Punjab
ਕਿਸਾਨ ਜੱਥੇਬੰਦੀਆ ਵੱਲੋਂ ਆਪਣੀਆਂ ਮੰਗਾਂ ਪੂਰੀਆਂ ਨਾ ਕਰਨ ਦੇ ਵਿਰੋਧ ‘ਚ ਕੱਢਿਆ ਗਿਆ ਟਰੈਕਟਰ ਮਾਰਚ
26 ਜਨਵਰੀ 2024: ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੰਜਾਬ ਦੇ ਨਾਲ ਨਾਲ ਪੂਰੇ ਭਾਰਤ ਦੇ ਵਿੱਚ ਹੀ ਟਰੈਕਟਰ ਮਾਰਚ ਕੱਢ ਕੇ ਰੋਸ਼ ਪ੍ਰਦਰਸ਼ਨ ਕੀਤੇ ਗਏ। ਉੱਥੇ ਹੀ ਫਤਿਹਗੜ੍ਹ ਸਾਹਿਬ ਵਿਖੇ ਵੀ ਕਿਸਾਨਾਂ ਜੱਥੇਬੰਦੀਆ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਅੱਜ ਉਹਨਾਂ ਦੇ ਵੱਲੋਂ 26 ਜਨਵਰੀ ਦੇ ਦਿਨ ਟਰੈਕਟਰ ਮਾਰਚ ਸਰਹੰਦ ਅਨਾਜ ਮੰਡੀ ਤੋਂ ਫਤਿਹਗੜ੍ਹ ਸਾਹਿਬ ਤੱਕ ਕੱਢਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਇਸ ਟਰੈਕਟਰ ਮਾਰਚ ਦਾ ਮੁੱਖ ਏਜੰਡਾ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਨੂੰ ਪੂਰਾ ਕਰਵਾਉਣਾ ਹੈ। ਜਿਸ ਤਰ੍ਹਾਂ ਕਿ ਸਾਰੀਆਂ ਫਸਲਾਂ ਤੇ ਐਮਐਸਪੀ ਦੇਣ, ਜੋ ਪਰਾਲੀ ਫੂਕਣ ਦੇ ਮਾਮਲੇ ਦਰਜ ਕੀਤੇ ਗਏ ਹਨ ਉਹਨਾਂ ਨੂੰ ਰੱਦ ਕਰਨਾ ਅਤੇ ਦਿੱਲੀ ਦੇ ਵਿੱਚ ਜੋ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਸਨ ਉਹਨਾਂ ਨੂੰ ਪੂਰਾ ਕਰਨਾ ਹੈ। ਜੇਕਰ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ।