Punjab
BREAKING: ਖੰਨਾ ਤੋਂ AAP ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਨੇ ਫੜਿਆ 60 ਲੱਖ ਰੁਪਏ ਦਾ ਘਪਲਾ
2 ਦਸੰਬਰ 2023: ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਖੰਨਾ ਤੋਂ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਨੇ 60 ਲੱਖ ਰੁਪਏ ਦਾ ਘਪਲਾ ਫੜਿਆ ਹੈ। ਕਾਂਗਰਸ ਨਾਲ ਸਬੰਧਤ ਬਲਾਕ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਵੀ ਇਸ ਘਪਲੇ ਦਾ ਪਰਦਾਫਾਸ਼ ਕਰਨ ‘ਚ ‘ਆਪ’ ਵਿਧਾਇਕ ਦੀ ਮਦਦ ਕੀਤੀ। ਦੋਵੇਂ ਆਗੂਆਂ ਨੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਭ੍ਰਿਸ਼ਟਾਚਾਰ ਵਿਰੁੱਧ ਜਾਲ ਵਿਛਾਇਆ, ਜਿਸ ਵਿੱਚ ਉਹ ਸਫ਼ਲ ਰਹੇ। ਵਿਧਾਇਕ ਨੇ ਇਹ ਮਾਮਲਾ ਸੀਐਮ ਭਗਵੰਤ ਮਾਨ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਤੱਕ ਪਹੁੰਚਾਇਆ। ਸਬੰਧਤ ਬੀਡੀਪੀਓ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਜਿਸਦੇ ਖਿਲਾਫ ਜਾਂਚ ਦੀ ਮੰਗ ਕੀਤੀ ਗਈ ਹੈ।
ਵਿਧਾਇਕ ਸੌਂਧ ਨੇ ਕਿਹਾ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪੰਚਾਇਤੀ ਵਿਭਾਗ ਵਿੱਚ ਸਰਕਾਰੀ ਫੰਡਾਂ ਦੀ ਦੁਰਵਰਤੋਂ ਹੋ ਰਹੀ ਹੈ। ਜਿਸ ਲਈ ਉਹ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਨੂੰ ਮਿਲੇ ਅਤੇ ਯੋਜਨਾ ਬਣਾਈ। ਵਿਧਾਇਕ ਨੇ ਦੱਸਿਆ ਕਿ ਪੰਚਾਇਤੀ ਜ਼ਮੀਨਾਂ ਲਈ ਸਲਾਨਾ ਠੇਕੇ ਦੀ ਰਕਮ ਦਾ 30 ਪ੍ਰਤੀਸ਼ਤ ਬੀਡੀਪੀਓ ਦਫ਼ਤਰ ਦੇ ਪੋਰਟਲ ਖਾਤੇ ਵਿੱਚ ਜਮ੍ਹਾਂ ਹੁੰਦਾ ਹੈ। ਇਸ ਰਕਮ ਨਾਲ ਪੰਚਾਇਤ ਸਕੱਤਰਾਂ ਦੀਆਂ ਤਨਖਾਹਾਂ ਅਤੇ ਬੀਡੀਪੀਓ ਦੀ ਸਰਕਾਰੀ ਗੱਡੀ ਦਾ ਖਰਚਾ ਚੱਲਦਾ ਹੈ। ਹੋਇਆ ਇਹ ਕਿ ਬੀਡੀਪੀਓ ਨੇ ਅਜਿਹੇ ਤਿੰਨ ਹੋਰ ਖਾਤੇ ਖੁਲ੍ਹਵਾ ਲਏ। ਇੱਕ ਅਮਲੋਹ ਅਤੇ ਦੋ ਖੰਨਾ ਵਿੱਚ ਖੁਲ੍ਹਵਾਏ ਗਏ। ਪਿੰਡ ਨਸਰਾਲੀ ਦੀ ਜ਼ਮੀਨ ਦੀ ਰਕਮ 40 ਲੱਖ ਰੁਪਏ ਅਤੇ ਬੁੱਲੇਪੁਰ ਪਿੰਡ ਦੀ 20 ਲੱਖ ਰੁਪਏ ਸੀ, ਕੁੱਲ 60 ਲੱਖ ਰੁਪਏ ਇਨ੍ਹਾਂ ਖਾਤਿਆਂ ਵਿੱਚ ਟਰਾਂਸਫਰ ਹੋਈ।