Punjab
ਜਗਰਾਓਂ ਤੋਂ ਸਾਹਮਣੇ ਆਈ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ

ਜਗਰਾਓਂ : ਜਗਰਾਓਂ ‘ਚ ਉਸ ਵੇਲੇ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਦੋਂ ਆਪਣੀ 8 ਸਾਲਾ ਧੀ ਨੂੰ ਫ਼ਾਹੇ ਨਾਲ ਲਟਕਾ ਕੇ ਪਿਤਾ ਖ਼ੁਦ ਵੀ ਫ਼ਾਹੇ ‘ਤੇ ਲਟਕ ਗਿਆ। ਦੋਹਾਂ ਪਿਓ-ਧੀ ਦੀਆਂ ਲਾਸ਼ਾਂ ਪੱਖੇ ਨਾਲ ਲਟਕਦੀਆਂ ਬਰਾਮਦ ਕੀਤੀਆਂ ਗਈਆਂ। ਮੌਕੇ ‘ਤੇ ਪੁੱਜੀ ਪੁਲਸ ਵੱਲੋਂ ਦੋਹਾਂ ਲਾਸ਼ਾਂ ਨੂੰ ਪੱਖੇ ਤੋਂ ਉਤਾਰ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਪਰਦੀਪ ਕੁਮਾਰ (32) ਅਤੇ ਉਸ ਦੀ ਧੀ ਜਪਜੀਤ ਕੌਰ (8) ਦੋਵੇਂ ਘਰ ‘ਚ ਇਕੱਲੇ ਰਹਿੰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋਣ ਕਾਰਨ ਪਰਦੀਪ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਪਰਦੀਪ ਦੇ ਮਾਤਾ-ਪਿਤਾ ਅਤੇ ਭਰਾ ਦੀ ਕੁੱਝ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਇਸ ਕਾਰਨ ਪਰਦੀਪ ਆਪਣੀ ਪਤਨੀ ਅਤੇ ਬੱਚੀ ਨਾਲ ਘਰ ‘ਚ ਰਹਿੰਦਾ ਸੀ। ਪਰਦੀਪ ਦੀ ਪਤਨੀ ਵੱਲੋਂ ਸਾਲ ਪਹਿਲਾਂ ਇਸੇ ਤਰ੍ਹਾਂ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਗਈ ਸੀ।
ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਪਰਦੀਪ ਵੱਲੋਂ ਇਕ ਖ਼ੁਦਕੁਸ਼ੀ ਨੋਟ ਲਿਖਿਆ ਗਿਆ ਸੀ, ਜੋ ਉਸ ਦੇ ਕਮਰੇ ‘ਚੋਂ ਬਰਾਮਦ ਹੋਇਆ ਹੈ। ਉਸ ਨੇ ਖ਼ੁਦਕੁਸ਼ੀ ਨੋਟ ‘ਚ ਲਿਖਿਆ ਹੈ ਕਿ ਉਹ ਆਪਣੀ ਮਰਜ਼ੀ ਨਾਲ ਖ਼ੁਦਕੁਸ਼ੀ ਕਰ ਰਿਹਾ ਹੈ ਅਤੇ ਆਪਣੀ ਧੀ ਨੂੰ ਇਸ ਲਈ ਨਾਲ ਲਿਜਾ ਰਿਹਾ ਹੈ ਤਾਂ ਜੋ ਉਸ ਤੋਂ ਬਾਅਦ ਉਸ ਨੂੰ ਕਿਸੇ ‘ਤੇ ਨਿਰਭਰ ਨਾ ਹੋਣਾ ਪਵੇ। ਉਸ ਨੇ ਲਿਖਿਆ ਹੈ ਕਿ ਉਸ ਦਾ ਮਕਾਨ ਅਤੇ ਜਾਇਦਾਦ ਉਸ ਦੇ ਮਾਮੇ ਨੂੰ ਸੌਂਪ ਦਿੱਤੀ ਜਾਵੇ ਅਤੇ ਉਹ ਆਪਣੀ ਮਰਜ਼ੀ ਮੁਤਾਬਕ ਇਸ ਦਾ ਇਸਤੇਮਾਲ ਕਰ ਸਕਦੇ ਹਨ।