Connect with us

Punjab

Video War ‘ਚ ਭਗਵੰਤ ਦਾ ਘੱਟ ਸੁਖਬੀਰ ਦਾ ਵੱਧ ਨੁਕਸਾਨ – ਖਿੱਦੋ ਖੁੱਲ੍ਹ ਰਹੀ ਏ ਤੇ ਪੁਰਾਣੀਆਂ ਲੀਰਾਂ ਵੀ ਨਿਕਲ ਰਹੀਆਂ ਨੇ! 

Published

on

ਪੰਜਾਬ ਦੀ ਰਾਜਨੀਤੀ ਇਸ ਸਮੇਂ ਅਜਿਹੇ ਦੌਰ ਵਿੱਚੋਂ ਲੰਘ ਰਹੀ ਹੈ ਜਿੱਥੇ ਲੋਕਾਂ ਨਾਲ ਜੁੜੇ ਅਸਲ ਮੁੱਦਿਆਂ ਦੀ ਥਾਂ ਨਿੱਜੀ ਹਮਲਿਆਂ, ਵੀਡੀਓ ਜੰਗਾਂ ਅਤੇ ਸੋਸ਼ਲ ਮੀਡੀਆ ਮੁਹਿੰਮਾਂ ਨੇ ਲੈ ਲਈ ਹੈ। ਸੱਤ-ਅੱਠ ਮਹੀਨਿਆਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਆਸੀ ਪਾਰਟੀਆਂ ਆਪਣੀ-ਆਪਣੀ ਰਣਨੀਤੀ ‘ਤੇ ਕੰਮ ਕਰ ਰਹੀਆਂ ਹਨ। ਵਿਰੋਧੀ ਧਿਰ ਨੂੰ ਸਰਕਾਰ ਖ਼ਿਲਾਫ਼ ਕੋਈ ਅਜਿਹਾ ਵੱਡਾ ਜਨਤਕ ਮੁੱਦਾ ਨਹੀਂ ਮਿਲਿਆ ਜਿਸ ਦੇ ਆਧਾਰ ‘ਤੇ ਚੁਣਾਵੀ ਲੜਾਈ ਲੜੀ ਜਾ ਸਕੇ। ਇਸੇ ਕਾਰਨ ਸਿਆਸਤ ਦਾ ਕੇਂਦਰ ਹੁਣ ਨਿੱਜੀ ਦੋਸ਼ਾਂ ਅਤੇ ਵੀਡੀਓ ਵਿਵਾਦਾਂ ਵੱਲ ਮੁੜਦਾ ਦਿਖਾਈ ਦੇ ਰਿਹਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨਾਲ ਜੋੜੀ ਇੱਕ ਕਥਿਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਮਾਮਲਾ ਸਿਰਫ਼ ਰਾਜਨੀਤਿਕ ਨਹੀਂ ਰਿਹਾ, ਸਗੋਂ ਧਾਰਮਿਕ ਅਤੇ ਸਮਾਜਿਕ ਚਰਚਾ ਦਾ ਵਿਸ਼ਾ ਵੀ ਬਣ ਗਿਆ। ਇਸ ਵੀਡੀਓ ਸਬੰਧੀ ਵੱਖ-ਵੱਖ ਦਾਅਵੇ ਕੀਤੇ ਗਏ। ਮਾਮਲਾ ਸ੍ਰੀ ਆਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੋਲ ਵੀ ਪਹੁੰਚਿਆ ਅਤੇ ਦੱਸਿਆ ਗਿਆ ਕਿ ਵੀਡੀਓ ਦੀ ਤਕਨੀਕੀ ਜਾਂਚ ਕਰਵਾਈ ਗਈ। ਇਸ ਤੋਂ ਬਾਅਦ ਜਾਰੀ ਕੀਤੇ ਗਏ ਬਿਆਨਾਂ ਅਤੇ ਆਦੇਸ਼ਾਂ ਨੇ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ। ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਇਸ ਨੂੰ ਸਿਆਸੀ ਸਾਜ਼ਿਸ਼ ਕਰਾਰ ਦਿੱਤਾ।
ਬਾਅਦ ਵਿੱਚ ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਚਿਹਰੇ ਵਰਗਾ ਮਾਸਕ ਤਿਆਰ ਕਰਵਾ ਕੇ ਸਾਜ਼ਿਸ਼ ਰਚੀ ਗਈ। ਦੂਜੇ ਪਾਸੇ ਜਿਨ੍ਹਾਂ ਵਿਅਕਤੀਆਂ ਦੇ ਨਾਮ ਇਸ ਮਾਮਲੇ ਨਾਲ ਜੋੜੇ ਗਏ, ਉਨ੍ਹਾਂ ਨੇ ਵੀ ਆਪਣੇ ਉੱਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ। ਇਸ ਤਰ੍ਹਾਂ ਇੱਕ ਵੀਡੀਓ ਦੇ ਜਵਾਬ ਵਿੱਚ ਦੂਜੀ ਵੀਡੀਓ, ਇੱਕ ਦਾਅਵੇ ਦੇ ਜਵਾਬ ਵਿੱਚ ਦੂਜਾ ਦਾਅਵਾ ਅਤੇ ਇੱਕ ਪ੍ਰੈੱਸ ਕਾਨਫਰੰਸ ਦੇ ਜਵਾਬ ਵਿੱਚ ਦੂਜੀ ਪ੍ਰੈੱਸ ਕਾਨਫਰੰਸ ਦਾ ਦੌਰ ਸ਼ੁਰੂ ਹੋ ਗਿਆ। ਇਸ ਕਾਰਨ ਲੋਕਾਂ ਵਿੱਚ ਵੀ ਭੰਬਲਭੂਸਾ ਬਣਿਆ ਹੋਇਆ ਹੈ ਕਿ ਸੱਚ ਕੀ ਹੈ ਅਤੇ ਸਿਆਸੀ ਪ੍ਰਚਾਰ ਕੀ ਹੈ।
ਇਸ ਪੂਰੇ ਘਟਨਾਕ੍ਰਮ ਵਿੱਚ ਸਭ ਤੋਂ ਵੱਡਾ ਸਵਾਲ ਇਹ ਬਣਦਾ ਹੈ ਕਿ ਇਸ ਵੀਡੀਓ ਜੰਗ ਦਾ ਸਿਆਸੀ ਲਾਭ ਕਿਸ ਨੂੰ ਮਿਲ ਰਿਹਾ ਹੈ ਅਤੇ ਨੁਕਸਾਨ ਕਿਸ ਨੂੰ ਹੋ ਰਿਹਾ ਹੈ। ਕਈ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਭਗਵੰਤ ਮਾਨ ਨੂੰ ਇਸ ਵਿਵਾਦ ਨਾਲ ਉਤਨਾ ਨੁਕਸਾਨ ਨਹੀਂ ਹੋਇਆ ਜਿੰਨਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹੋ ਰਿਹਾ ਹੈ। ਕਾਰਨ ਇਹ ਹੈ ਕਿ ਜਿਵੇਂ ਹੀ ਆਕਾਲ ਤਖ਼ਤ, ਹੁਕਮਨਾਮਿਆਂ ਅਤੇ ਪੰਥਕ ਮੁੱਦਿਆਂ ਦੀ ਗੱਲ ਛਿੜਦੀ ਹੈ, ਲੋਕਾਂ ਦੇ ਮਨ ਵਿੱਚ ਪਿਛਲੇ ਕਈ ਸਾਲਾਂ ਦੀਆਂ ਘਟਨਾਵਾਂ ਆਪਣੇ ਆਪ ਤਾਜ਼ਾ ਹੋ ਜਾਂਦੀਆਂ ਹਨ।
ਲੋਕਾਂ ਨੂੰ 2015 ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ, ਬਹਿਬਲ ਕਲਾਂ ਗੋਲੀਕਾਂਡ, ਡੇਰਾ ਸਿਰਸਾ ਮੁਖੀ ਨੂੰ ਦਿੱਤੀ ਗਈ ਮੁਆਫ਼ੀ ਅਤੇ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਦੀ ਭੂਮਿਕਾ ਮੁੜ ਯਾਦ ਆ ਰਹੀ ਹੈ। ਇਹ ਵੀ ਚਰਚਾ ਵਿੱਚ ਆ ਜਾਂਦਾ ਹੈ ਕਿ ਦੋ ਦਸੰਬਰ 2024 ਨੂੰ ਸ੍ਰੀ ਆਕਾਲ ਤਖ਼ਤ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀਆਂ ਗਈਆਂ ਸਵੀਕਾਰੋਕਤੀਆਂ ਨੇ ਉਸ ਸਮੇਂ ਵੱਡੀ ਸਿਆਸੀ ਚਰਚਾ ਛੇੜ ਦਿੱਤੀ ਸੀ। ਇਸ ਕਰਕੇ ਜਦੋਂ ਵੀ ਪੰਥਕ ਮਾਮਲੇ ਮੁੜ ਸਾਹਮਣੇ ਆਉਂਦੇ ਹਨ ਤਾਂ ਵਿਰੋਧੀਆਂ ਦੀ ਬਜਾਏ ਅਕਾਲੀ ਦਲ ਦਾ ਪੁਰਾਣਾ ਸਿਆਸੀ ਇਤਿਹਾਸ ਵੀ ਲੋਕਾਂ ਦੀ ਚਰਚਾ ਦਾ ਹਿੱਸਾ ਬਣ ਜਾਂਦਾ ਹੈ।
ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉੱਤੇ ਪੁਰਾਣੀਆਂ ਵੀਡੀਓ, ਬਿਆਨ ਅਤੇ ਇੰਟਰਵਿਊ ਮੁੜ ਵਾਇਰਲ ਹੋ ਰਹੇ ਹਨ। ਲੋਕ ਪੁਰਾਣੇ ਵਿਵਾਦਾਂ, ਹੁਕਮਨਾਮਿਆਂ, ਬੇਅਦਬੀ ਮਾਮਲਿਆਂ ਅਤੇ ਅਕਾਲੀ ਦਲ ਦੇ ਉਸ ਸਮੇਂ ਦੇ ਫ਼ੈਸਲਿਆਂ ਬਾਰੇ ਮੁੜ ਵਿਚਾਰ ਕਰ ਰਹੇ ਹਨ। ਇਸ ਕਰਕੇ ਇਹ ਵੀਡੀਓ ਜੰਗ ਸਿਰਫ਼ ਮੌਜੂਦਾ ਵਿਵਾਦ ਤੱਕ ਸੀਮਤ ਨਹੀਂ ਰਹੀ, ਸਗੋਂ ਇਸ ਨੇ ਪਿਛਲੇ ਇੱਕ ਦਹਾਕੇ ਦੇ ਪੰਥਕ ਅਤੇ ਸਿਆਸੀ ਵਿਵਾਦਾਂ ਨੂੰ ਵੀ ਦੁਬਾਰਾ ਜਨਤਕ ਚਰਚਾ ਦਾ ਹਿੱਸਾ ਬਣਾ ਦਿੱਤਾ ਹੈ।
ਇਹ ਵੀ ਸੱਚ ਹੈ ਕਿ ਪੰਜਾਬ ਦਾ ਵੋਟਰ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਜਾਗਰੂਕ ਹੋ ਚੁੱਕਾ ਹੈ। ਉਹ ਕਿਸੇ ਇੱਕ ਵੀਡੀਓ ਜਾਂ ਇੱਕ ਦਾਅਵੇ ਦੇ ਆਧਾਰ ‘ਤੇ ਆਪਣੀ ਰਾਏ ਨਹੀਂ ਬਣਾਉਂਦਾ, ਸਗੋਂ ਪਿਛਲੇ ਰਿਕਾਰਡ ਨੂੰ ਵੀ ਵੇਖਦਾ ਹੈ। ਇਸ ਲਈ ਜਿਸ ਧਿਰ ਨੇ ਇਹ ਸੋਚਿਆ ਸੀ ਕਿ ਸਿਰਫ਼ ਇੱਕ ਵੀਡੀਓ ਨਾਲ ਭਗਵੰਤ ਮਾਨ ਨੂੰ ਵੱਡਾ ਸਿਆਸੀ ਨੁਕਸਾਨ ਪਹੁੰਚਾ ਦਿੱਤਾ ਜਾਵੇਗਾ, ਉਸ ਦੀ ਰਣਨੀਤੀ ਉਲਟੀ ਵੀ ਪੈ ਸਕਦੀ ਹੈ, ਕਿਉਂਕਿ ਇਸ ਬਹਿਸ ਦੌਰਾਨ ਅਕਾਲੀ ਦਲ ਨਾਲ ਜੁੜੇ ਪੁਰਾਣੇ ਵਿਵਾਦ ਵੀ ਮੁੜ ਲੋਕਾਂ ਦੇ ਸਾਹਮਣੇ ਆ ਰਹੇ ਹਨ।
ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਇਸ ਸਮੇਂ ਪੰਜਾਬ ਨੂੰ ਵੀਡੀਓ ਜੰਗ ਦੀ ਨਹੀਂ, ਸਗੋਂ ਬੇਰੁਜ਼ਗਾਰੀ, ਨਸ਼ਿਆਂ, ਕਿਸਾਨੀ, ਉਦਯੋਗ, ਸਿੱਖਿਆ ਅਤੇ ਸਿਹਤ ਵਰਗੇ ਅਸਲ ਮੁੱਦਿਆਂ ਉੱਤੇ ਸਿਆਸੀ ਬਹਿਸ ਦੀ ਲੋੜ ਹੈ। ਪਰ ਚੋਣਾਂ ਨੇੜੇ ਹੋਣ ਕਾਰਨ ਸਿਆਸੀ ਦਲਾਂ ਨੇ ਇੱਕ ਵਾਰ ਫਿਰ ਨਿੱਜੀ ਹਮਲਿਆਂ ਅਤੇ ਦੋਸ਼-ਪ੍ਰਤੀਦੋਸ਼ ਦੀ ਰਾਜਨੀਤੀ ਨੂੰ ਹੀ ਆਪਣਾ ਮੁੱਖ ਹਥਿਆਰ ਬਣਾ ਲਿਆ ਹੈ। ਇਸ ਵੀਡੀਓ ਜੰਗ ਦਾ ਅਸਲ ਫ਼ੈਸਲਾ ਨਾ ਤਾਂ ਸੋਸ਼ਲ ਮੀਡੀਆ ਕਰੇਗਾ ਅਤੇ ਨਾ ਹੀ ਪ੍ਰੈੱਸ ਕਾਨਫਰੰਸਾਂ, ਸਗੋਂ ਆਖ਼ਰੀ ਫ਼ੈਸਲਾ ਪੰਜਾਬ ਦੀ ਜਨਤਾ ਵੋਟਾਂ ਰਾਹੀਂ ਕਰੇਗੀ।

ਕੁਲਵੰਤ ਸਿੰਘ ਗੱਗੜਪੁਰੀ