ਹੈ ਤਾਂ ਉਸਦਾ ਸਭ ਤੋਂ ਵੱਧ ਸਿਆਸੀ ਲਾਭ ਭਾਜਪਾ ਨੂੰ ਹੀ ਮਿਲ ਸਕਦਾ ਹੈ। ਇਹੀ ਕਾਰਨ ਹੈ ਕਿ ਭਾਜਪਾ ਇਸ ਮੁੱਦੇ ਨੂੰ ਕੇਵਲ ਕਾਨੂੰਨ-ਵਿਵਸਥਾ ਨਹੀਂ, ਸਗੋਂ “ਰਾਸ਼ਟਰੀ ਸੁਰੱਖਿਆ” ਦੇ ਰੂਪ ਵਿੱਚ ਪੇਸ਼ ਕਰ ਰਹੀ ਹੈ।ਦੂਜੇ ਪਾਸੇ ਆਮ ਆਦਮੀ ਪਾਰਟੀ ਲਈ ਵੀ ਇਹ ਮਾਮਲਾ ਸੌਖਾ ਨਹੀਂ। ਜੇਕਰ ਉਹ ਸਿਰਫ਼ ਕੇਂਦਰ ਜਾਂ ਭਾਜਪਾ ਉੱਤੇ ਦੋਸ਼ ਲਗਾਉਂਦੀ ਰਹਿੰਦੀ ਹੈ ਤਾਂ ਵਿਰੋਧੀ ਪਾਰਟੀਆਂ ਇਹ ਪ੍ਰਚਾਰ ਕਰਨਗੀਆਂ ਕਿ ਪੰਜਾਬ ਸਰਕਾਰ ਆਪਣੀ ਨਾਕਾਮੀ ਛੁਪਾਉਣ ਲਈ ਸਿਆਸੀ ਇਲਜ਼ਾਮਬਾਜ਼ੀ ਕਰ ਰਹੀ ਹੈ। ਪਰ ਜੇਕਰ ਉਹ ਪੂਰੀ ਤਰ੍ਹਾਂ ਇਸਨੂੰ ਅੱਤਵਾਦੀ ਸਾਜ਼ਿਸ਼ ਮੰਨ ਲੈਂਦੀ ਹੈ ਤਾਂ ਫਿਰ ਲੋਕਾਂ ਦੇ ਮਨ ਵਿੱਚ ਸਵਾਲ ਉੱਠੇਗਾ ਕਿ ਪੰਜਾਬ ਦੀ ਕਾਨੂੰਨ-ਵਿਵਸਥਾ ਕਿੱਥੇ ਖੜ੍ਹੀ ਹੈ। ਇਸ ਕਰਕੇ ਆਪ ਇੱਕ ਅਜਿਹੇ ਸਿਆਸੀ ਸੰਤੁਲਨ ਵਿੱਚ ਫਸ ਗਈ ਹੈ ਜਿੱਥੇ ਹਰ ਬਿਆਨ ਉਸ ਲਈ ਖ਼ਤਰਾ ਵੀ ਬਣ ਸਕਦਾ ਹੈ ਅਤੇ ਮੌਕਾ ਵੀ।

ਇਸ ਸਾਰੇ ਮਾਹੌਲ ਵਿੱਚ ਸਭ ਤੋਂ ਵੱਧ ਨੁਕਸਾਨ ਕਾਂਗਰਸ ਅਤੇ ਅਕਾਲੀ ਦਲ ਨੂੰ ਹੋ ਰਿਹਾ ਹੈ। ਕਾਂਗਰਸ ਪਹਿਲਾਂ ਹੀ ਅੰਦਰੂਨੀ ਖਿੱਚਤਾਣ ਕਾਰਨ ਕਮਜ਼ੋਰ ਹੈ। ਸੂਬੇ ਵਿੱਚ ਕੋਈ ਇੱਕ ਚਿਹਰਾ ਜਾਂ ਇੱਕਸਾਰ ਰਣਨੀਤੀ ਦਿਖਾਈ ਨਹੀਂ ਦਿੰਦੀ। ਦੂਜੇ ਪਾਸੇ ਅਕਾਲੀ ਦਲ ਆਪਣੇ ਹੀ ਧੜਿਆਂ ਅਤੇ ਪੁਰਾਣੇ ਸੰਕਟਾਂ ਵਿੱਚ ਫਸਿਆ ਹੋਇਆ ਹੈ। ਜਦੋਂ ਸਿਆਸਤ “ਸੁਰੱਖਿਆ” ਅਤੇ “ਰਾਸ਼ਟਰਵਾਦ” ਦੇ ਮੁੱਦੇ ‘ਤੇ ਆ ਜਾਂਦੀ ਹੈ ਤਾਂ ਖੇਤਰੀ ਪਾਰਟੀਆਂ ਦਾ ਨੈਰੇਟਿਵ ਕਮਜ਼ੋਰ ਪੈਣ ਲੱਗਦਾ ਹੈ। ਇਸ ਸਮੇਂ ਪੰਜਾਬ ਦੀ ਸਿਆਸਤ ਹੌਲੀ-ਹੌਲੀ ਦੋ ਧਿਰਾਂ ਵਿੱਚ ਵੰਡਦੀ ਦਿਖ ਰਹੀ ਹੈ—ਇੱਕ ਪਾਸੇ ਆਪ ਅਤੇ ਦੂਜੇ ਪਾਸੇ ਭਾਜਪਾ।

ਇੱਕ ਹੋਰ ਮਹੱਤਵਪੂਰਨ ਪੱਖ ਇਹ ਵੀ ਹੈ ਕਿ ਪੰਜਾਬ ਦਾ ਸਮਾਜ ਅਜੇ ਵੀ 1980 ਅਤੇ 1990 ਦੇ ਦਹਾਕੇ ਦੀ ਹਿੰਸਾ ਦੀ ਯਾਦ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਆਇਆ। “ਅੱਤਵਾਦ ਮੁੜ ਆ ਰਿਹਾ ਹੈ” ਵਾਲੀ ਗੱਲ ਲੋਕਾਂ ਦੇ ਮਨ ‘ਤੇ ਤੇਜ਼ ਅਸਰ ਛੱਡਦੀ ਹੈ। ਭਾਜਪਾ ਇਸ ਮਨੋਵਿਗਿਆਨ ਨੂੰ ਸਮਝਦੀ ਹੈ ਅਤੇ ਇਸੇ ਕਾਰਨ ਉਸਦੇ ਨੇਤਾ ਹਰ ਘਟਨਾ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੋੜਦੇ ਹਨ। ਦੂਜੇ ਪਾਸੇ ਆਪ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਡਰ ਦਾ ਮਾਹੌਲ ਸਿਆਸੀ ਤੌਰ ‘ਤੇ ਤਿਆਰ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਪੰਜਾਬ ਵਿੱਚ ਅਸਲ ਲੜਾਈ ਹੁਣ ਧਮਾਕਿਆਂ ਦੀ ਜਾਂਚ ਨਾਲੋਂ ਵੱਧ ਲੋਕਾਂ ਦੇ ਮਨ ‘ਤੇ ਕਬਜ਼ਾ ਕਰਨ ਦੀ ਬਣ ਗਈ ਹੈ।

ਸਿਆਸਤ ਵਿੱਚ ਕਈ ਵਾਰ ਸੱਚ ਬਾਅਦ ਵਿੱਚ ਸਾਹਮਣੇ ਆਉਂਦਾ ਹੈ ਪਰ ਉਸ ਤੋਂ ਪਹਿਲਾਂ ਬਣਿਆ ਮਾਹੌਲ ਚੁਣਾਵੀ ਹਾਲਾਤ ਬਦਲ ਚੁੱਕਿਆ ਹੁੰਦਾ ਹੈ। ਅੱਜ ਪੰਜਾਬ ਵਿੱਚ ਵੀ ਕੁੱਝ ਅਜਿਹਾ ਹੀ ਦਿਖ ਰਿਹਾ ਹੈ। ਭਾਜਪਾ ਉੱਤੇ ਲੱਗੇ ਦੋਸ਼ਾਂ ਨੇ ਉਸਨੂੰ ਰਾਜਨੀਤਿਕ ਤੌਰ ‘ਤੇ ਹਾਸੀਏ ਤੋਂ ਕੱਢ ਕੇ ਸਿੱਧਾ ਕੇਂਦਰੀ ਮੁਕਾਬਲੇ ਵਿੱਚ ਲਿਆ ਖੜ੍ਹਾ ਕੀਤਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਜਾਂਚ ਏਜੰਸੀਆਂ ਕੀ ਨਤੀਜੇ ਦਿੰਦੀਆਂ ਹਨ, ਪਰ ਫ਼ਿਲਹਾਲ ਇਹ ਸਪੱਸ਼ਟ ਹੈ ਕਿ ਬੰਬ ਧਮਾਕਿਆਂ ਨਾਲੋਂ ਵੱਧ ਅਸਰ ਉਹਨਾਂ ਦੇ ਆਲੇ-ਦੁਆਲੇ ਬਣੇ ਸਿਆਸੀ ਰੌਲੇ ਨੇ ਪਾਇਆ ਹੈ।

ਕੁਲਵੰਤ ਸਿੰਘ ਗੱਗੜਪੁਰੀ