Connect with us

WORLD

ਸਮਰਾਲਾ : ਸਮਰਾਲਾ ਦੇ ਨੌਜਵਾਨ ਨੇ ਇਟਲੀ ‘ਚ ਹਾਸਿਲ ਕੀਤੀ ਵੱਡੀ ਉਪਲਬੱਧੀ

Published

on

ਸਮਰਾਲਾ 6 ਦਸੰਬਰ 2023: ਪੰਜਾਬੀਆ ਨੇ ਵਿਦੇਸ਼ਾਂ ਵਿੱਚ ਵੱਡੀ ਮਿਹਨਤ ਸਦਕਾ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ। ਇਟਲੀ ਵਿੱਚ ਵੀ ਪੰਜਾਬੀਆ ਨੇ ਵੱਡੀਆ ਮੱਲਾਂ ਮਾਰ ਲਈਆਂ ਹਨ। ਸਮਰਾਲਾ ਦੇ ਨਜਦੀਕੀ ਪਿੰਡ ਹਰਿਓਂ ਦੇ ਨੌਜਵਾਨ ਨੇ ਇਟਲੀ ਵਿੱਚ ਵੱਡੀ ਉਪਲਬੱਧੀ ਹਾਸਿਲ ਕੀਤੀ ਹੈ। ਪੰਜਾਬੀ ਨੌਜਵਾਨ ਅਰਸ਼ਪ੍ਰੀਤ ਸਿੰਘ ਭੁੱਲਰ ਨੇ ਮਿਹਨਤ ਸਦਕਾ ਇਟਲੀ ਪੁਲਿਸ ਵਿੱਚ ਭਰਤੀ ਹੋਕੇ ਭਾਈਚਾਰੇ ਦਾ ਮਾਣ ਵਧਾਇਆ ਹੈ। 26 ਸਾਲਾਂ ਅਰਸ਼ਪ੍ਰੀਤ ਸਿੰਘ ਭੁੱਲਰ ਜੋ ਕੁਝ ਸਮਾਂ ਪਹਿਲਾਂ ਕੈਨੇਡਾ ਗਿਆ, ਉੱਥੇ ਉਸਦਾ ਮਨ ਨਾ ਲੱਗਾ ਤਾਂ ਉਹ ਵਾਪਸ ਆ ਕੇ ਇਟਲੀ ਚਲਾ ਗਿਆ, ਜੋ ਅੱਜਕੱਲ ਇਟਲੀ ਦੇ ਸ਼ਹਿਰ ਮੋਦਨੇ ਵਿੱਚ ਰਹਿੰਦੇ ਹਨ।

ਪਿਤਾ ਸੁਰਿੰਦਰ ਸਿੰਘ ਭੁੱਲਰ ਅਤੇ ਮਾਤਾ ਨਰਿੰਦਰ ਕੌਰ ਨਾਲ ਰਹਿੰਦਿਆ ਅਰਸ਼ਪ੍ਰੀਤ ਸਿੰਘ ਭੁੱਲਰ ਨੇ ਇਟਲੀ ਦੇ ਪਾਰਮਾ ਇਲਾਕੇ ਵਿੱਚ ਪੁਲੀਸੀਆ ਲੋਕਾਲੇ ਵਿੱਚ ਨੌਕਰੀ ਪ੍ਰਾਪਤ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਸ਼ਦੀਪ ਦੇ ਦਾਦਾ ਹਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਉਹਨਾਂ ਦਾ ਪੋਤਾ ਪੜਾਈ ਵਿੱਚ ਹਮੇਸ਼ਾ ਹੀ ਹੁਸ਼ਿਆਰ ਰਿਹਾ ਹੈ। ਆਪਣੀ ਮਿਹਨਤ ਅਤੇ ਲਗਨ ਸਦਕਾ ਉਸਨੇ ਇਟਲੀ ਵਿੱਚ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ । ਇੱਥੇ ਇਹ ਵੀ ਦੱਸਣਯੋਗ ਹੈ ਕਿ ਅਰਸ਼ਪ੍ਰੀਤ ਸਿੰਘ ਭੁੱਲਰ ਦੀ ਮਾਤਾ ਨਰਿੰਦਰ ਕੌਰ ਪਿਛਲੇ 22 ਸਾਲਾਂ ਤੋਂ ਹਸਪਤਾਲ ਵਿੱਚ ਟਰਾਂਸਲੇਟਰ ਦੇ ਤੌਰ ਤੇ ਨੌਕਰੀ ਕਰ ਰਹੇ ਹਨ।

ਇਸ ਮੌਕੇ ਪਿੰਡ ਹਰਿਓਂ ਵਿਖੇ ਰਹਿ ਰਹੇ ਅਰਸ਼ਦੀਪ ਦੇ ਦਾਦਾ ਹਰਪਾਲ ਸਿੰਘ ਭੁੱਲਰ, ਦਾਦੀ ਗੁਰਮੀਤ ਕੌਰ ਅਤੇ ਹੋਰ ਪਰਿਵਾਰਕ ਜੀਆਂ ਨੂੰ ਹਰ ਪਾਸਿਓਂ ਮੁਬਾਰਕਾਂ ਮਿਲ ਰਹੀਆਂ ਹਨ, ਇਸ ਮੌਕੇ ਸਮੂਹ ਪਿੰਡ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੇ ਆ ਕੇ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਖੁਸ਼ੀ ਸਾਂਝੀ ਕੀਤੀ ਉਥੇ ਹੀ ਪਰਿਵਾਰ ਨੂੰ ਇਟਲੀ ਤੋਂ ਵੀ ਪੰਜਾਬੀ ਭਾਈਚਾਰੇ ਵੱਲੋਂ ਮੁਬਾਰਕਾਂ ਮਿਲ ਰਹੀਆਂ ਹਨ।