Punjab
ਚੰਨੀ ਹੋ ਸਕਦੇ ਨੇ CONGRESS ਦਾ ਮੁੱਖ ਮੰਤਰੀ ਦਾ ਚਿਹਰਾ !
ਪੰਜਾਬ ਕਾਂਗਰਸ ਵਿੱਚ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਪਾਰਟੀ ਦੇ ਅੰਦਰ ਲੀਡਰਸ਼ਿਪ ਨੂੰ ਲੈ ਕੇ ਚਰਚਾਵਾਂ ਅਤੇ ਖਿੱਚੋਤਾਣ ਹੁਣ ਖੁੱਲ੍ਹ ਕੇ ਸਾਹਮਣੇ ਆ ਰਹੀਆਂ ਹਨ। ਇਸੇ ਪਿਛੋਕੜ ਵਿੱਚ ਅੱਜ 11 ਜੁਲਾਈ 2026 ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਭੁਪੇਸ਼ ਬਘੇਲ ਨਾਲ ਇੱਕ ਅਹਿਮ ਮੀਟਿੰਗ ਹੋਈ, ਜਿਸ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਆਂ ਚਰਚਾਵਾਂ ਨੂੰ ਜਨਮ ਦੇ ਦਿੱਤਾ ਹੈ।
ਇਹ ਮੀਟਿੰਗ ਚੰਡੀਗੜ੍ਹ ਵਿਖੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਨਿਵਾਸ ਸਥਾਨ ‘ਤੇ ਹੋਈ। ਸਭ ਤੋਂ ਦਿਲਚਸਪ ਗੱਲ ਇਹ ਰਹੀ ਕਿ ਇਹ ਮੀਟਿੰਗ ਕਾਂਗਰਸ ਭਵਨ ਦੀ ਬਜਾਏ ਰਾਣਾ ਗੁਰਜੀਤ ਸਿੰਘ ਦੇ ਘਰ ਰੱਖੀ ਗਈ। ਸਿਆਸੀ ਹਲਕਿਆਂ ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਰਹੀ ਕਿ ਚਰਨਜੀਤ ਸਿੰਘ ਚੰਨੀ ਨੇ ਮੀਟਿੰਗ ਤੋਂ ਪਹਿਲਾਂ ਦੋ ਸ਼ਰਤਾਂ ਰੱਖੀਆਂ ਸਨ। ਪਹਿਲੀ ਇਹ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਅਤੇ ਦੂਜੀ ਇਹ ਕਿ ਮੀਟਿੰਗ ਕਾਂਗਰਸ ਭਵਨ ਵਿੱਚ ਨਾ ਰੱਖੀ ਜਾਵੇ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸ਼ਰਤਾਂ ਨੂੰ ਸਵੀਕਾਰ ਕਰਦਿਆਂ ਮੀਟਿੰਗ ਦਾ ਸਥਾਨ ਬਦਲਿਆ ਗਿਆ ਅਤੇ ਰਾਜਾ ਵੜਿੰਗ ਵੀ ਇਸ ਮੀਟਿੰਗ ਦਾ ਹਿੱਸਾ ਨਹੀਂ ਬਣੇ।
ਮੀਟਿੰਗ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਸੰਖੇਪ ਪਰ ਅਰਥਪੂਰਨ ਟਿੱਪਣੀ ਕੀਤੀ ਕਿ ਉਹ “ਤੇਲ ਵੀ ਵੇਖਣਗੇ ਅਤੇ ਤੇਲ ਦੀ ਧਾਰ ਵੀ ਵੇਖਣਗੇ।” ਉਨ੍ਹਾਂ ਦੇ ਇਸ ਬਿਆਨ ਨੂੰ ਸਿਆਸੀ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ ਕਿ ਚੰਨੀ ਪਹਿਲਾਂ ਪਾਰਟੀ ਹਾਈਕਮਾਨ ਦੇ ਰੁਖ ਨੂੰ ਸਮਝਣਾ ਚਾਹੁੰਦੇ ਹਨ ਅਤੇ ਉਸ ਤੋਂ ਬਾਅਦ ਹੀ ਆਪਣੀ ਅਗਲੀ ਰਣਨੀਤੀ ਤੈਅ ਕਰਨਗੇ।
ਅੰਦਰੂਨੀ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਮੀਟਿੰਗ ਦੌਰਾਨ ਚੰਨੀ ਦੇ ਸਮਰਥਕਾਂ ਨੇ ਭੁਪੇਸ਼ ਬਘੇਲ ਅੱਗੇ ਦੋ ਮੁੱਖ ਮੰਗਾਂ ਰੱਖੀਆਂ। ਪਹਿਲੀ ਮੰਗ ਇਹ ਦੱਸੀ ਜਾ ਰਹੀ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਹਟਾਇਆ ਜਾਵੇ ਅਤੇ ਉਨ੍ਹਾਂ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਸੂਬਾ ਪ੍ਰਧਾਨ ਬਣਾਇਆ ਜਾਵੇ। ਦੂਜੀ ਮੰਗ ਇਹ ਦੱਸੀ ਜਾ ਰਹੀ ਹੈ ਕਿ ਜੇਕਰ ਪ੍ਰਧਾਨਗੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਂਦੀ ਤਾਂ ਫਿਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ।
ਜੇਕਰ ਇਹ ਜਾਣਕਾਰੀ ਸਹੀ ਸਾਬਤ ਹੁੰਦੀ ਹੈ ਤਾਂ ਇਹ ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਲੀਡਰਸ਼ਿਪ ਦੀ ਲੜਾਈ ਨੂੰ ਇੱਕ ਨਵੇਂ ਪੜਾਅ ‘ਤੇ ਲੈ ਜਾਂਦੀ ਹੈ। ਇੱਕ ਪਾਸੇ ਰਾਜਾ ਵੜਿੰਗ ਸੂਬਾ ਪ੍ਰਧਾਨ ਵਜੋਂ ਪਾਰਟੀ ਦੀ ਅਗਵਾਈ ਕਰ ਰਹੇ ਹਨ, ਜਦਕਿ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦੇ ਸਮਰਥਕ ਇਹ ਦਲੀਲ ਦੇ ਰਹੇ ਹਨ ਕਿ ਚੰਨੀ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਰਹਿ ਚੁੱਕੇ ਹਨ, ਲੋਕ ਸਭਾ ਚੋਣ ਜਿੱਤ ਕੇ ਆਪਣੀ ਸਿਆਸੀ ਤਾਕਤ ਵੀ ਸਾਬਤ ਕਰ ਚੁੱਕੇ ਹਨ ਅਤੇ ਉਹ ਵੱਖ-ਵੱਖ ਵਰਗਾਂ ਵਿੱਚ ਆਪਣੀ ਪਛਾਣ ਰੱਖਦੇ ਹਨ। ਇਸ ਲਈ ਚੋਣਾਂ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾਣੀ ਚਾਹੀਦੀ ਹੈ।
ਦੂਜੇ ਪਾਸੇ ਰਾਜਾ ਵੜਿੰਗ ਦੇ ਸਮਰਥਕ ਇਹ ਮੰਨਦੇ ਹਨ ਕਿ ਪਾਰਟੀ ਨੂੰ ਇੱਕਜੁੱਟ ਰੱਖਣ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਮੌਜੂਦਾ ਪ੍ਰਧਾਨ ਨੂੰ ਹੀ ਕੰਮ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਚੋਣਾਂ ਤੋਂ ਪਹਿਲਾਂ ਲੀਡਰਸ਼ਿਪ ਵਿੱਚ ਵੱਡੇ ਬਦਲਾਅ ਪਾਰਟੀ ਲਈ ਨੁਕਸਾਨਦੇਹ ਵੀ ਸਾਬਤ ਹੋ ਸਕਦੇ ਹਨ।
ਭੁਪੇਸ਼ ਬਘੇਲ ਲਈ ਵੀ ਇਹ ਇੱਕ ਵੱਡੀ ਚੁਣੌਤੀ ਬਣਦੀ ਦਿਖਾਈ ਦੇ ਰਹੀ ਹੈ। ਪੰਜਾਬ ਕਾਂਗਰਸ ਵਿੱਚ ਵੱਖ-ਵੱਖ ਧੜਿਆਂ ਨੂੰ ਇਕੱਠਾ ਰੱਖਣਾ ਅਤੇ ਆਉਣ ਵਾਲੀਆਂ ਚੋਣਾਂ ਲਈ ਸਾਂਝੀ ਰਣਨੀਤੀ ਬਣਾਉਣਾ ਉਨ੍ਹਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੋਵੇਗੀ। ਜੇਕਰ ਧੜੇਬੰਦੀ ਹੋਰ ਵਧਦੀ ਹੈ ਤਾਂ ਇਸ ਦਾ ਸਿੱਧਾ ਅਸਰ ਪਾਰਟੀ ਦੀ ਚੋਣੀ ਤਿਆਰੀ ‘ਤੇ ਪੈ ਸਕਦਾ ਹੈ। ਭੁਪੇਸ਼ ਬਘੇਲ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਅਤੇ ਹੋਰ ਆਗੂਆਂ ਦੀ ਗੱਲਬਾਤ ਸੁਣ ਲਈ ਹੈ। ਉਨ੍ਹਾਂ ਕਿਹਾ ਕਿ ਉਹ ਸਾਰਾ ਮਾਮਲਾ ਹਾਈ ਕਮਾਂਡ ਅੱਗੇ ਰੱਖਣਗੇ ਅਤੇ ਹਾਈ ਕਮਾਂਡ ਇਸ ਬਾਰੇ ਫ਼ੈਸਲਾ ਲਵੇਗੀ।
ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਕਾਂਗਰਸ ਹਾਈਕਮਾਨ ਇਨ੍ਹਾਂ ਮੰਗਾਂ ‘ਤੇ ਕੀ ਫੈਸਲਾ ਲੈਂਦਾ ਹੈ। ਨਾ ਤਾਂ ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਹੋਇਆ ਹੈ ਅਤੇ ਨਾ ਹੀ ਮੁੱਖ ਮੰਤਰੀ ਦੇ ਚਿਹਰੇ ਬਾਰੇ ਕੋਈ ਫੈਸਲਾ ਸਾਹਮਣੇ ਆਇਆ ਹੈ। ਪਰ ਅੱਜ ਦੀ ਇਹ ਮੀਟਿੰਗ ਅਤੇ ਇਸ ਨਾਲ ਜੁੜੀਆਂ ਚਰਚਾਵਾਂ ਨੇ ਇਹ ਜ਼ਰੂਰ ਸੰਕੇਤ ਦੇ ਦਿੱਤੇ ਹਨ ਕਿ ਪੰਜਾਬ ਕਾਂਗਰਸ ਵਿੱਚ ਲੀਡਰਸ਼ਿਪ ਨੂੰ ਲੈ ਕੇ ਸਿਆਸੀ ਹਲਚਲ ਅਜੇ ਹੋਰ ਤੇਜ਼ ਹੋ ਸਕਦੀ ਹੈ।
ਹੁਣ ਸਭ ਦੀਆਂ ਨਜ਼ਰਾਂ ਕਾਂਗਰਸ ਹਾਈਕਮਾਨ ‘ਤੇ ਟਿਕੀਆਂ ਹੋਈਆਂ ਹਨ ਕਿ ਕੀ ਉਹ ਮੌਜੂਦਾ ਢਾਂਚੇ ਨੂੰ ਹੀ ਬਰਕਰਾਰ ਰੱਖੇਗੀ ਜਾਂ ਫਿਰ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਕੋਈ ਵੱਡਾ ਸਿਆਸੀ ਦਾਅ ਖੇਡਦਿਆਂ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਜ਼ਿੰਮੇਵਾਰੀ ਸੌਂਪੇਗੀ। ਇਹ ਆਉਣ ਵਾਲੇ ਦਿਨਾਂ ਵਿੱਚ ਹੀ ਸਪੱਸ਼ਟ ਹੋਵੇਗਾ, ਪਰ ਅੱਜ ਦੀ ਮੀਟਿੰਗ ਨੇ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਨੂੰ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਵਿੱਚ ਲਿਆ ਦਿੱਤਾ ਹੈ।

ਕੁਲਵੰਤ ਸਿੰਘ ਗੱਗੜਪੁਰੀ
