Punjab
ਤਾਸ਼ ਦੇ ਪੱਤਿਆਂ ਵਾਂਗ ਅੱਖਾਂ ਸਾਹਮਣੇ ਢਹਿ-ਢੇਰੀ ਹੋਇਆ ਘਰ
ਜ਼ੀਰਕਪੁਰ ਦੇ ਅਧੀਨ ਪੈਂਦੇ ਢਕੋਲੀ ਦੇ ਵਿੱਚ ਅੱਖਾਂ ਦੇ ਸਾਹਮਣੇ ਦੇਖਦੇ-ਦੇਖਦੇ ਮਕਾਨ ਢਹਿ-ਢੇਰੀ ਹੋ ਗਿਆ। ਇਹ ਘਟਨਾ ਢਕੋਲੀ ਦੇ ਵਾਰਡ ਨੰਬਰ 14 ਕ੍ਰਿਸ਼ਨਾ ਇਨਕਲੇਵ ਕਲੋਨੀ ਦੀ ਦੱਸੀ ਜਾ ਰਹੀ ਹੈ। ਮਕਾਨ ਨਾਲੇ ਦੇ ਕਿਨਾਰੇ ਉੱਤੇ ਬਣਿਆ ਹੋਇਆ ਸੀ। ਜਿਸ ’ਤੇ ਕੁਝ ਦਿਨ ਪਹਿਲਾਂ ਦਰਾਰਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ।
ਘਰ ਦੀ ਮਾਲਕਨ ਦੀਪਾ ਨੇ ਜਦੋਂ ਆਪਣਾ ਮਕਾਨ ਡਿੱਗਿਆ ਦੇਖਿਆ ਤਾਂ ਉਸ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ। ਦੀਪਾ ਨੇ ਦੱਸਿਆ ਕਿ ਉਹ ਆਪਣੇ ਬੇਟੇ ਦੇ ਨਾਲ ਇੱਥੇ ਰਹਿ ਰਹੀ ਹੈ। ਪਤੀ ਪੂਨੇ ਦੇ ਵਿੱਚ ਨੌਕਰੀ ਕਰਦਾ ਹੈ। ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਗੁਆਂਢੀਆਂ ਨੇ ਫੋਨ ਕਰ ਕੇ ਦੱਸਿਆ ਕਿ ਤੁਹਾਡੇ ਮਕਾਨ ਦੇ ਵਿੱਚ ਤਰੇੜਾਂ ਪੈਣ ਦੀਆਂ ਆਵਾਜ਼ਾਂ ਆ ਰਹੀਆਂ ਹਨ। ਕਿਉਂਕਿ ਉਹ ਬੇਟੇ ਨਾਲ ਕਿਤੇ ਕੰਮ ਗਈ ਹੋਈ ਸੀ। ਉਸ ਨੇ ਦੱਸਿਆ ਕਿ ਇਹ ਅੱਠ ਸਾਲ ਪਹਿਲਾਂ ਹੀ ਬੈਂਕ ਨੂੰ ਨੀਲਾਮੀ ਦੀ ਰਕਮ ਦੇ ਕੇ ਖਰੀਦਿਆ ਸੀ। ਗਨੀਮਤ ਇਹ ਰਹੀ ਕਿ ਜਿਸ ਸਮੇਂ ਮਕਾਨ ਡਿੱਗਿਆ ਉਸ ਸਮੇਂ ਘਰ ਵਿੱਚ ਕੋਈ ਵੀ ਹਾਜ਼ਰ ਨਹੀਂ ਸੀ।
ਇੱਥੇ ਦੱਸ ਦੇਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਸ਼ਹਿਰ ਵਿੱਚ ਨਾਲਿਆਂ ਦੇ ਕੰਢੇ ਬਣਿਆ ਕੋਈ ਮਕਾਨ ਡਿੱਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਮਕਾਨ ਢਹਿ-ਢੇਰੀ ਹੋ ਚੁੱਕੇ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦਾ ਜਿੰਮੇਵਾਰ ਕੌਣ ਹੈ ਬਿਲਡਰ ਅਤੇ ਕਲੋਨਾਈਜ਼ਰ ਜੋ ਮਕਾਨ ਅਤੇ ਪਲਾਟ ਵੇਚ ਕੇ ਚਲੇ ਜਾਂਦੇ ਹਨ, ਤਹਿਸੀਲ ਦਫਤਰ ਰਜਿਸਟ੍ਰੇਸ਼ਨ ਫੀਸ ਲੈਂਦਾ ਹੈ, ਨਗਰ ਕੌਂਸਲ ਵੀ ਆਪਣੇ ਨਕਸ਼ੇ ਦੀ ਫੀਸ ਲੈਂਦੀ ਹੈ ਅਤੇ ਆਖਿਰ ਨੁਕਸਾਨ ਘਰ ਦੇ ਮਾਲਕ ਦਾ ਹੁੰਦਾ ਹੈ। ਅਜਿਹਾ ਹੁੰਦਾ ਹੈ ਕਿ ਜਿਸ ਨੇ ਲੱਖਾਂ ਰੁਪਏ ਲਗਾ ਕੇ ਘਰ ਬਣਾਇਆ ਹੈ ਅਤੇ ਉਹ ਉਸ ਦੀਆਂ ਅੱਖਾਂ ਦੇ ਸਾਹਮਣੇ ਟੁੱਟ ਜਾਂਦਾ ਹੈ, ਉਸ ਘਰ ਦੇ ਮਾਲਕ ਤੋਂ ਇਲਾਵਾ ਕੋਈ ਨਹੀਂ ਸਮਝ ਸਕਦਾ ਕਿ ਉਸ ਨੂੰ ਕਿੰਨਾ ਦੁੱਖ ਹੁੰਦਾ ਹੈ।