Connect with us

Punjab

ਵਾਧੂ ਪਟਵਾਰ ਸਰਕਲਾਂ ‘ਚ ਤੁਰੰਤ ਪ੍ਰਭਾਵ ਨਾਲ ਕੰਮ ਸ਼ੁਰੂ ਕਰਨਗੇ ਪਟਵਾਰੀ : ਵਿੱਤ ਕਮਿਸ਼ਨਰ ਮਾਲ

Published

on

ਚੰਡੀਗੜ : ਪਟਵਾਰੀਆਂ ਅਤੇ ਕਾਨੂੰਗੋਆਂ ਦਾ ਮੁੱਦਾ ਸੁਲਝਾ ਲਿਆ ਗਿਆ ਹੈ ਅਤੇ ਪਟਵਾਰੀਆਂ ਵਲੋਂ ਵਾਧੂ ਪਟਵਾਰ ਸਰਕਲਾਂ ਵਿੱਚ ਤਰੁੰਤ ਪ੍ਰਭਾਵ ਨਾਲ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਸ੍ਰੀਮਤੀ ਰਵਨੀਤ ਕੌਰ ਨੇ ਕੀਤਾ।

ਉਨਾਂ ਦੱਸਿਆ ਕਿ ਮਾਲ ਪਟਵਾਰ ਯੂਨੀਅਨ ਦੇ ਨੁਮਾਇੰਦਿਆਂ ਵਲੋਂ ਸਮੇਂ-ਸਮੇਂ ’ਤੇ  ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਮਾਲ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੰਗਾਂ ਸਬੰਧੀ ਕੀਤੀ ਮੀਟਿੰਗਾਂ ਤੋਂ ਬਾਅਦ ਅੰਤ ਵਿੱਚ ਸਹਿਮਤੀ ਬਣ ਗਈ  ਅਤੇ ਸਾਰੀਆਂ ਜਾਇਜ਼ ਮੰਗਾਂ ਮੰਨ ਲਈਆਂ ਗਈਆਂ ਹਨ।

ਇਸ ਸਬੰਧੀ ਜਾਣਕਾਰੀ  ਦਿੰਦਿਆਂ ਉਨਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਮਾਲ ਪਟਵਾਰੀਆਂ ਕਲਾਸ-3 ਸੇਵਾ ਨਿਯਮ 1966 ਮੁਤਾਬਕ ਪਟਵਾਰੀ ਉਮੀਦਵਾਰਾਂ ਨੂੰ ਢੇਡ  ਸਾਲ ਦੀ ਸਿਖਲਾਈ ਅਤੇ 3 ਸਾਲ ਪਰਖਕਾਲ ਪੂਰਾ ਕਰਨਾ ਜ਼ਰੂਰੀ ਹੈ। ਸਿਖਲਾਈ ਦੀ ਮਿਆਦ ਨੂੰ ਇੱਕ ਸਾਲ ਅਤੇ ਪਰਖ ਕਾਲ ਨੂੰ 2 ਸਾਲ ਕਰਨ ਲਈ ਨਿਯਮਾਂ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਸਿਖਲਾਈ ਅਤੇ ਪਰਖਕਾਲ ਦਾ ਕੁੱਲ ਸਮਾਂ ਸਾਢੇ ਚਾਰ (4.5 ) ਸਾਲਾਂ ਦੀ ਮੌਜੂਦਾ ਸ਼ਰਤ ਦੇ ਮੁਕਾਬਲੇ 3 ਸਾਲ ਹੋ ਜਾਵੇ। ਮੌਜੂਦਾ ਸਮੇਂ ਦੌਰਾਨ 890 ਪਟਵਾਰੀ ਪ੍ਰੋਬੇਸ਼ਨ ’ਤੇ ਕੰਮ ਕਰ ਹਨ ; ਮਾਲ ਵਿਭਾਗ ਵਲੋਂ ਪਰਖਕਾਲ ਸਮੇਂ (ਪ੍ਰੋਬੇਸ਼ਨ ਪੀਰੀਅਡ) ਨੂੰ 2 ਸਾਲ ਤੱਕ ਘਟਾਉਣ ਲਈ ਇਹ ਮਾਮਲਾ ਸਰਗਰਮੀ ਨਾਲ ਵਿੱਤ ਵਿਭਾਗ ਕੋਲ ਚੁੱਕਿਆ ਜਾਵੇਗਾ।

 ਇਹ ਵੀ ਫੈਸਲਾ ਕੀਤਾ ਗਿਆ ਕਿ ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਜਲਦ ਭਰੀਆਂ ਜਾਣਗੀਆਂ ਜਿਸ ਲਈ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਨੂੰ ਮੰਗ ਭੇਜੀ ਜਾਵੇਗੀ। 

ਇਸ ਤੋਂ ਇਲਾਵਾ, ਸਾਲ 1996 ਤੋਂ ਬਾਅਦ ਭਰਤੀ ਹੋਏ ਸਟਾਫ ਦੇ ਸੀਨੀਅਰ ਸਕੇਲ ਕੈਟਗਰਾਈਜ਼ੇਸ਼ਨ ਨੂੰ ਬੰਦ ਕਰਨ ਕਰਕੇ ਵੱਖ -ਵੱਖ ਵਿਭਾਗਾਂ ਵਿੱਚ  ਤਨਖਾਹਾਂ ਸਬੰਧੀ ਕੁਝ ਬੇਨਿਯਮੀਆਂ ਪੈਦਾ ਹੋਈਆਂ ਹਨ, ਜਿਨਾਂ ਦਾ ਮਾਲ ਪਟਵਾਰੀਆਂ ‘ਤੇ ਵੀ ਮਾੜਾ ਅਸਰ ਹੋਇਆ ਹੈ। ਇਹ ਫੈਸਲਾ ਕੀਤਾ ਗਿਆ ਕਿ ਵਿੱਤ ਵਿਭਾਗ ਵੱਲੋਂ ਇਸ ਮੁੱਦੇ ਨੂੰ ਵਿਚਾਰਨ ਅਤੇ ਸਮਾਂਬੱਧ ਢੰਗ ਨਾਲ ਆਪਣੀਆਂ ਸਿਫਾਰਸ਼ਾਂ ਪੇਸ਼ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ।

 ਇਹ ਦੱਸਿਆ ਗਿਆ  ਕਿ ਮਾਲ ਪਟਵਾਰੀਆਂ ਨੂੰ ਮੁਹੱਈਆ ਕਰਵਾਏ ਗਏ ਕੁਝ ਪਟਵਾਰੀ ਵਰਕ ਸਟੇਸ਼ਨ ਅਤੇ ਪਟਵਾਰ-ਖਾਨਿਆਂ ਵਿੱਚ ਫੌਰੀ ਮੁਰੰਮਤ ਅਤੇ ਲੋੜੀਂਦੀਆਂ ਸਹੂਲਤਾਂ ਦੀ ਘਾਟ ਸੀ। ਮਾਲ ਵਿਭਾਗ ਰੱਖ -ਰਖਾਅ ਅਤੇ ਮੁਰੰਮਤ ਅਤੇ ਸਹੂਲਤਾਂ ਦੇ ਪ੍ਰਬੰਧ ਲਈ ਮਾਲ ਪਟਵਾਰੀਆਂ ਦੇ ਇੱਕ ਨੁਮਾਇੰਦੇ ਨਾਲ ਜਿਲਾ ਪੱਧਰ ‘ਤੇ ਕਮੇਟੀਆਂ ਦੇ ਗਠਨ ਲਈ ਸਹਿਮਤ ਹੋਇਆ। ਜ਼ਿਲਾ ਪੱਧਰੀ ਕਮੇਟੀਆਂ ਇੱਕ ਮਹੀਨੇ ਦੇ ਅੰਦਰ ਆਪਣੀ ਰਿਪੋਰਟ ਮਾਲ ਵਿਭਾਗ ਨੂੰ ਸੌਂਪਣਗੀਆਂ।

ਮਾਲ ਪਟਵਾਰ ਯੂਨੀਅਨ ਦੇ ਨੁਮਾਇੰਦਿਆਂ ਨੇ ਭਰੋਸਾ ਦਿੱਤਾ ਕਿ ਵਾਧੂ ਪਟਵਾਰ ਸਰਕਲਾਂ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇਗਾ।