Punjab
ਵਧੀਕ ਡਿਪਟੀ ਕਮਿਸ਼ਨਰ ਨੇ ਕੇਂਦਰੀ ਜੇਲ ਦਾ ਕੀਤਾ ਨਿਰੀਖਣ
ਪਟਿਆਲਾ: ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਵੱਲੋਂ ਕੇਂਦਰੀ ਜੇਲ ਪਟਿਆਲਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਜੇਲ ਵਿਚ ਬੰਦੀਆਂ ਤੇ ਹਵਾਲਾਤੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੌਕੇ ‘ਤੇ ਹੀ ਸਬੰਧਤ ਅਧਿਕਾਰੀਆਂ ਨੂੰ ਮੁਸ਼ਕਲਾਂ ਦਾ ਹੱਲ ਕਰਨ ਲਈ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਜੇਲ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਵੀ ਹਾਜ਼ਰ ਸਨ।
ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਨੇ ਕੇਂਦਰੀ ਜੇਲ ਪਟਿਆਲਾ ਦੀ ਸੁਰੱਖਿਆ ਤੋਂ ਇਲਾਵਾ ਜੇਲ ਵਿਚ ਬੰਦੀਆਂ, ਹਵਾਲਾਤੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਸਮੀਖਿਆ ਕੀਤੀ। ਉਨ੍ਹਾਂ ਜੇਲ ਅਧਿਕਾਰੀਆਂ ਨੂੰ ਆਖਿਆ ਕਿ ਉਹ ਬੰਦੀਆਂ, ਹਵਾਲਾਤੀਆਂ ਨੂੰ ਵੱਧ ਤੋਂ ਵੱਧ ਹੱਥੀਂ ਕੰਮ ਕਰਨ ਦੀ ਟ੍ਰੇਨਿੰਗ ਦੇਣ ਤਾਂ ਜੋ ਉਹ ਰਿਹਾਅ ਹੋ ਕੇ ਆਪਣਾ ਕੋਈ ਰੋਜ਼ਗਾਰ ਸ਼ੁਰੂ ਕਰ ਸਕਣ। ਇਸ ਤੋਂ ਇਲਾਵਾ ਉਨ੍ਹਾਂ ਬੰਦੀਆਂ ਨੂੰ ਦਿੱਤੇ ਜਾਂਦੇ ਖਾਣੇ ਦਾ ਨਿਰੀਖਣ ਵੀ ਕੀਤਾ।
ਉਨ੍ਹਾਂ ਕੇਂਦਰ ਜੇਲ ‘ਚ ਬਣੇ ਹਸਪਤਾਲ ਸਮੇਤ ਵੱਖ-ਵੱਖ ਬੈਰਕਾਂ ਦਾ ਜਾਇਜ਼ਾ ਲਿਆ। ਉਨ੍ਹਾਂ ਹਸਪਤਾਲ ਦੇ ਨਿਰੀਖਣ ਦੌਰਾਨ ਮਰੀਜ਼ ਕੈਦੀਆਂ ਦਾ ਹਾਲ ਚਾਲ ਪੁੱਛਿਆ ਅਤੇ ਹਾਜ਼ਰ ਡਾਕਟਰ ਨੂੰ ਹਦਾਇਤ ਕੀਤੀ ਕਿ ਜੇਲ ਵਿਚ ਬੰਦੀਆਂ ਦੀ ਸਿਹਤ ਦਾ ਖ਼ਾਸ ਤੌਰ ‘ਤੇ ਧਿਆਨ ਰੱਖਿਆ ਜਾਵੇ ਅਤੇ ਸਮੇਂ ਸਮੇਂ ਮਰੀਜ਼ਾਂ ਦਾ ਸਿਹਤ ਜਾਂਚ ਕਰਨੀ ਯਕੀਨੀ ਬਣਾਈ ਜਾਵੇ ਅਤੇ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਦਿੱਤੀਆਂ ਜਾਣ।
ਇਸ ਮੌਕੇ ਜੇਲ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਜੇਲ ਪ੍ਰਬੰਧਾਂ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਜੇਲ ‘ਚ ਬੰਦੀਆਂ ਦੇ ਇਲਾਜ ਲਈ ਜੋ ਹਸਪਤਾਲ ਹੈ, ਉਸ ਵਿੱਚ ਚਾਰ ਡਾਕਟਰ ਤੇ ਤਿੰਨ ਫਾਰਮਾਸਿਸਟ ਹਨ ਤੇ ਰੋਜ਼ਾਨਾ 200 ਦੇ ਕਰੀਬ ਬੰਦੀਆਂ ਦੀ ਸਿਹਤ ਜਾਂਚ ਵੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜੇਲ ‘ਚ ਔਰਤ ਬੰਦੀਆਂ ਲਈ ਵੱਖਰਾ ਵਾਰਡ ਹੈ ਤੇ ਉਥੇ ਕੇਵਲ ਲੇਡੀ ਸਟਾਫ਼ ਹੀ ਡਿਊਟੀ ‘ਤੇ ਤਾਇਨਾਤ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜੇਲ ‘ਚ ਜੇਲ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਂਦੀ ਹੈ।