Punjab
BREAKING: ਮਜੀਠਾ ਰੋਡ ‘ਤੇ ਦਵਾਈਆਂ ਬਣਾਉਣ ਵਾਲੀ ਫੈਕਟਰੀ ‘ਚ ਲੱਗੀ ਅੱਗ..

ਅੰਮ੍ਰਿਤਸਰ 6 ਅਕਤੂਬਰ 2023 : ਨਾਗਕਲਾਂ ਦੇ ਮਜੀਠਾ ਰੋਡ ‘ਤੇ ਸਥਿਤ ਦਵਾਈਆਂ ਬਣਾਉਣ ਵਾਲੀ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ ਹੈ| ਅੱਗ ਲੱਗਣ ਕਾਰਨ 4 ਲੋਕ ਜ਼ਿੰਦਾ ਸੜ ਗਏ। ਇਸ ਘਟਨਾ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਫੈਕਟਰੀ ਅੰਦਰ ਪਏ ਕੈਮੀਕਲ ਦੇ ਡਰੰਮ ਅਚਾਨਕ ਫਟ ਗਏ।
ਫਾਇਰ ਬ੍ਰਿਗੇਡ ਨੂੰ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਨਗਰ ਨਿਗਮ ਅਤੇ ਢਾਬ ਬਸਤੀ ਰਾਮ ਸੇਵਾ ਸੁਸਾਇਟੀ ਦੀਆਂ ਗੱਡੀਆਂ ਉਥੇ ਪਹੁੰਚ ਗਈਆਂ ਪਰ ਅੱਗ ਇੰਨੀ ਜ਼ਿਆਦਾ ਸੀ ਕਿ ਖੰਨਾ ਪੇਪਰ ਮਿੱਲ ਅਤੇ ਏਅਰਪੋਰਟ ਦੀਆਂ ਗੱਡੀਆਂ ਨੂੰ ਵੀ ਬੁਲਾਉਣਾ ਪਿਆ। ਮੌਕੇ ‘ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚ ਗਏ। ਉਕਤ ਕੁਆਲਿਟੀ ਫਾਰਮਾ ਫੈਕਟਰੀ ਵਿੱਚ ਅੱਗ ਵਧਣ ਕਾਰਨ ਐਸਡੀਐਮ ਨੇ ਮੌਕੇ ’ਤੇ ਪਹੁੰਚ ਕੇ ਮਜੀਠਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਜੇਸੀਵੀ ਮਸ਼ੀਨਾਂ ਮੰਗਵਾਈਆਂ ਤਾਂ ਜੋ ਅੱਗ ਨੇੜੇ-ਤੇੜੇ ਕਿਤੇ ਵੀ ਨਾ ਫੈਲੇ। ਫਾਇਰ ਅਫ਼ਸਰ ਦਿਲਬਾਗ ਸਿੰਘ, ਅਨਿਲ ਲੂਥਰਾ, ਜਗਮੋਹਨ ਸਿੰਘ, ਜੋਗਿੰਦਰ ਸਿੰਘ ਮੌਕੇ ’ਤੇ ਹਾਜ਼ਰ ਸਨ। ਫਾਇਰ ਕਰਮੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅੱਗ ਇੰਨੀ ਭਿਆਨਕ ਸੀ ਕਿ ਫੈਕਟਰੀ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ, ਜਿਸ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਫੈਕਟਰੀ ਦੇ ਮਾਲਕਾਂ ਨੇ ਅੱਗ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ। ਫਾਇਰ ਅਫਸਰ ਨੇ ਦੱਸਿਆ ਕਿ ਇਹ ਧਮਾਕੇ ਫੈਕਟਰੀ ਅੰਦਰ ਸ਼ਰਾਬ ਸਟੋਰ ਕੀਤੇ ਜਾਣ ਕਾਰਨ ਹੋਏ ਹਨ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ ਲਈ 10 ਤੋਂ 15 ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ।