Punjab
ਅੱਜ ਪੰਜਾਬ-ਹਰਿਆਣਾ ਦੇ ਮੁੱਖ ਮੰਤਰੀ ਦੀ ਮੀਟਿੰਗ,SYL ਵਿਵਾਦ ‘ਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਦੇ ਸੱਦੇ ‘ਤੇ ਬੁਲਾਈ

ਸਤਲੁਜ-ਯਮੁਨਾ ਲਿੰਕ (SYL) ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣਗੇ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ ਦੋਵਾਂ ਵਿਚਾਲੇ ਵਿਚੋਲਗੀ ਦੀ ਇਹ ਬੈਠਕ ਕਰਨਗੇ। ਉਨ੍ਹਾਂ ਦੀ ਮੌਜੂਦਗੀ ‘ਚ ਦੋਵਾਂ ਮੁੱਖ ਮੰਤਰੀਆਂ ਵਿਚਾਲੇ ਇਹ ਬੈਠਕ ਅੱਜ ਬਾਅਦ ਦੁਪਹਿਰ ਦਿੱਲੀ ‘ਚ ਹੋਵੇਗੀ। ਵਿਵਾਦ ਨੂੰ ਸੁਲਝਾਉਣ ਲਈ ਵਿਚਕਾਰਲੇ ਰਸਤੇ ‘ਤੇ ਮੰਥਨ ਕੀਤਾ ਜਾਵੇਗਾ।
ਪੰਜਾਬ ਅਤੇ ਹਰਿਆਣਾ ਦਰਮਿਆਨ 42 ਸਾਲ ਪਹਿਲਾਂ 1981 ਵਿੱਚ SYL ਸਮਝੌਤਾ ਹੋਇਆ ਸੀ। ਪਰ ਜਦੋਂ ਉਸ ਅਨੁਸਾਰ ਕੰਮ ਸਮੇਂ ਸਿਰ ਨਾ ਹੋਇਆ ਤਾਂ ਦੋਵਾਂ ਰਾਜਾਂ ਵਿਚਾਲੇ ਵਿਵਾਦ ਵਧ ਗਿਆ। ਦੋਵਾਂ ਸੂਬਿਆਂ ਨੂੰ SYL ਦੇ ਮੁੱਦੇ ‘ਤੇ 19 ਜਨਵਰੀ ਨੂੰ ਅਦਾਲਤ ‘ਚ ਜਵਾਬ ਦਾਖ਼ਲ ਕਰਨਾ ਹੈ। ਇਸੇ ਲਈ ਅੱਜ ਇਹ ਵਿਚੋਲਗੀ ਮੀਟਿੰਗ ਸੱਦੀ ਗਈ ਸੀ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿਚਕਾਰ ਅਕਤੂਬਰ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਮੀਟਿੰਗ ਹੋਈ ਸੀ। ਪਰ ਭਗਵੰਤ ਮਾਨ ਨੇ ਇਹ ਕਹਿ ਕੇ ਨਹਿਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਕਿ ਪੰਜਾਬ ਵਿੱਚ ਪਾਣੀ ਸਰਪਲੱਸ ਨਹੀਂ ਹੈ।
ਪੰਜਾਬ ਵਿੱਚ 27 ਫੀਸਦੀ ਦਰਿਆਵਾਂ, ਨਾਲਿਆਂ ਅਤੇ ਨਹਿਰਾਂ ਦੀ ਵਰਤੋਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਸਿਰਫ 27 ਫੀਸਦੀ ਦਰਿਆਵਾਂ, ਨਾਲਿਆਂ ਅਤੇ ਨਹਿਰਾਂ ਦੀ ਵਰਤੋਂ ਕਰ ਰਿਹਾ ਹੈ, ਜਦਕਿ 73 ਫੀਸਦੀ ਪਾਣੀ ਧਰਤੀ ਤੋਂ ਕੱਢਿਆ ਜਾ ਰਿਹਾ ਹੈ। 1400 ਕਿਲੋਮੀਟਰ ਨਹਿਰਾਂ, ਨਦੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਮਾਨ ਨੇ SYL ਮਾਮਲੇ ਨੂੰ ਸਿਰਫ ਰਾਜਨੀਤੀ ਲਈ ਵਰਤਣ ਦੀ ਗੱਲ ਕਹੀ।