Connect with us

India

ਦੁਨੀਆਂ ਨੂੰ ਕੋਰੋਨਾ ਦੇ ਕਹਿਰ ਤੋਂ ਬਚਾਉਣਗੇ ਕਿਊਬੀਅਨ ਡਾਕਟਰ, ਇਟਲੀ ’ਚ ਭੇਜੀ 52 ਡਾਕਟਰਾਂ ਦੀ ਟੀਮ

Published

on

25 ਮਾਰਚ : ਕੈਰੀਬੀਅਨ ਸਾਗਰ ’ਚ ਵਸਿਆ ਇੱਕ ਛੋਟਾ ਜਿਹਾ ਦੇਸ਼ ਕਿਊਬਾ, ਜੋ ਸੰਕਟ ਦੀ ਘੜੀ ’ਚ ਪੂਰੀ ਦੁਨੀਆਂ ਲਈ ਫਰਿਸ਼ਤਾ ਬਣ ਬਣ ਜਾਂਦਾ ਹੈ। ਹੁਣ ਇਹ ਦੇਸ਼ ਕੋਰੋਨਾਵਾਇਰਸ ਦੀ ਸਭ ਤੋਂ ਜ਼ਿਆਦਾ ਮਾਰ ਝੱਲ ਰਹੇ ਇਟਲੀ ਵਰਗੇ ਮੁਲਕ ਦੀ ਮਦਦ ਲਈ ਅੱਗੇ ਆਇਆ ਹੈ। ਇਟਲੀ, ਸਿਹਤ ਸਹੂਲਤਾਂ ਪੱਖੋਂ ਵਿਸ਼ਵ ਦੇ ਮੋਹਰੀ ਦੇਸ਼ਾਂ ’ਚੋਂ ਇੱਕ ਮੰਨਿਆ ਜਾਣ ਵਾਲਾ ਦੇਸ਼ ਹੈ, ਪਰ ਕੋਰੋਨਾਵਾਇਰਸ ਨਾਲ ਨਜਿੱਠਣ ’ਚ ਪੂਰੀ ਤਰ੍ਹਾਂ ਨਾਕਾਮ ਹੋਇਆ ਹੈ। ਇਸ ਭਿਆਨਕ ਵਾਇਰਸ ਨੇ ਫ਼ਰਵਰੀ 2020 ‘ਚ ਇਟਲੀ ‘ਚ ਦਸਤਕ ਦਿੱਤੀ ਅਤੇ 21 ਫ਼ਰਵਰੀ 2020 ਨੂੰ ਇਟਲੀ ‘ਚ ਪਹਿਲੇ ਮਰੀਜ਼ ਦੀ ਪੁਸ਼ਟੀ ਹੋਈ। ਇਟਲੀ ‘ਚ ਦਸਤਕ ਤੋਂ ਬਾਅਦ ਇਹ ਜਾਨਲੇਵਾ ਵਾਇਰਸ ਏਨੀ ਤੇਜ਼ੀ ਨਾਲ ਫੈਲਿਆ ਕਿ 25 ਮਾਰਚ ਤੱਕ ਇਥੇ 7503 ਲੋਕਾਂ ਦੀ ਮੌਤ ਹੋ ਗਈ ਅਤੇ 74,386 ਲੋਕ ਇਸ ਵਾਇਰਸ ਤੋਂ ਪੀੜਤ ਹਨ। ਇਟਲੀ ‘ਚ ਮਰਨ ਵਾਲਿਆਂ ਦਾ ਅੰਕੜਾ ਰੋਜ਼ਾਨਾ ਵਧਦਾ ਹੀ ਜਾ ਰਿਹਾ ਹੈ। ਇਟਲੀ ਵਰਗੇ ਮੁਲਕ ਤੋਂ ਜਦੋਂ ਸਥਿਤੀ ਨਹੀਂ ਸੰਭਲੀ ਤਾਂ ਉਸ ਨੇ ਕਿਊਬਾ ਤੋਂ ਮਦਦ ਮੰਗੀ। ਕਿਊਬਾ ਦੇ ਰਾਸ਼ਟਰਪਤੀ ਮਿਗੁਅਲ ਡਿਆਜ਼ ਕੈਨਲ ਨੇ ਇਸ ਦੁਖ ਦੀ ਘੜੀ ’ਚ ਇਟਲੀ ਦਾ ਦਰਦ ਸਮਝਦਿਆਂ ਤੁਰੰਤ ਹਾਮੀ ਭਰੀ ਅਤੇ ਆਪਣੀ ਸਭ ਤੋਂ ਸਮਰੱਥ 52 ਡਾਕਟਰਾਂ ਦੀ ਟੀਮ ਇਟਲੀ ਭੇਜੀ। ਇਤਿਹਾਸ ’ਚ ਇਹ ਪਹਿਲੀ ਵਾਰ ਹੈ ਜਦੋਂ ਕਿਊਬਾ ਇਟਲੀ ਦੀ ਮਦਦ ਲਈ ਅੱਗੇ ਆਇਆ ਹੋਵੇ। ਕੋਰੋਨਾਵਾਇਰਸ ਦੇ ਪ੍ਰਕੋਪ ਤੋਂ ਬਾਅਦ ਵੱਖ-ਵੱਖ ਦੇਸ਼ਾਂ ’ਚ ਭੇਜੀ ਗਈ ਕਿਊਬਾ ਦੇ ਡਾਕਟਰਾਂ ਦੀ ਇਹ ਛੇਵੀਂ ਟੀਮ ਹੈ। ਇਟਲੀ ਤੋਂ ਪਹਿਲਾਂ ਕਿਊਬਾ ਦੇ ਡਾਕਟਰ ਵੈਂਜੁਏਲਾ, ਨਿਕਾਰਾਗੁਆ, ਜਮੈਕਾ, ਸੂਰੀਨਾਮ ਅਤੇ ਗ੍ਰੇਨੇਡਾ ’ਚ ਜੀ-ਤੋੜ ਮਿਹਨਤ ਕਰ ਰਹੇ ਨੇ। ਕਿਊਬਾ ਦੇ ਇੱਕ ਆਈਸੀਯੂ ਮਾਹਿਰ ਡਾਕਟਰ ਨੇ ਕਿਹਾ ਕਿ ਅਸੀਂ ਵੀ ਡਰੇ ਹੋਏ ਹਾਂ, ਪਰ ਸੰਕਟ ਦੀ ਇਸ ਘੜੀ ’ਚ ਲੋਕਾਂ ਦੀ ਮਦਦ ਕਰਨਾ ਸਾਡਾ ਫਰਜ਼ ਹੈ। ਇਸ ਲਈ ਅਸੀਂ ਆਪਣੇ ਡਰ ਨੂੰ ਉਤਾਰ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਹਾਂ। ਡਾਕਟਰ ਨੇ ਕਿਹਾ ਕਿ ਜਿਨ੍ਹਾਂ ਨੂੰ ਡਰ ਨਹੀਂ ਲਗਦਾ ਉਹ ਸੁਪਰਹੀਰੋ ਹੁੰਦੇ ਹਨ, ਉਹ ਸੁਪਰਹੀਰੋ ਤਾਂ ਨਹੀਂ, ਕ੍ਰਾਂਤੀਕਾਰੀ ਡਾਕਟਰ ਹਨ।
ਇਹ ਮਾਮਲਾ ਸਿਰਫ ਇਟਲੀ ਤੱਕ ਹੀ ਸੀਮਿਤ ਨਹੀਂ ਹੈ। 12 ਮਾਰਚ ਨੂੰ ਬਹਾਮਾਸ ਦੇ ਨੇੜੇ ਹਜ਼ਾਰ ਯਾਤਰੀਆਂ ਨਾਲ ਲੱਦਿਆ ਇੱਕ ਬ੍ਰਿਟਿਸ਼ ਕਰੂਜ਼ ਸਮੁੰਦਰ ’ਚ ਫਸ ਗਿਆ। ਕਰੂਜ਼ ਦੇ ਵਿੱਚ ਮੌਜੂਦ 50 ਯਾਤਰੀਆਂ ਅਤੇ ਕ੍ਰੂਅ ਮੈਂਬਰਾਂ ’ਚ ਕੋਰੋਨਾਵਾਇਰਸ ਦੇ ਲੱਛਣ ਪਾਏ ਗਏ। ਜਿਸ ਬਹਾਮਾਸ ਲਈ ਇਹ ਜਹਾਜ਼ ਰਵਾਨਾ ਹੋਇਆ ਸੀ ਉਸਨੇ ਦੋ ਟੁੱਕ ਆਖ ਦਿੱਤਾ ਕਿ ਉਹ ਆਪਣੀ ਕਿਸੇ ਵੀ ਬੰਦਰਗਾਹ ’ਤੇ ਇਸ ਜਹਾਜ਼ ਨੂੰ ਨਹੀਂ ਆਉਣ ਦੇਵੇਗਾ। ਕਈ ਦੇਸ਼ਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਬ੍ਰਿਟੇਨ ਨੇ ਆਖਿਰ ਕਿਊਬਾ ਕੋਲ ਗੁਹਾਰ ਲਗਾਈ, ਜਿਸ ਨੇ ਨਾ ਸਿਰਫ ਇਸ ਜਹਾਜ਼ ਨੂੰ ਪਨਾਹ ਦਿੱਤੀ ਸਗੋਂ ਸਾਰੇ ਯਾਤਰੀਆਂ ਅਤੇ ਕ੍ਰੂਅ ਮੈਂਬਰਾਂ ਦੇ ਇਲਾਜ ਦਾ ਜ਼ਿੰਮਾ ਵੀ ਚੁੱਕਿਆ।
ਬੀਤੇ ਦਿਨੀਂ ਜਦੋਂ ਕਿਊਬਾ ਦੇ 140 ਡਾਕਟਰਾਂ ਦੀ ਟੀਮ ਜਮੈਕਾ ਪਹੁੰਚੀ ਤਾਂ ਉਥੋਂ ਦੇ ਸਿਹਤ ਮੰਤਰੀ ਨੇ ਕਿਹਾ ਕਿ ਕਿਊਬਾ ਦੀ ਸਰਕਾਰ ਅਤੇ ਉਥੋਂ ਦਾ ਆਵਾਮ ਬੇਮਿਸਾਲ ਹੈ।
ਏਨਾ ਹੀ ਨਹੀਂ, ਕਿਊਬਾ ’ਚ ਹੋਰਨਾਂ ਦੇਸ਼ਾਂ ਤੋਂ ਆਏ ਕੋਰੋਨਾ ਪੀੜਤਾਂ ਦਾ ਵੀ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ’ਚ ਕਿਊਬਾ ਸਰਕਾਰ ਜ਼ਰਾ ਵੀ ਢਿੱਲ ਨਹੀਂ ਵਰਤ ਰਹੀ ਅਤੇ ਜੋ ਵੀ ਸ਼ੱਕੀ ਮਰੀਜ ਜਾਪਦਾ ਹੈ ਉਸਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੱਡੀ ਗਿਣਤੀ ’ਚ ਲੋਕਾਂ ਨੂੰ ਘਰਾਂ ’ਚ ਇਕਾਂਤਵਾਸ ਕੀਤਾ ਗਿਆ ਹੈ।
ਦੱਸ ਦੇਈਏ ਕਿ ਕਿਊਬਾ ਖੁਦ ਵੀ ਕੋਰੋਨਾਵਾਇਰਸ ਦੇ ਕਹਿਰ ਹੇਠ ਹੈ, ਪਰ ਫਿਰ ਵੀ ਪੀੜਤ ਮੁਲਕਾਂ ਦੀ ਮਦਦ ਕਰ ਰਿਹਾ ਹੈ। ਹਾਲਾਂਕਿ ਕਿਊਬਾ ’ਚ ਇਸ ਮਹਾਮਾਰੀ ਦਾ ਪ੍ਰਭਾਵ ਬਹੁਤ ਘੱਟ ਹੈ।
ਮੈਡੀਕਲ ਦੀ ਦੁਨੀਆਂ ਵਿੱਚ ਯੋਗਦਾਨ ’ਚ ਕਿਊਬਾ ਦਾ ਕੋਈ ਮੁਕਾਬਲਾ ਨਹੀਂ ਹੈ। ਅੰਤਰਰਾਸ਼ਟਰੀ ਐਮਰਜੈਂਸੀ ਨਾਲ ਲੜਨ ਲਈ ਇਹ ਮੁਲਕ ਹਮੇਸ਼ਾਂ ਅੱਗੇ ਆਇਆ ਹੈ। ਕਿਊਬਾ ਦੀ ਇੰਟਰਫੇਰੋਨ ਅਲਫਾ ਬੀ-2 ਦਵਾਈ ਇਮਿਊਨ ਸਿਸਟਮ ਨੂੰ ਮਜ਼ਬਤ ਕਰਨ ਲਈ ਬੇਹੱਦ ਕਾਰਗਰ ਮੰਨੀ ਜਾਂਦੀ ਹੈ। ਇਸ ਤੋਂ ਪਹਿਲਾਂ ਡੇਂਗੂ ਅਤੇ ਐੱਚਆਈਵੀ ਜਿਹੀਆਂ ਗੰਭੀਰ ਬਿਮਾਰੀਆਂ ਲਈ ਵੀ ਇਸ ਦਵਾਈ ਦੀ ਵਰਤੋਂ ਵੱਡੇ ਪੱਧਰ ’ਤੇ ਹੋ ਚੁੱਕੀ ਹੈ। 1981 ’ਚ ਜਦੋਂ ਡੇਂਗੂ ਦੀ ਮਹਾਮਾਰੀ ਫੈਲੀ ਤਾਂ ਇਕੱਲੇ ਕਿਊਬਾ ਦੀ ਹੀ 3 ਲੱਖ 40 ਹਜ਼ਾਰ ਆਬਾਦੀ ਇਸ ਮਹਾਮਾਰੀ ਤੋਂ ਪੀੜਤ ਸੀ ਅਤੇ 180 ਲੋਕਾਂ ਦੀ ਮੌਤ ਹੋ ਗਈ ਸੀ। ਉਸ ਵੇਲੇ ਕਿਊਬਾ ਨੇ ਇਸੇ ਦਵਾਈ ਨਾਲ ਇਸ ਮਹਾਮਾਰੀ ’ਤੇ ਕਾਬੂ ਪਾਇਆ ਸੀ।
2014 ਤੋਂ 2016 ਤੱਕ ਜਦੋਂ ਅਫਰੀਕੀ ਦੇਸ਼ਾਂ ’ਤੇ ਇਬੋਲਾ ਵਾਇਰਸ ਨੇ ਕਹਿਰ ਢਾਹਿਆ ਸੀ ਤਾਂ ਕਿਊਬਾ ਨੇ ਪੱਛਮੀ ਅਫਰੀਕੀ ਦੇਸ਼ਾਂ ’ਚ ਆਪਣੇ ਡਾਕਟਰਾਂ ਦੀ ਪੂਰੀ ਫੌਜ ਉਤਾਰ ਦਿੱਤੀ ਸੀ। ਉਸ ਤੋਂ ਪਹਿਲਾਂ ਕਿਊਬਾ ਨੇ ਹੈਤੀ ’ਚ ਹੈਜ਼ੇ ਖ਼ਿਲਾਫ਼ ਜਿਸ ਤਰ੍ਹਾਂ ਕੰਮ ਕੀਤਾ, ਤਾਂ ਪੂਰੀ ਦੁਨੀਆਂ ਨੇ ਉਸਦੀ ਸ਼ਲਾਘਾ ਕੀਤੀ।
ਕਿਊਬਾ ਦੀਆਂ ਸਿਹਤ ਸੇਵਾਵਾਂ ਪੂਰੀ ਦੁਨੀਆਂ ਲਈ ਮਿਸਾਲ ਹਨ। ਇਸ ਮੁਲਕ ਦੇ ਸੈਂਕੜੇ-ਹਜ਼ਾਰਾਂ ਡਾਕਟਰ ਵਿਦੇਸ਼ਾਂ ’ਚ ਇਸੇ ਤਰ੍ਹਾਂ ਦੀਆਂ ਐਮਰਜੈਂਸੀ ਸਥਿਤੀਆਂ ਨਾਲ ਨਿਪਟਣ ਲਈ ਤਿਆਰ ਰਹਿੰਦੇ ਹਨ। ਸੋ, ਦੂਜੇ ਮੁਲਕਾਂ ਨੂੰ ਵੀ ਕਿਊਬਾ ਤੋਂ ਸੇਧ ਲੈ ਕੇ ਹਥਿਆਰਾਂ, ਪਰਮਾਣੂ ਬੰਬਾਂ ਅਤੇ ਮਿਜ਼ਾਈਲਾਂ ਦੀ ਬਜਾਏ ਸਿਹਤ ਦੇ ਖੇਤਰ ’ਚ ਨਿਵੇਸ਼ ਕਰਨ ਦੀ ਲੋੜ ਹੈ।