Punjab
ਹਾਈਵੇਅ ‘ਤੇ ਚੱਲਦੀ ਕਾਰ ਬਣੀ ਅੱਗ ਦਾ ਗੋਲਾ
7ਅਕਤੂਬਰ 2023: ਚੰਡੀਗੜ੍ਹ-ਮਨਾਲੀ ਮੁੱਖ ਮਾਰਗ ‘ਤੇ ਸ੍ਰੀ ਕੀਰਤਪੁਰ ਸਾਹਿਬ ਨੇੜੇ ਚੱਲਦੀ ਸਕਾਰਪੀਓ ਕਾਰ ਨੂੰ ਭਿਆਨਕ ਅੱਗ ਲੱਗ ਗਈ। ਗੱਡੀ ਵਿੱਚ ਸਵਾਰ ਲੋਕ ਇਤਿਹਾਸਕ ਧਰਤੀ ਸ੍ਰੀ ਕੀਰਤਪੁਰ ਸਾਹਿਬ ਦੇ ਦਰਸ਼ਨਾਂ ਲਈ ਆਏ ਹੋਏ ਸਨ। ਸਕਾਰਪੀਓ ਵਿੱਚ ਦੋ ਵਿਅਕਤੀ ਬੈਠੇ ਸਨ ਅਤੇ ਹਰਿਆਣਾ ਤੋਂ ਹਿਮਾਚਲ ਮਨਾਲੀ ਵੱਲ ਜਾ ਰਹੇ ਸਨ।
ਕੀਰਤਪੁਰ ਸਾਹਿਬ ਨੇੜੇ ਪੈਟਰੋਲ ਪੰਪ ਤੋਂ ਪੈਟਰੋਲ ਭਰ ਕੇ ਸਕਾਰਪੀਓ ਗੱਡੀ ਮਨਾਲੀ ਵੱਲ ਨੂੰ ਜਾਣ ਲੱਗੀ ਤਾਂ ਕਾਰ ‘ਚੋਂ ਕੁਝ ਆਵਾਜ਼ ਆਉਣ ਲੱਗੀ, ਜਿਸ ਨੂੰ ਦੇਖ ਕੇ ਡਰਾਈਵਰ ਨੇ ਕਾਰ ਨੂੰ ਹੌਲੀ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਕਾਰ ‘ਚ ਸਵਾਰ ਲੋਕ ਕਾਰ ‘ਚੋਂ ਬਾਹਰ ਨਿਕਲਦੇ, ਉਨ੍ਹਾਂ ਨੇ ਦੇਖਿਆ ਕਿ ਕਾਰ ਨੂੰ ਅੱਗ ਲੱਗੀ ਹੋਈ ਹੈ, ਕਾਰ ਸਵਾਰਾਂ ਨੇ ਆਪਣੀ ਜਾਨ ਬਚਾਉਣ ਲਈ ਤੁਰੰਤ ਖਿੜਕੀ ਖੋਲ੍ਹ ਦਿੱਤੀ।
ਕੁਝ ਹੀ ਸਮੇਂ ਵਿੱਚ ਕਾਰ ਅੱਗ ਦਾ ਗੋਲਾ ਬਣ ਕੇ ਸੜ ਕੇ ਸੁਆਹ ਹੋ ਗਈ। ਖੁਸ਼ਕਿਸਮਤੀ ਹੈ ਕਿ ਕਾਰ ਵਿਚ ਸਵਾਰ ਦੋਵੇਂ ਵਿਅਕਤੀ ਠੀਕ-ਠਾਕ ਹਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।