Connect with us

India

ਤਰਨਤਾਰਨ ਵਿੱਚ ਇੱਕ ਵੱਡੇ ਨਾਰਕੋ ਗੈਂਗਸਟਰ ਮੌਡਿਊਲ ਦਾ ਪਰਦਾਫਾਸ਼, 6 ਹਥਿਆਰਾਂ ਸਮੇਤ 3 ਦੋਸ਼ੀ ਕੀਤੇ ਕਾਬੂ

Published

on

532 ਕਿਲੋ ਅਟਾਰੀ ਡਰੱਗ ਮਾਮਲੇ ਵਿੱਚ ਸੀ ਦੋਸ਼ੀ, ਦੋਸ਼ੀਆਂ ਦੇ ਜੇਲ੍ਹ ਵਿੱਚ ਬੰਦ ਕਈ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨਾਲ ਸੀ ਸਿੱਧੇ ਸੰਪਰਕ

ਚੰਡੀਗੜ੍ਹ, 12 ਮਈ:
ਪੰਜਾਬ ਪੁਲਿਸ ਨੇ ਤਿੰਨ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ ਇੱਕ ਵੱਡੇ ਨਾਰਕੋ ਗੈਂਗਸਟਰ ਮੌਡਿਊਲ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੀ 532 ਕਿਲੋ ਅਟਾਰੀ ਡਰੱਗ ਮਾਮਲੇ ਵਿੱਚ ਭਾਲ ਸੀ।

ਡੀਜੀਪੀ ਦਿਨਕਰ ਗੁਪਤਾ ਨੇ ਮੰਗਲਵਾਰ ਨੂੰ ਦੱਸਿਆ ਕਿ ਦੋਸ਼ੀਆਂ ਕੋਲੋਂ 6 ਨਾਜਾਇਜ਼ ਹਥਿਆਰ ਜ਼ਬਤ ਕੀਤੇ ਗਏ ਹਨ, ਅਤੇ ਉਨ੍ਹਾਂ ਖਿਲਾਫ਼ ਥਾਣਾ ਭਿੱਖੀਵਿੰਡ ਵਿਖੇ ਐਨਡੀਪੀਐਸ ਐਕਟ ਦੀ ਧਾਰਾ 27, ਆਰਮਜ਼ ਐਕਟ ਦੀ ਧਾਰਾ 25, 54, 59, ਆਈਪੀਸੀ 188, 269, 270, 506 ਅਤੇ ਆਪਦਾ ਪ੍ਰਬੰਧਨ ਦੀ ਧਾਰਾ 51 ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਡੀਜੀਪੀ ਨੇ ਦੱਸਿਆ ਕਿ ਡੀਐਸਪੀ/ਡਿਟੈਕਟਿਵ ਅਤੇ ਇੰਚਾਰਜ ਸੀਆਈਏ, ਤਰਨ ਤਾਰਨ ਦੀ ਟੀਮ ਨੇ ਗੁਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਨਿਵਾਸੀ ਪਿੰਡ ਭਿੱਖੀਵਿੰਡ, ਥਾਣਾ ਭਿੱਖੀਵਿੰਡ; ਸੁਖਦੇਵ ਸਿੰਘ ਪੁੱਤਰ ਲਖਵੀਰ ਸਿੰਘ, ਨਿਵਾਸੀ ਪਿੰਡ ਜੀਓਨਕੇ, ਥਾਣਾ ਹਰੀਕੇ ਅਤੇ ਸਰਬਜੀਤ ਸਿੰਘ ਪੁੱਤਰ ਸੁਖਦੇਵ ਸਿੰਘ, ਨਿਵਾਸੀ ਪਿੰਡ ਵਾੜਾ, ਥਾਣਾ ਭਿੱਖੀਵਿੰਡ ਤੋਂ ਗ੍ਰਿਫ਼ਤਾਰ ਕੀਤੇ ਹਨ। ਉਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਹਥਿਆਰਾਂ ਵਿੱਚ 12 ਬੋਰ ਦੀ ਦੁਨਾਲੀ ਰਾਈਫਲ, ਇੱਕ 32 ਬੋਰ ਦੀ ਬੈਰੇਟਾ ਪਿਸਤੌਲ, ਦੋ 32 ਬੋਰ ਪਿਸਤੌਲ, ਇੱਕ 12 ਬੋਰ ਦੀ ਪਿਸਤੌਲ ਅਤੇ ਇੱਕ 315 ਬੋਰ ਪਿਸਤੌਲ ਸਮੇਤ 315 ਬੋਰ ਦੇ 2 ਜਿੰਦਾ ਕਾਰਤੂਸ ਅਤੇ 32 ਬੋਰ ਦੇ 2 ਜਿੰਦਾ ਕਾਰਤੂਸ ਸ਼ਾਮਲ ਹਨ।
ਦੋਸ਼ੀ ਗੁਰਪ੍ਰੀਤ ‘ਤੇ ਜੇਲ੍ਹ ਵਿੱਚ ਬੰਦ ਕਈ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨਾਲ ਸਿੱਧੇ ਸੰਪਰਕ ਹੋਣ ਦਾ ਦੋਸ਼ ਵੀ ਸੀ।

ਇਸ ਸਬੰਧੀ ਵੇਰਵੇ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਹ ਸ਼ੁਭਮ ਨਾਲ ਸਿੱਧਾ ਸੰਪਰਕ ਵਿੱਚ ਸੀ, ਉਹ ਬਟਾਲਾ ਦਾ ਇੱਕ ਗੈਂਗਸਟਰ ਸੀ ਅਤੇ 2018 ਵਿਚ ਅੰਮ੍ਰਿਤਸਰ ਵਿਚ ਇੱਕ ਗਹਿਣਿਆਂ ਦੀ ਦੁਕਾਨ ਤੋਂ 7 ਕਰੋੜ ਰੁਪਏ ਦੀ ਹਥਿਆਰਬੰਦ ਲੁੱਟ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਸੀ। ਸ਼ੁਭਮ ਨੂੰ 2019 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਸਮੇਂ ਉਹ ਕੇਂਦਰੀ ਜੇਲ੍ਹ, ਅੰਮ੍ਰਿਤਸਰ
ਵਿਚ ਬੰਦ ਹੈ। ਹੁਣ ਤੱਕ ਕੀਤੀ ਗਈ ਫੋਰੈਂਸਿਕ ਅਤੇ ਤਕਨੀਕੀ ਜਾਂਚ ਦੇ ਅਧਾਰ ’ਤੇ ਇਹ ਪਾਇਆ ਗਿਆ ਹੈ ਕਿ ਗੁਰਪ੍ਰੀਤ ਸਿੰਘ ਸ਼ੁਭਮ ਦੇ ਸੰਪਰਕ ਵਿੱਚ ਸੀ ਅਤੇ ਤਰਨਤਾਰਨ ਤੇ ਫਿਰੋਜ਼ਪੁਰ ਦੇ ਇਲਾਕਿਆਂ ਵਿੱਚ ਆਪਣੇ ਸਾਥੀਆਂ ਨੂੰ ਹਥਿਆਰ ਸਪਲਾਈ ਕਰਦਾ ਸੀ।

ਡੀਜੀਪੀ ਨੇ ਅੱਗੇ ਦੱਸਿਆ ਕਿ ਐਸਐਸਪੀ ਧਰੁਵ ਧਈਆ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੀ ਗਈ ਜਾਂਚ ਦੇ ਅਧਾਰ ‘ਤੇ ਗਿਰੋਹ ਦੇ ਤਿੰਨ ਹੋਰ ਸਾਥੀ, ਸਾਰੇ ਵਾਸੀ ਫਿਰੋਜ਼ਪੁਰ ਦੀ ਪਛਾਣ ਕੀਤੀ ਗਈ ਹੈ। ਉਹ ਤਰਨਤਾਰਨ ਦੇ ਹਰੀਕੇ, ਪੱਟੀ ਅਤੇ ਭਿੱਖੀਵਿੰਡ ਖੇਤਰਾਂ ਵਿੱਚ ਹਥਿਆਰਾਂ ਦੀ ਸਪਲਾਈ ਵਿੱਚ ਸਰਗਰਮੀ ਨਾਲ ਸ਼ਾਮਲ ਪਾਏ ਗਏ। ਉਹਨਾਂ ਦੱਸਿਆ ਕਿ ਸ਼ੁਭਮ ਦੇ ਅਹਿਮ ਸਾਥੀ ਵਜੋਂ ਥਾਣਾ ਆਰਿਫਕੇ, ਫਿਰੋਜ਼ਪੁਰ ਅਧੀਨ ਪੈਂਦੇ ਪਿੰਡ ਕਟੌਰਾ ਦੇ ਸੂਰੀਆ ਦੀ ਪਛਾਣ ਕੀਤੀ ਗਈ ਜੋ ਕਿ ਗੁਰਪ੍ਰੀਤ ਸਿੰਘ ਨਾਲ ਤਾਲਮੇਲ ਨਾਲ ਨਾਜਾਇਜ਼ ਹਥਿਆਰਾਂ ਦੀ ਸਪਲਾਈ ਵਿੱਚ ਸ਼ਾਮਲ ਸੀ।
ਪੜਤਾਲ ਤੋਂ ਪਤਾ ਲੱਗਿਆ ਕਿ ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਉਰਫ਼ ਬੱਬੂ ਪੁਤਰ ਹਰਭਜਨ ਸਿੰਘ ਵਾਸੀ ਹਵੇਲੀਆਂ, ਥਾਣਾ ਸਰਾਏ ਅਮਾਨਤ ਖਾਂ, ਤਰਨ ਤਾਰਨ ਦੇ ਨਾਲ ਸਿੱਧਾ ਸੰਪਰਕ ਵਿੱਚ ਸੀ ਜੋ ਰਣਜੀਤ ਰਾਣਾ ਦਾ ਭਰਾ ਹੈ, ਜੋ ਕਿ 532 ਕਿਲੋ ਹੈਰੋਇਨ ਅਟਾਰੀ ਨਸ਼ਾ ਕੇਸ ਦਾ ਮੁੱਖ ਦੋਸ਼ੀ ਹੈ ਅਤੇ ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕੀਤਾ ਹੈ।
ਸ੍ਰੀ ਗੁਪਤਾ ਨੇ ਅੱਗੇ ਦੱਸਿਆ ਕਿ ਕੁਲਦੀਪ ਸਿੰਘ, ਐਨਡੀਪੀਐਸ ਐਕਟ ਦੇ ਤਿੰਨ ਮਾਮਲਿਆਂ ਵਿੱਚ ਦੋਸ਼ੀ ਹੈ, ਜਿਸ ਵਿੱਚ ਐਸਐਸਓਸੀ, ਅੰਮ੍ਰਿਤਸਰ ਵੱਲੋਂ 2014 ਵਿੱਚ ਦਰਜ ਕੀਤਾ ਗਿਆ 22 ਕਿਲੋ ਹੈਰੋਇਨ ਦਾ ਕੇਸ ਵੀ ਸ਼ਾਮਲ ਹੈ, ਮੌਜੂਦਾ ਸਮੇਂ ਵਿੱਚ ਕੇਂਦਰੀ ਜੇਲ੍ਹ, ਅੰਮ੍ਰਿਤਸਰ ਵਿੱਚ ਬੰਦ ਹੈ।
ਗੁਰਪ੍ਰੀਤ ਸਿੰਘ ਦੇ ਲਿੰਕ ਸਰਬਜੀਤ ਸਿੰਘ ਉਰਫ ਸਾਬਾ ਪੁਤਰ ਸੁਖਦੇਵ ਸਿੰਘ ਵਾਸੀ ਲਾਹੌਰ ਚੌਕ, ਥਾਣਾ ਸਿਟੀ ਪੱਟੀ, ਤਰਨ ਤਾਰਨ, ਜੋ ਕਿ 13 ਕਿੱਲੋ ਹੈਰੋਇਨ ਦੇ ਇੱਕ ਕੇਸ ਵਿੱਚ ਦੋਸ਼ੀ ਹੈ ਅਤੇ ਹੁਣ ਕੇਂਦਰੀ ਜੇਲ੍ਹ, ਅੰਮ੍ਰਿਤਸਰ ਵਿੱਚ ਬੰਦ ਹੈ, ਨਾਲ ਮਿਲੇ ਹਨ। ਗੁਰਪ੍ਰੀਤ ਸਿੰਘ ਉਪਰੋਕਤ ਤਸਕਰਾਂ ਤੋਂ ਵਾਰ ਵਾਰ ਵਪਾਰਕ ਪੈਮਾਨੇ ਦੀ ਹੈਰੋਇਨ ਦੀ ਖੇਪ ਖਰੀਦਦਾ ਰਿਹਾ ਹੈ।
ਡੀਜੀਪੀ ਨੇ ਦੱਸਿਆ ਕਿ ਦੋਸ਼ੀ ਗੁਰਪ੍ਰੀਤ ਸਿੰਘ ਅਤੇ ਉਸਦੇ ਸਾਥੀਆਂ ਦੇ ਮੋਬਾਈਲ ਉਪਕਰਣਾਂ ਦੀ ਡੂੰਘਾਈ ਫੋਰੈਂਸਿਕ ਅਤੇ ਤਕਨੀਕੀ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਗੈਂਗਸਟਰ ਸ਼ੁਭਮ ਅਤੇ ਅਟਾਰੀ ਸਰਹੱਦ ਤੋਂ ਆਏ 532 ਕਿਲੋ ਹੈਰੋਇਨ ਦੇ ਮੁਲਜ਼ਮ ਸਣੇ ਵੱਡੇ ਨਸ਼ਾ ਤਸਕਰਾਂ ਨਾਲ ਇਸ ਗਿਰੋਹ ਦੇ ਸਬੰਧਾਂ ਦੀ ਵੀ ਹੋਰ ਜਾਂਚ ਕੀਤੀ ਜਾ ਰਹੀ ਹੈ।
ਸੂਬੇ ਵਿਚੋਂ ਨਸ਼ਾ ਅਤੇ ਨਸਿ਼ਆਂ ਦੀ ਤਸਕਰੀ ਨੂੰ ਖ਼ਤਮ ਕਰਨ ਲਈ ਪੰਜਾਬ ਪੁਲਿਸ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ੍ਰੀ ਗੁਪਤਾ ਨੇ ਕਿਹਾ ਕਿ 22 ਮਾਰਚ ਨੂੰ ਕਰਫਿਊ ਲਾਗੂ ਕਰਨ ਤੋਂ ਬਾਅਦ ਤਰਨਤਾਰਨ ਜ਼ਿਲ੍ਹੇ ਤੋਂ 15.802 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਵੱਡੇ ਨਸ਼ਾ ਤਸਕਰਾਂ ਦੀਆਂ ਗੈਰ ਕਾਨੂੰਨੀ ਢੰਗ ਨਾਲ ਬਣਾਈਆਂ ਜਾਇਦਾਦਾਂ ਨੂੰ ਜ਼ਬਤ ਕਰਨ ਸਬੰਧੀ ਸਖ਼ਤੀ ਨਾਲ ਕਾਰਵਾਈ ਕਰ ਰਹੀ ਹੈ।
ਗੁਪਤਾ ਨੇ ਦੱਸਿਆ ਕਿ ਸੂਬੇ ਵਿੱਚ ਕਰਫਿਊ ਲਗਾਉਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਵੱਲੋਂ 12 ਨਸ਼ਾ ਤਸਕਰਾਂ ਦੀ ਲਗਭਗ 6.22 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ ਲਗਭਗ 17.42 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਦੇ 11 ਨਵੇਂ ਮਾਮਲੇ ਹਾਲ ਹੀ ਵਿਚ ਦਾਇਰ ਕਰਕੇ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੀ ਸਮਰੱਥ ਅਥਾਰਟੀ ਨੂੰ ਭੇਜੇ ਗਏ ਸਨ। ਜਦੋਂਕਿ ਲਗਭਗ 5 ਕਰੋੜ ਰੁਪਏ ਦੀ ਕੀਮਤ ਵਾਲੇ 7 ਹੋਰ ਨਵੇਂ ਕੇਸ ਮੰਤਰਾਲੇ ਨੂੰ ਇਸ ਹਫ਼ਤੇ ਭੇਜੇ ਜਾਣਗੇ।
ਕੁਲ ਮਿਲਾ ਕੇ ਪਿਛਲੇ 9 ਮਹੀਨਿਆਂ ਵਿਚ ਜਿ਼ਲ੍ਹਾ ਪੁਲਿਸ ਨੇ ਨਵੀਂ ਦਿੱਲੀ ਦੀ ਸਮਰੱਥ ਅਥਾਰਟੀ ਤੋਂ ਪੁਸ਼ਟੀਕਰਣ ਦੇ ਆਦੇਸ਼ ਪਿੱਛੋਂ 51 ਪ੍ਰਮੁੱਖ ਨਸ਼ਾ ਤਸਕਰਾਂ ਦੀਆਂ 54.46 ਕਰੋੜ ਰੁਪਏ ਦੀਆਂ ਨਾਜਾਇਜ਼ ਢੰਗ ਨਾਲ ਬਣਾਈਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਗੁਪਤਾ ਨੇ ਅੱਗੇ ਕਿਹਾ ਕਿ ਅਗਲੇਰੇ ਮਾਮਲਿਆਂ ਦੀ ਸਰਗਰਮੀ ਨਾਲ ਪਛਾਣ ਕੀਤੀ ਜਾ ਰਹੀ ਹੈ ਅਤੇ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।
ਡੀਜੀਪੀ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਕਾਰਵਾਈ ਤੋਂ ਇਲਾਵਾ 13 ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਅਤੇ ਕਰਫਿਊ ਲਗਾਉਣ ਤੋਂ ਬਾਅਦ ਗੈਂਗਸਟਰਾਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿਰੁੱਧ ਜ਼ਿਲ੍ਹਾ ਪੁਲਿਸ ਵੱਲੋਂ ਜ਼ੀਰੋ ਟੌਲਰੈਂਸ ਤਰੀਕੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ।


Continue Reading
Click to comment

Leave a Reply

Your email address will not be published. Required fields are marked *