Punjab
ਪ੍ਰਵਾਸੀ ਭਾਰਤੀਆਂ ਦੀ ਸਹੂਲਤ ਲਈ ਏਅਰਪੋਰਟ ‘ਤੇ ਖੋਲ੍ਹਿਆ ਜਾਵੇਗਾ ਹੈਲਪ ਡੈਸਕ

ਰਾਜ ਸਰਕਾਰ ਦੇ ਵੱਲੋਂ ਹੁਣ ਏਅਰਪੋਰਟ ‘ਤੇ ਆਉਣ ਵਾਲੇ ਪ੍ਰਵਾਸੀ ਭਾਰਤੀਆਂ ਦੀ ਸਹੂਲਤ ਲਈ ਹੈਲਪ ਡੈਸਕ ਖੋਲ੍ਹਿਆ ਜਾਵੇਗਾ। ਤਾਂ ਜੋ ਏਅਰਪੋਰਟ ‘ਤੇ ਆਉਣ ਵਾਲੇ ਐਨ.ਆਰ.ਆਈ. ਨੂੰ ਕੋਈ ਵੀ ਸਮੱਸਿਆ ਨਾ ਹੋਵੇ| ਇਹ ਜਾਣਕਾਰੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਮੰਡਲ ਇੰਚਾਰਜ ਬੰਗਾ ਕੁਲਜੀਤ ਸਿੰਘ ਸਰਹਾਲ ਵੀ ਉਨ੍ਹਾਂ ਦੇ ਨਾਲ ਸਨ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹਵਾਈ ਅੱਡੇ ‘ਤੇ ਸਥਾਪਿਤ ਹੈਲਪ ਡੈਸਕ 24 ਘੰਟੇ ਕੰਮ ਕਰਨਗੇ ਅਤੇ ਭਾਰਤ ਦਾ ਪੰਜਾਬ ਇਕਲੌਤਾ ਸੂਬਾ ਹੋਵੇਗਾ ਜੋ ਪ੍ਰਵਾਸੀ ਭਾਰਤੀਆਂ ਲਈ ਹਵਾਈ ਅੱਡੇ ‘ਤੇ ਅਜਿਹੀਆਂ ਸਹੂਲਤਾਂ ਪ੍ਰਦਾਨ ਕਰੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪੰਜਾਬ ਸਰਕਾਰ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੰਜ ਐਨ.ਆਰ.ਆਈ. ਮੀਟਿੰਗਾਂ ਕੀਤੀਆਂ ਅਤੇ ਇਸ ਸਾਲ ਚਾਰ ਐਨ.ਆਰ.ਆਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਇਨ੍ਹਾਂ ਮੀਟਿੰਗਾਂ ਦੀ ਸ਼ੁਰੂਆਤ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ 3 ਫਰਵਰੀ ਨੂੰ ਪਠਾਨਕੋਟ (ਚਮਰੌੜ) ਤੋਂ ਕੀਤੀ ਸੀ ਅਤੇ ਅੱਜ ਦੂਜੀ ਐਨ.ਆਰ.ਆਈ. ਮੀਟਿੰਗ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਈ। ਉਨ੍ਹਾਂ ਕਿਹਾ ਕਿ ਅਗਲੀਆਂ 2 ਮੀਟਿੰਗਾਂ ਸੰਗਰੂਰ ਅਤੇ ਫ਼ਿਰੋਜ਼ਪੁਰ ਵਿੱਚ ਕੀਤੀਆਂ ਜਾਣਗੀਆਂ। ਉਸ ਨੇ ਐਨ.ਆਰ.ਆਈ. ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਮੀਟਿੰਗਾਂ ਵਿੱਚ ਸ਼ਮੂਲੀਅਤ ਕਰਕੇ ਆਪਣੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣ ਤਾਂ ਜੋ ਉਨ੍ਹਾਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ।