Punjab
ਭਾਰਤ-ਪਾਕਿਸਤਾਨ ਸਰਹੱਦ ‘ਤੇ ਡਰੋਨ ਅਤੇ 337 ਗ੍ਰਾਮ ਹੈਰੋਇਨ ਬਰਾਮਦ

TARN TARAN : ਗੁਆਂਢੀ ਦੇਸ਼ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਜਿਸ ਕਾਰਨ ਸਰਹੱਦੀ ਖੇਤਰ ਵਿੱਚ ਡਰੋਨਾਂ ਦੀ ਬਰਾਮਦਗੀ ਦੀ ਪ੍ਰਕਿਰਿਆ ਜਾਰੀ ਹੈ। ਇਸ ਦੀ ਇੱਕ ਹੋਰ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਭਾਰਤ-ਪਾਕਿਸਤਾਨ ਸਰਹੱਦ ਨੇੜੇ ਖੇਤਾਂ ਵਿੱਚ ਡਿੱਗੀ ਪਾਕਿਸਤਾਨੀ ਡਰੋਨ ਅਤੇ 337 ਗ੍ਰਾਮ ਹੈਰੋਇਨ ਨੂੰ ਪੁਲਿਸ ਅਤੇ ਬੀ.ਐਸ.ਐਫ ਵੱਲੋਂ ਬਰਾਮਦ ਕੀਤਾ ਗਿਆ। ਇਸ ਸਬੰਧੀ ਥਾਣਾ ਵਲਟੋਹਾ ਵਿਖੇ ਅਣਪਛਾਤੇ ਤਸਕਰ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਥਾਣਾ ਵਲਟੋਹਾ ਦੀ ਪੁਲਿਸ ਅਤੇ ਬੀ.ਐਸ.ਐਫ ਦੇ ਜਵਾਨ ਭਾਰਤ-ਪਾਕਿਸਤਾਨ ਤਸਕਰੀ ਦੀਆਂ ਗਤੀਵਿਧੀਆਂ ਨੂੰ ਲੈ ਕੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਇਸ ਦੌਰਾਨ ਇੱਕ ਪਾਕਿਸਤਾਨੀ ਡਰੋਨ ਖੇਤਾਂ ਵਿੱਚ ਡਿੱਗਿਆ ਹੈ। ਵੱਲੋਂ ਸਾਂਝੇ ਤੌਰ ‘ਤੇ ਸਰਚ ਅਭਿਆਨ ਚਲਾਉਂਦੇ ਹੋਏ ਪਿੰਡ ਕਾਲੀਆ ਦੇ ਰਹਿਣ ਵਾਲੇ ਧਰਮਿੰਦਰ ਸਿੰਘ ਪੁੱਤਰ ਗੁਰਵਿੰਦਰ ਸਿੰਘ ਦੇ ਖੇਤ ‘ਚ ਚੀਨੀ ਡਰੋਨ ਬਰਾਮਦ ਕੀਤਾ ਗਿਆ। ਇਸ ਦੇ ਨਾਲ ਹੀ ਪੁਲਿਸ ਅਤੇ ਬੀ.ਐਸ.ਐਫ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਪਿੰਡ ਸਕਤਰਾ ਵਿਖੇ ਮਹਾਂਵੀਰ ਸਿੰਘ ਪੁੱਤਰ ਨਿੰਦਾ ਸਿੰਘ ਦੇ ਖੇਤਾਂ ਵਿੱਚ ਪਿਆ ਇੱਕ ਪੈਕਟ ਬਰਾਮਦ ਹੋਇਆ, ਜਿਸ ਵਿੱਚੋਂ 337 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਨੇ ਦੱਸਿਆ ਕਿ ਇਹ ਡਰੋਨ ਪਾਕਿਸਤਾਨ ਤੋਂ ਆਇਆ ਹੈ ਅਤੇ ਥਾਣਾ ਵਲਟੋਹਾ ਵਿਖੇ ਅਣਪਛਾਤੇ ਤਸਕਰ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।