Punjab
ਖੱਡ ‘ਚ ਡਿੱਗੀ ਸਕੂਲ ਬੱਸ, ਡਰਾਈਵਰ ਸਮੇਤ 15 ਦੇ ਕਰੀਬ ਵਿਦਿਆਰਥੀ ਹੋਏ ਜ਼ਖ਼ਮੀ

ਹਰਿਆਣਾ ਦੇ ਪੰਚਕੂਲਾ ‘ਚ ਸ਼ਨੀਵਾਰ ਦੁਪਹਿਰ ਨੂੰ ਪੰਜਾਬ ਤੋਂ ਮੋਰਨੀ ਹਿਲਸ ਜਾ ਰਹੀ ਬੱਚਿਆਂ ਨਾਲ ਭਰੀ ਸਕੂਲੀ ਬੱਸ ਇੱਕ ਖੱਡ ‘ਚ ਪਲਟ ਗਈ। ਹਾਦਸੇ ਵਿੱਚ ਬੱਸ ਡਰਾਈਵਰ ਤੋਂ ਇਲਾਵਾ 10 ਤੋਂ 15 ਬੱਚੇ ਜ਼ਖ਼ਮੀ ਹੋ ਗਏ। ਬੱਚੇ ਸਕੂਲ ਦੀ ਯਾਤਰਾ ‘ਤੇ ਮੋਰਨੀ ਹਿੱਲਜ਼ ਜਾ ਰਹੇ ਸਨ।
ਇਸ ਹਾਦਸੇ ਦੌਰਾਨ ਜ਼ਖ਼ਮੀ ਹੋਏ ਸਾਰੇ ਬੱਚਿਆਂ ਨੂੰ ਮੋਰਨੀ ਦੇ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ। ਗੰਭੀਰ ਜ਼ਖਮੀ ਬੱਚਿਆਂ ਨੂੰ ਪੰਚਕੂਲਾ ਦੇ ਸੈਕਟਰ-6 ਸਥਿਤ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ।ਦੂਜੇ ਪਾਸੇ ਬੱਸ ਡਰਾਈਵਰ ਵਿਨੋਦ ਛਾਬੜਾ ਦੀਆਂ ਦੋਵੇਂ ਲੱਤਾਂ ਵਿੱਚ ਫਰੈਕਚਰ ਹੈ। ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।
ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਾਦਸਾ ਕਿਵੇਂ ਵਾਪਰਿਆ। ਪੁਲਿਸ ਟੀਮਾਂ ਜਾਂਚ ਕਰ ਰਹੀਆਂ ਹਨ। ਜ਼ਿਕਰਕਰ ਦੇਈਏ ਕਿ ਬੱਚੇ ਪੰਜਾਬ ਦੇ ਮਲੇਰਕੋਟਲਾ ਦੇ ਨਨਕਾਣਾ ਸਾਹਿਬ ਸਕੂਲ ਦੇ ਹਨ। ਟਿੱਕਰ ਤਾਲ ਰੋਡ ‘ਤੇ ਪਿੰਡ ਥੱਲ ਨੇੜੇ ਬੱਸ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ। ਡਰਾਈਵਰ ਬੱਸ ‘ਤੇ ਕਾਬੂ ਨਹੀਂ ਰੱਖ ਸਕਿਆ ਅਤੇ ਇਹ ਅਚਾਨਕ ਖੱਡ ‘ਚ ਪਲਟ ਗਈ।
ਬੱਚਿਆਂ ਦੇ ਚੀਕਣ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਸਾਰੇ ਜ਼ਖਮੀਆਂ ਨੂੰ ਪਹਿਲਾਂ ਸੜਕ ‘ਤੇ ਲਿਆਂਦਾ ਗਿਆ। ਪੁਲਿਸ ਦੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ। ਐਂਬੂਲੈਂਸ ਬੁਲਾਈ ਗਈ ਅਤੇ ਜ਼ਖਮੀ ਬੱਚਿਆਂ ਅਤੇ ਹੋਰ ਸਟਾਫ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।