Punjab
ਇੱਕ ਅਧਿਆਪਕ ਜਿਸਨੇ ਚਾਰ ਸਰਕਾਰੀ ਸਕੂਲਾਂ ਨੂੰ ਕਾਨਵੇਂਟ ਬਰਾਬਰ ਲਿਆ ਖੜ੍ਹਾ ਕੀਤਾ !
ਅੱਜ ਯਾਨੀ ਪੰਜ ਸਤੰਬਰ ਨੂੰ ਦੇਸ਼ ਭਰ ਵਿੱਚ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਅਸੀਂ ਸਾਰੇ ਅਧਿਆਪਕਾਂ ਨੂੰ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਦਾ ਭਵਿੱਖ ਸਵਾਰਨਾ ਹੈ ਅਤੇ ਨਵੀਂ ਪੀੜ੍ਹੀ ਨੂੰ ਗਿਆਨ ਪ੍ਰਦਾਨ ਕਰਨ ਦੇ ਨਾਲ ਨਾਲ ਉਨ੍ਹਾਂ ਦਾ ਚਰਿੱਤਰ ਨਿਰਮਾਣ ਵੀ ਕਰਨਾ ਹੈ। ਸਾਰੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਵਧਾਈਆਂ।ਇਸ ਦਿਵਸ ਮੌਕੇ ਅੱਜ ਇੱਕ ਐਸੇ ਅਧਿਆਪਕ ਦੀ ਗਾਥਾ ਤੁਹਾਡੇ ਰੂ ਬ ਰੂ ਕਰਾਂਗੇ ਜਿਸਨੇ ਚਾਰ ਸਰਕਾਰੀ ਸਕੂਲਾਂ ਨੂੰ ਕਾਨਵੇਂਟ ਸਕੂਲਾਂ ਨਾਲੋਂ ਬਿਹਤਰ ਬਣਾ ਦਿੱਤਾ ਹੈ। ਮਾਸਟਰ ਰਾਜਿੰਦਰ ਸਿੰਘ, ਜੋ ਕਿ ਬਠਿੰਡਾ ਦੇ ਗੋਨਿਆਨਾ ਮੰਡੀ ਨੇੜੇ ਵਸੇ ਪਿੰਡ ਕੋਠੇ ਇੰਦਰ ਸਿੰਘ ਵਾਲਾ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 2015 ਵਿੱਚ ETT ਅਧਿਆਪਕ ਵਜੋਂ ਤਾਇਨਾਤ ਹੋਏ, ਉਸ ਸਮੇਂ ਇਸ ਸਕੂਲ ਵਿੱਚ ਸਿਰਫ਼ 33 ਵਿਦਿਆਰਥੀਆਂ ਹੀ ਸਨ ਅਤੇ ਉਨ੍ਹਾਂ ਨੂੰ ਪੜ੍ਹਾਉਣ ਵਾਲੇ ਰਾਜਿੰਦਰ ਸਿੰਘ ਇਕੱਲੇ ਅਧਿਆਪਕ ਸਨ ਅਤੇ ਸਕੂਲ ਬੰਦ ਹੋਣ ਦੀ ਹਾਲਤ ਵਿੱਚ ਸੀ ਤੇ ਇਮਾਰਤ ਦੀ ਹਾਲਤ ਖਸਤਾ ਸੀ।
ਰਾਜਿੰਦਰ ਸਿੰਘ ਨੇ ਸਕੂਲ ਵਿੱਚ ਖੁਦ ਹੀ ਮਜ਼ਦੂਰ ਅਤੇ ਪੇਂਟਰ ਦਾ ਕੰਮ ਕਰਕੇ ਕਲਾਸ ਰੂਮ ਸੁੰਦਰ ਬਣਾ ਦਿੱਤੇ ਤੇ ਸਕੂਲ਼ ਦੇ ਮੈਦਾਨ ਨੂੰ ਨਵੀਂ ਦਿੱਖ ਦਿੱਤੀ। ਇਹ ਕਿਸੇ ਨੇ ਸੋਚਿਆ ਵੀ ਨਹੀਂ ਸੀ16 ਪਿੰਡਾਂ ਤੋਂ ਵਿਦਿਆਰਥੀ ਇਸ ਸਕੂਲ ਵਿੱਚ ਪੜ੍ਹਨ ਆਉਣਗੇ। ਇਸ ਸਮੇਂ ਰਾਜਿੰਦਰ ਸਿੰਘ ਦੇ ਸਕੂਲ਼ ਵਿੱਚ 16 ਪਿੰਡਾਂ ਤੋਂ ਵਿਦਿਆਰਥੀ ਪੜ੍ਹਨ ਲਈ ਆਉਂਦੇ ਹਨ ਅਤੇ ਇਸ ਸਕੂਲ ਵਿੱਚ ਦਾਖ਼ਲਾ ਲੈਣ ਲਈ ਇੱਕ ਸਾਲ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਸ਼ੁਰੂ ਵਿੱਚ ਇਸ ਸਕੂਲ਼ ਵਿੱਚ ਕੇਵਲ 33 ਵਿਦਿਆਰਥੀ ਸਨ ਤੇ ਹੁਣ ਲਗਭਗ 240–250 ਹੋ ਗਏ ਹਨ, ਜਿਸ ਨਾਲ 627% ਦਾ ਵਾਧਾ ਦਰਜ ਕੀਤਾ ਗਿਆ।
ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਵਿੱਚ ਖੜ੍ਹਾ ਕਰਨ ਲਈ ਉਹ ਆਮ ਤੌਰ ‘ਤੇ ਮੁਕਾਬਲੇ ਕਰਵਾਉਂਦੇ ਰਹੇ ਹਨ ਅਤੇ ਕੈਂਪ ਲਗਾ ਕੇ ਮਾਪਿਆਂ ਨੂੰ ਸਕੂਲ਼ ਬਾਰੇ ਜਾਣੂ ਕਰਵਾਇਆ ਜਾਂਦਾ ਰਿਹਾ ਹੈ।
ਆਪਣੀ ਵੀਹ ਸਾਲ ਦੀ ਸਰਵਿਸ ਦੌਰਾਨ ਰਾਜਿੰਦਰ ਸਿੰਘ ਨੇ ਬਠਿੰਡਾ ਜ਼ਿਲ੍ਹੇ ਦੇ ਚਾਰ ਸਕੂਲਾਂ ਦਾ ਮਿਆਰ ਕਾਨਵੇਂਟ ਸਕੂਲਾਂ ਦੇ ਬਰਾਬਰ ਕਰਕੇ ਜਿੱਥੇ ਇਲਾਕੇ ਦੇ ਲੋਕਾਂ ਅਤੇ ਸਰਕਾਰ ਤੋਂ ਵਾਹ ਵਾਹ ਖੱਟੀ ਉੱਥੇ ਕਈ ਐਵਾਰਡ ਵੀ ਹਾਸਲ ਕੀਤੇ ਹਨ। ਹੁਣ ਤੱਕ ਰਾਜਿੰਦਰ ਸਿੰਘ ਨੂੰ ਸੂਬਾ ਪੱਧਰ ਦੇ 9 ਸਨਮਾਨ ਮਿਲ ਚੁੱਕੇ ਹਨ। ਇਹ ਸਨਮਾਨ ਬਿਨਾਂ ਸਰਕਾਰੀ ਗ੍ਰਾਂਟਾਂ ਦੇ ਸਕੂਲ ਨੂੰ ਸਮਾਰਟ ਸਕੂਲ਼ ਬਣਾਉਣ, ਪੰਜਾਬ ਪੱਧਰ ‘ਤੇ ਦੋ ਵਾਰ ਦਾਖਲਾ ਰਿਕਾਰਡ ਕਾਇਮ ਕਰਨ ਕਰਕੇ , ਨੰਨ੍ਹੇ ਉਸਤਾਦ ਬਾਲ ਪ੍ਰੋਗਰਾਮ ਵਿੱਚ ਐਂਕਰਿੰਗ ਕਰਨ, ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਾਉਣ ਕਰਕੇ,ਵਿਦਿਆਰਥੀਆਂ ਨੂੰ ਪ੍ਰਾਇਮਰੀ ਤੱਕ ਇੰਗਲਿਸ਼ ਮੀਡੀਅਮ ਦੀ ਸੁਵਿੱਧਾ ਦੇਣ ਕਰਕੇ, ਛੁੱਟੀਆਂ ਵਿੱਚ ਸਮਰ ਕੈਂਪ ਲਗਾਉਣ ਲਈ ਅਤੇ ਬੱਚਿਆਂ ਨੂੰ ਸੂਬਾ ਪੱਧਰ ਦੀਆਂ ਖੇਡਾਂ ਵਿੱਚ ਭਾਗ ਦਿਵਾਉਣ ਕਰਕੇ ਦਿੱਤੇ ਗਏ ਹਨ। ਸਾਲ 2020 ਵਿੱਚ ਰਾਜਿੰਦਰ ਸਿੰਘ ਨੂੰ ਬੇਮਿਸਾਲ ਅਧਿਆਪਨ ਸੇਵਾਵਾਂ ਦੇਣ ਅਤੇ ਪੰਜਾਬ ਵਿੱਚੋਂ ਪਹਿਲਾ ਰੈਂਕ ਲਿਉਣ ਕਰਕੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਰਾਸ਼ਟਰੀ ਪੱਧਰ ‘ਤੇ, ਉਸਨੂੰ National Teachers’ Award 2024 ਮਿਲਿਆ, ਉਨ੍ਹਾਂ ਨੂੰ ਰਾਸ਼ਟਰਪਤੀ ਦੁਰੋਪਦੀ ਮੁਰਮੂ ਨੇ Teacher’s Day (5 ਸਤੰਬਰ 2024) ‘ਤੇ ਸਮਰਪਿਤ ਕੀਤਾ। ਇਸ ਤੋਂ ਇਲਾਵਾ, 2023 ਵਿੱਚ ਉਸਨੂੰ Teacher of the Year–Punjab ਐਵਾਰਡ ਮਿਲਿਆ, ਜਿਸਨੂੰ ਖਾਲਸਾ ਕਾਲਜ ਆਫ਼ ਐਜੂਕੇਸ਼ਨ, ਅੰਮ੍ਰਿਤਸਰ ਵੱਲੋਂ ਦਿੱਤਾ ਗਿਆ — ਜਿਸ ਨਾਲ ਇੱਕ ਲੱਖ ਰੁਪਏ ਦੀ ਕੈਸ਼ ਐਵਾਰਡ ਰਾਸ਼ੀ ਅਤੇ ਸਨਮਾਨ-ਪੱਤਰ ਮਿਲਿਆ।
ਇਨ੍ਹਾਂ ਸਨਮਾਨਾਂ ਨੇ ਉਸਦੇ ਦੇਸ਼ ਭਗਤੀ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕੀਤਾ ਹੈ, ਕਿਉਂਕਿ ਰਾਜਿੰਦਰ ਸਿੰਘ ਨੇ ਇਹ ਐਵਾਰਡ ਆਪਣੇ ਅਧਿਆਪਨ ਸਫ਼ਰ, ਵਿਦਿਆਰਥੀਆਂ ਨੂੰ ਮੂਲ-ਧਾਰਾ ਵਿਚ ਲਿਆਉਣ ਅਤੇ ਭਵਿੱਖੀ ਪੀੜ੍ਹੀ ਲਈ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਲਿਆ।
ਮਾਸਟਰ ਰਾਜਿੰਦਰ ਸਿੰਘ ਦੀ ਇਸ ਮਿਸਾਲ ਨੇ ਪੰਜਾਬ ਪੱਧਰ ‘ਤੇ ਸਰਕਾਰੀ ਸਕੂਲਾਂ ਲਈ ਇੱਕ ਰੋਲ ਮਾਡਲ ਤਿਆਰ ਕੀਤਾ — ਜਿੱਥੇ ਇੱਕ ਅਧਿਆਪਕ ਨੇ ਇੱਕ ਖ਼ਸਤਾ ਹਾਲਤ ਸਕੂਲ਼ ਨੂੰ ਇੱਕ ਕਾਨਵੇਂਟ ਸਕੂਲਾਂ ਦੇ ਬਰਾਬਰ ਲਿਆ ਖੜ੍ਹਾ ਕੀਤਾ ਹੈ। ਆਖਿਰ ਵਿੱਚ ਅਸੀਂ ਇਹ ਹੀ ਕਹਾਂਗੇ ਕਿ ਅਗਰ ਸਰਕਾਰੀ ਸਕੂਲਾਂ ਦੇ ਅਧਿਆਪਕ ਰਾਜਿੰਦਰ ਸਿੰਘ ਵਾਂਗ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣਾ ਫ਼ਰਜ਼ ਨਿਭਾਉਣ ਤਾਂ ਪ੍ਰਾਈਵੇਟ ਸਕੂਲਾਂ ਦੀ ਬਜਾਇ ਲੋਕ ਸਰਕਾਰੀ ਸਕੂਲਾਂ ਵਿੱਚ ਬੱਚੇ ਪੜ੍ਹਾਉਣ ਨੂੰ ਪਹਿਲ ਦੇਣਗੇ ਅਤੇ ਸਭ ਨੂੰ ਇੱਕੋ ਜਿਹੀ ਵਿੱਦਿਆ ਮਿਲਣ ਕਰਕੇ ਸੂਬੇ ਦੇ ਸਾਰੇ ਲੋਕ ਸੱਚਮੁੱਚ ਸਾਖਰ ਹੋਣਗੇ। ਸੋ ਅਧਿਆਪਕ ਵੀਰੋ ਅੱਜ ਅਧਿਆਪਕ ਦਿਵਸ ਮੌਕੇ ਪ੍ਰਣ ਕਰੋ ਕਿ ਅਸੀਂ ਵੀ ਮਾਸਟਰ ਰਾਜਿੰਦਰ ਸਿੰਘ ਵਾਂਗ ਆਪਣਾ ਫ਼ਰਜ਼ ਨਿਭਾਉਂਦਿਆਂ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਾਂਗੇ। ਇਸਦੇ ਨਾਲ ਇੱਕ ਵਾਰ ਫਿਰ ਅਧਿਆਪਕ ਦਿਵਸ ਮੌਕੇ ਸਮੂੰਹ ਅਧਿਆਪਕਾਂ ਨੂੰ ਮੁਬਾਰਕਾਂ।
ਕੁਲਵੰਤ ਸਿੰਘ ਗੱਗੜਪੁਰੀ
