Punjab
ਸ. ਰਾਜਵਿੰਦਰ ਸਿੰਘ ਸੰਧੂ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ
ਸਿਆਸੀ, ਧਾਰਮਿਕ ਅਤੇ ਸਮਾਜਿਕ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਟ
ਪਟਿਆਲਾ: -ਵਰਲਡ ਪੰਜਾਬੀ ਟੀਵੀ ਦੇ ਚੇਅਰਮੈਨ ਸ. ਰਣਬੀਰ ਸਿੰਘ ਸੰਧੂ ਦੇ ਸਤਿਕਾਰਯੋਗ ਪਿਤਾ ਸ. ਰਾਜਵਿੰਦਰ ਸਿੰਘ ਸੰਧੂ, ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿੱਤ ਰੱਖੇ ਗਏ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਪਾਤਸ਼ਾਹੀ ਨੌਵੀਂ, ਬਹਾਦਰਗੜ੍ਹ ਵਿਖੇ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਧਾਰਮਿਕ ਸ਼ਖ਼ਸੀਅਤਾਂ, ਸਮਾਜ ਸੇਵੀਆਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਸ ਮੌਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਗਦੀਸ਼ ਸਿੰਘ ਝੀਂਡਾ ਨੇ ਸ. ਰਾਜਵਿੰਦਰ ਸਿੰਘ ਸੰਧੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਧਾਰਮਿਕ ਬਿਰਤੀ ਵਾਲੇ, ਦਿਆਲੂ ਅਤੇ ਨੇਕ ਦਿਲ ਇਨਸਾਨ ਸਨ। ਉਨ੍ਹਾਂ ਦਾ ਜੀਵਨ ਸਾਦਗੀ, ਚੰਗੇ ਸੰਸਕਾਰਾਂ ਅਤੇ ਨੇਕ ਵਿਚਾਰਾਂ ਦੀ ਮਿਸਾਲ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਸਫ਼ਲ ਜ਼ਿੰਦਗੀ ਦਾ ਅੰਦਾਜ਼ਾ ਉਸ ਵੱਲੋਂ ਆਪਣੇ ਪਰਿਵਾਰ ਨੂੰ ਦਿੱਤੇ ਸੰਸਕਾਰਾਂ ਅਤੇ ਉਸ ਦੇ ਬੱਚਿਆਂ ਵੱਲੋਂ ਸਮਾਜ ਵਿੱਚ ਬਣਾਈ ਪਛਾਣ ਤੋਂ ਲਗਾਇਆ ਜਾ ਸਕਦਾ ਹੈ। ਇਸ ਪੱਖੋਂ ਸ. ਰਾਜਵਿੰਦਰ ਸਿੰਘ ਸੰਧੂ ਦਾ ਜੀਵਨ ਪ੍ਰੇਰਨਾਦਾਇਕ ਰਿਹਾ ਹੈ।
ਸ. ਝੀਂਡਾ ਨੇ ਕਿਹਾ ਕਿ ਸ. ਰਾਜਵਿੰਦਰ ਸਿੰਘ ਸੰਧੂ ਦੇ ਸਪੁੱਤਰ ਸ. ਰਣਬੀਰ ਸਿੰਘ ਸੰਧੂ, ਸ. ਹਰਬੀਰ ਸਿੰਘ ਸੰਧੂ ਅਤੇ ਸ. ਸਤਬੀਰ ਸਿੰਘ ਸੰਧੂ ਆਪੋ-ਆਪਣੇ ਖੇਤਰਾਂ ਵਿੱਚ ਚੰਗਾ ਨਾਮਣਾ ਖੱਟ ਰਹੇ ਹਨ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਸ. ਰਣਬੀਰ ਸਿੰਘ ਸੰਧੂ ਵੱਲੋਂ ਪੱਤਰਕਾਰੀ ਅਤੇ ਮੀਡੀਆ ਦੇ ਖੇਤਰ ਵਿੱਚ ਕੌਮਾਂਤਰੀ ਪੱਧਰ ’ਤੇ ਮਾਰੀਆਂ ਮੱਲਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸ. ਰਣਬੀਰ ਸਿੰਘ ਸੰਧੂ ਵੱਲੋਂ ਵਰਲਡ ਪੰਜਾਬੀ ਟੀਵੀ ਨੂੰ ਸਫ਼ਲਤਾਪੂਰਵਕ ਚਲਾਇਆ ਜਾ ਰਿਹਾ ਹੈ। ਇਸ ਚੈਨਲ ਰਾਹੀਂ ਤਾਜ਼ਾ ਖ਼ਬਰਾਂ ਦੇ ਨਾਲ-ਨਾਲ ਇਤਿਹਾਸਕ ਗੁਰਦੁਆਰਾ ਨਾਡਾ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾਂਦਾ ਹੈ, ਜੋ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਸ਼ਲਾਘਾਯੋਗ ਉਪਰਾਲਾ ਹੈ।
ਸ. ਰਾਜਵਿੰਦਰ ਸਿੰਘ ਸੰਧੂ ਨੂੰ ਸ਼ਰਧਾਂਜਲੀ ਭੇਟ ਕਰਨ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪਰਨੀਤ ਕੌਰ, ਸਾਬਕਾ ਸੰਸਦ ਮੈਂਬਰ ਸ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ, ਹਨੀ ਸੇਖੋਂ (ਪੀ.ਏ. ਮਹਾਰਾਣੀ ਪਰਨੀਤ ਕੌਰ), ਭਾਜਪਾ ਆਗੂ ਸ. ਜਗਦੀਸ਼ ਸਿੰਘ ਜੱਗਾ, ਸਾਬਕਾ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ, ਸ. ਹਰਵਿੰਦਰ ਸਿੰਘ ਹਰਪਾਲਪੁਰ, ਜੁਝਾਰ ਬੱਸ ਦੇ ਐੱਮ.ਡੀ. ਸ. ਗੁਰਦੀਪ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸ. ਸੁਰਜੀਤ ਸਿੰਘ ਗੜ੍ਹੀ ਅਤੇ ਜਥੇਦਾਰ ਸ. ਜਸਮੇਰ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਦੇ ਓ.ਐੱਸ.ਡੀ. ਡਾ. ਪ੍ਰਭਲੀਨ ਸਿੰਘ, ਭਾਜਪਾ ਆਗੂ ਸ. ਚਰਨਜੀਤ ਸਿੰਘ ਬਰਾੜ, ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਓ.ਐੱਸ.ਡੀ. ਆਦਿਲ ਆਜ਼ਮੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੀ.ਏ. ਐੱਮ.ਪੀ. ਸਿੰਘ, ਅਕਾਲੀ ਆਗੂ ਕਾਲਾ ਨਨਹੇੜਾ, ਸੀਨੀਅਰ ਪੱਤਰਕਾਰ ਅੰਮ੍ਰਿਤਪਾਲ ਸਿੰਘ, ਪਰਵਿੰਦਰ ਟਿਵਾਣਾ, ਜਸਪਾਲ ਢਿੱਲੋਂ,ਗੁਰਨਾਮ ਅਕੀਦਾ ਪੱਤਰਕਾਰਾਂ ਅਤੇ ਵੱਡੀ ਗਿਣਤੀ ਵਿੱਚ ਪੱਤਰਕਾਰਾਂ ਸਮੇਤ ਹੋਰ ਕਈ ਸ਼ਖ਼ਸੀਅਤਾਂ ਸ਼ਾਮਲ ਸਨ। ਭਾਰਤੀ ਜਨਤਾ ਪਾਰਟੀ ਦੇ ਆਗੂ ਸਿਮਰਨਜੀਤ ਸਿੰਘ ਬਿੱਲਾ ਅਤੇ ਉੱਘੇ ਪੱਤਰਕਾਰ ਸੰਦੀਪ ਚੌਧਰੀ ਨੇ ਸ਼ੋਕ ਸੰਦੇਸ਼ ਭੇਜੇ।
ਸਮਾਗਮ ਦੇ ਅੰਤ ਵਿੱਚ ਅਦਾਰਾ ਚੜ੍ਹਦੀਕਲਾ ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ ਨੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਵਾਲੀਆਂ ਸਮੂਹ ਸੰਗਤਾਂ, ਸਿਆਸੀ ਆਗੂਆਂ, ਧਾਰਮਿਕ ਸ਼ਖ਼ਸੀਅਤਾਂ ਅਤੇ ਹੋਰ ਪਤਵੰਤਿਆਂ ਦਾ ਧੰਨਵਾਦ ਕੀਤਾ।
