Punjab
ਕੁਲਚਿਆਂ ਬਹਾਨੇ ਬੰਦਾ ਵੇਚ ਰਿਹਾ ਸੀ ਚਾਈਨਾ ਡੋਰ, ਪੁਲਿਸ ਨੇ ਇੰਝ ਦਬੋਚਿਆ
ਪੁਲਿਸ ਵੱਲੋਂ ਚਲਾਏ ਸਰਚ ਆਪਰੇਸ਼ਨ ਦੌਰਾਨ ਇਕ ਮੁਲਜ਼ਮ ਨੂੰ ਰੰਗੇ ਹੱਥੀ ਉਦੋਂ ਕਾਬੂ ਕੀਤਾ ਗਿਆ ਜਦੋਂ ਉਹ ਕੁਲਚਿਆਂ ਦੇ ਬਹਾਨੇ ਚਾਈਨਾ ਡੋਰ ਵੇਚ ਰਿਹਾ ਸੀ। ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ ਚੌਂਕੀ ਇੰਚਾਰਜ ਅਪਰਾ ਦੇ ਸਬ ਇੰਸਪੈਕਟਰ ਸਾਹਿਬ ਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੂਨੀ ਚਾਈਨਾ ਡੋਰ ਖਿਲਾਫ ਕੀਤੇ ਸਰਚ ਆਪਰੇਸ਼ਨ ਚਲਾਇਆ ਹੋਇਆ ਸੀ ਇਸ ਦੌਰਾਨ ਮੌਕੇ ‘ਤੇ ਉਨਾਂ ਨੇ ਇੱਕ ਰਾਮੂ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ, ਜਿਸ ਦੀ ਤਲਾਸ਼ੀ ਲੈਣ ਦੌਰਾਨ ਚਾਈਨਾ ਡੋਰ ਦੇ ਦਰਜਨ ਦੇ ਕਰੀਬ ਗੱਟੂ ਬਰਾਮਦ ਕੀਤੇ ਗਏ।
ਦੱਸ ਦੇਈਏ ਕਿ ਉਕਤ ਮੁਲਜ਼ਮ ਅਪਰਾ ਵਿਖੇ ਕੁਲਚੇ ਵੇਚਣ ਦੀ ਆੜ ਚਾਈਨਾ ਡੋਰ ਵੇਚ ਕੇ ਆਪਣਾ ਗੋਰਖ ਧੰਦਾ ਚਲਾ ਰਿਹਾ ਸੀ ਅਤੇ ਮੋਟੇ ਰੁਪਏ ਕਮਾ ਰਿਹਾ ਸੀ। ਇਹ ਵੀ ਪਤਾ ਲੱਗਾ ਕਿ ਵਿਅਕਤੀ ਵਲੋਂ ਖੂਨੀ ਡੋਰ ਦੀ ਸਪਲਾਈ ਵੀ ਦਿੱਤੀ ਜਾਂਦੀ ਸੀ ਤੇ ਸਸਤੇ ਭਾਅ 150 ਰੁਪਏ ਪ੍ਰਤੀ ਗੱਟੂ ਖਰੀਦ ਕੇ 500 ਤੋਂ 700 ਰੁਪਏ ਤੱਕ ਵੇਚ ਰਿਹਾ ਸੀ, ਜਿਸ ਨੂੰ ਪੁਲਿਸ ਨੇ ਹੁਣ ਦਬੋਚਿਆ ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ
ਪਤੰਗ ਅਤੇ ਡੋਰਾ ਵੇਚਣ ਵਾਲੇ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਧਾਗਾ ਤੇ ਆਮ ਡੋਰਾਂ ਹੀ ਵੇਚ ਰਹੇ ਹਨ ਪਰ ਬੱਚਿਆਂ ਵੱਲੋਂ ਸਿਰਫ ਚਾਈਨਾ ਡੋਰ ਦੀ ਹੀ ਮੰਗ ਕੀਤੀ ਜਾ ਰਹੀ ਹੈ। ਕਿਉਂਕਿ ਚਾਈਨਾ ਡੋਰ ਬਹੁਤ ਜ਼ਿਆਦਾ ਮਜਬੂਤ ਹੈ, ਇਸ ਨੂੰ ਕੋਈ ਵੀ ਆਮ ਡੋਰ ਕੱਟ ਨਹੀਂ ਸਕਦੀ। ਇਸ ਲਈ ਬੱਚਿਆਂ ਦੀ ਇਹ ਪਹਿਲੀ ਪਸੰਦ ਬਣੀ ਹੋਈ ਹੈ ਤੇ ਆਮ ਡੋਰਾਂ ਵੇਚਣ ਵਾਲੇ ਦੁਕਾਨਦਾਰਾਂ ਦੀ ਮੰਦੀ ਚੱਲ ਰਹੀ ਹੈ। ਜਦਕਿ ਉਸਦੇ ਉਲਟਾ ਕੁਝ ਲੋਕਾਂ ਵੱਲੋਂ ਲੁਕ ਛਿਪ ਕੇ ਆਪਣੀਆਂ ਜੇਬਾਂ ਗਰਮ ਕਰਨ ਲਈ ਖੂਨੀ ਡੋਰ ਵੇਚੀ ਜਾ ਰਹੀ ਹੈ।